ADVERTISEMENT

ADVERTISEMENT

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸਮਾਗਮ

ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਕੌਮ ਨੂੰ ਵਧਾਈ ਦਿੱਤੀ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਹਜੂਰੀ ਰਾਗੀ ਭਾਈ ਭੁਪਿੰਦਰ ਸਿੰਘ ਦੇ ਜਥੇ ਨੇ ਪੁਰਾਤਨ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ। 

ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਗਿਆਨੀ ਪਰਵਿੰਦਰਪਾਲ ਸਿੰਘ ਨੇ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਉਂਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਨਾ ਕਰਕੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ। ਜੁਲਮ ਨਾਲ ਟੱਕਰ ਲੈਣ ਲਈ ਸਿੱਖਾਂ ਨੂੰ ਸ਼ਸਤਰ ਵਿਿਦਆ ਦਾ ਅਭਿਆਸ ਕਰਵਾ ਕੇ ਕੌਮ ਅੰਦਰ ਬੀਰਰੱਸ ਦੀ ਭਾਵਨਾ ਭਰੀ। ਗੁਰੂ ਸਾਹਿਬ ਨੇ ਤਖਤ ਤੇ ਬਿਰਾਜਮਾਨ ਹੋ ਕੇ ਸਿੱਖ ਸੂਰਮਿਆਂ ਵਿੱਚ ਜੋਸ਼ ਭਰਨ ਲਈ ਢਾਡੀ ਵਾਰਾਂ ਸ਼ੁਰੂ ਕਰਵਾਈਆਂ। ਇਹ ਸਿੱਖ ਇਤਿਹਾਸ ਦਾ ਉਹ ਪੰਨਾ ਹੈ, ਜਿਸ ਨੇ ਕੌਮ ਅੰਦਰ ਅਣਖ, ਜਜ਼ਬਾ ਤੇ ਦ੍ਰਿੜ੍ਹਤਾ ਪੈਦਾ ਕੀਤੀ।

ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਕੌਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਇਸ ਲਈ ਕੀਤੀ ਕਿ ਰਾਜਨੀਤੀ ਧਰਮ ਦੇ ਮੁਤਾਬਕ ਹੋਵੇ, ਜਿਸ ਨਾਲ ਰੱਬ ਦੇ ਨਿਆਂ ਵਾਲੇ ਸਮਾਜ ਦੀ ਸਿਰਜਣਾ ਹੋਵੇ। 

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖਤ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪ ਸਿਰਜਿਆ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਸਦਾ ਸਮਰਪਿਤ ਰਹੇਗਾ। 18ਵੀਂ ਸਦੀ ਵਿਚ ਜਦੋਂ ਹਕੂਮਤਾਂ ਨੇ ਸਿੱਖਾਂ ਦਾ ਖੁਰਾਖੋਜ ਮਿਟਾਉਣ ਦਾ ਐਲਾਨ ਕੀਤਾ, ਤਾਂ ਕੌਮ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਗਵਾਈ ਲੈ ਅਬਦਾਲੀ ਨੂੰ ਗਜਨੀ ਤੱਕ ਭਜਾਇਆ। 

ਇਸ ਮੌਕੇ ਉਨ੍ਹਾਂ ਸਿੱਖ ਜਵਾਨੀ ਨੂੰ ਖਾਸ ਤੌਰ ਤੇ ਅਪੀਲ ਕੀਤੀ ਕਿ ਗੁਰੂ ਨਾਲੋਂ ਤੋੜਨ ਲਈ ਸਮਾਜ ਵਿੱਚ ਲੱਚਰਤਾ ਫੈਲਾਈ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਸਾਰੇ ਆਪਣੀ ਜ਼ੁੰਮੇਵਾਰੀ ਸਮਝੀਏ ਅਤੇ ਅਜਿਹੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਬੱਚਿਆਂ ਨੂੰ ਧਰਮ ਨਾਲ ਜੋੜੀਏ। ਉਨ੍ਹਾਂ ਸਮੁੱਚੀ ਕੌਮ ਨੂੰ ਖੁਆਰੀਆਂ ਵਿਚੋਂ ਨਿਕਲਣ ਲਈ ਗੁਰੂ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਸਾਇਆ ਹੇਠ ਇਕੱਤਰ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ।

Comments

Leave A Comment

Required fields are marked (*).

Related

Talk to us?