ADVERTISEMENT

ADVERTISEMENT

ਈਰਾਨ ਤੋਂ ਬਾਅਦ ਕੀ ਹੁਣ ਕਿਊਬਾ ਹੋਵੇਗਾ ਟਰੰਪ ਦਾ ਅਗਲਾ ਨਿਸ਼ਾਨਾ?

ਟਰੰਪ ਦੇ ਇਸ ਬਿਆਨ ਨੂੰ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਅਮਰੀਕਾ ਦੇ ਅਗਲੇ ਵੱਡੇ ਰਣਨੀਤਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਈਰਾਨ ਤੋਂ ਬਾਅਦ ਕੀ ਹੁਣ ਕਿਊਬਾ ਹੋਵੇਗਾ ਟਰੰਪ ਦਾ ਅਗਲਾ ਨਿਸ਼ਾਨਾ? / REUTERS/Stringer

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਵਿਦੇਸ਼ ਨੀਤੀ ਨੂੰ ਲੈ ਕੇ ਇੱਕ ਮਹੱਤਵਪੂਰਨ ਅਤੇ ਤਿੱਖਾ ਬਿਆਨ ਦਿੱਤਾ ਹੈ। ਵ੍ਹਾਈਟ ਹਾਊਸ ਵਿੱਚ ਇੰਟਰ ਮਿਆਮੀ CF ਦੇ ਸਨਮਾਨ ਵਿੱਚ ਕਰਵਾਏ ਸਮਾਗਮ ਦੌਰਾਨ ਟਰੰਪ ਨੇ ਕਿਹਾ ਕਿ ਇਸ ਵੇਲੇ ਅਮਰੀਕਾ ਦੀ ਸਭ ਤੋਂ ਵੱਡੀ ਤਰਜੀਹ ਇਰਾਨ ਨਾਲ ਚੱਲ ਰਹੀ ਜੰਗ ਨੂੰ ਜਲਦੀ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਇਹ ਟਕਰਾਅ ਮੁੱਕਦਾ ਹੈ, ਅਮਰੀਕਾ ਦਾ ਧਿਆਨ ਤੁਰੰਤ ਕਿਊਬਾ ਵੱਲ ਕੇਂਦਰਿਤ ਕੀਤਾ ਜਾ ਸਕਦਾ ਹੈ।

ਟਰੰਪ ਦੇ ਇਸ ਬਿਆਨ ਨੂੰ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਅਮਰੀਕਾ ਦੇ ਅਗਲੇ ਵੱਡੇ ਰਣਨੀਤਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਊਬਾ ਦੀ ਰਾਜਧਾਨੀ ਹਵਾਨਾ ਹੁਣ ਵਾਸ਼ਿੰਗਟਨ ਨਾਲ ਸਮਝੌਤਾ ਕਰਨ ਲਈ ਕਾਫ਼ੀ ਉਤਸੁਕ ਦਿਖਾਈ ਦੇ ਰਹੀ ਹੈ। ਟਰੰਪ ਦੇ ਮੁਤਾਬਕ ਕਿਊਬਾ ਵਿੱਚ ਰਾਜਨੀਤਿਕ ਬਦਲਾਅ ਜਾਂ ਦੋਵੇਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਕਈ ਲੋਕ ਕਿਊਬਾ ਵਾਪਸ ਵੀ ਜਾ ਸਕਦੇ ਹਨ।

ਈਰਾਨ ਨਾਲ ਚੱਲ ਰਹੀ ਜੰਗ ਬਾਰੇ ਗੱਲ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਫੌਜ ਅਤੇ ਇਜ਼ਰਾਇਲ ਦੀ ਫੌਜ ਮਿਲ ਕੇ ਕਾਰਵਾਈ ਕਰ ਰਹੀਆਂ ਹਨ ਅਤੇ ਦੁਸ਼ਮਣ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੇ ਮੁਤਾਬਕ ਈਰਾਨ ਦੀ ਹਵਾਈ ਤਾਕਤ ਅਤੇ ਹਵਾਈ ਰੱਖਿਆ ਪ੍ਰਣਾਲੀ ਕਾਫ਼ੀ ਹੱਦ ਤੱਕ ਤਬਾਹ ਹੋ ਚੁੱਕੀ ਹੈ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਕੇਵਲ ਤਿੰਨ ਦਿਨਾਂ ਵਿੱਚ ਅਮਰੀਕਾ ਨੇ ਈਰਾਨ ਦੇ ਚੌਵੀ ਜਹਾਜ਼ ਤਬਾਹ ਕਰ ਦਿੱਤੇ ਹਨ, ਹਾਲਾਂਕਿ ਇਨ੍ਹਾਂ ਦਾਵਿਆਂ ਦੀ ਸੁਤੰਤਰ ਤੌਰ ‘ਤੇ ਤੁਰੰਤ ਪੁਸ਼ਟੀ ਨਹੀਂ ਹੋਈ।

ਈਰਾਨੀ ਸਾਸ਼ਨ ‘ਤੇ ਟਿੱਪਣੀ ਕਰਦਿਆਂ ਟਰੰਪ ਨੇ ਕਿਹਾ ਕਿ ਹੁਣ ਉਹ ਖੁਦ ਫੋਨ ਕਰਕੇ ਸਮਝੌਤੇ ਦੀ ਗੱਲ ਕਰ ਰਹੇ ਹਨ। ਟਰੰਪ ਦੇ ਅਨੁਸਾਰ ਅਮਰੀਕਾ ਹਾਲੇ ਵੀ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹੈ, ਪਰ ਜੇ ਈਰਾਨ ਦੇ ਰਾਜਨਾਇਕ ਸਹਿਯੋਗ ਕਰਦੇ ਹਨ ਤਾਂ ਉਹ ਇੱਕ ਨਵੇਂ ਅਤੇ ਬਿਹਤਰ ਈਰਾਨ ਦੇ ਨਿਰਮਾਣ ਵਿੱਚ ਭਾਗੀਦਾਰ ਬਣ ਸਕਦੇ ਹਨ। ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਕਿ ਜੇ ਟਕਰਾਅ ਜਾਰੀ ਰਿਹਾ ਤਾਂ ਨਤੀਜੇ ਗੰਭੀਰ ਹੋ ਸਕਦੇ ਹਨ।

ਰਾਸ਼ਟਰਪਤੀ ਟਰੰਪ ਨੇ ਤੇਲ ਬਾਜ਼ਾਰ ਅਤੇ ਆਰਥਿਕ ਪ੍ਰਭਾਵਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੰਗ ਦੇ ਕਾਰਨ ਕੁਝ ਸਮੇਂ ਲਈ ਅਮਰੀਕਾ ਦੀਆਂ ਘਰੇਲੂ ਤਰਜੀਹਾਂ ਪ੍ਰਭਾਵਿਤ ਹੋਈਆਂ, ਪਰ ਹੁਣ ਤੇਲ ਦੀਆਂ ਕੀਮਤਾਂ ਹੌਲੀ-ਹੌਲੀ ਸਥਿਰ ਹੋ ਰਹੀਆਂ ਹਨ। ਟਰੰਪ ਦੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਊਰਜਾ ਬਾਜ਼ਾਰ ਨੂੰ ਸੰਤੁਲਿਤ ਰੱਖਣ ਲਈ ਨਵੇਂ ਕਦਮ ਵੀ ਚੁੱਕੇ ਜਾ ਸਕਦੇ ਹਨ।


ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਇਸ ਵੇਲੇ ਅਮਰੀਕਾ ਦਾ ਪੂਰਾ ਧਿਆਨ ਈਰਾਨ ਨਾਲ ਚੱਲ ਰਹੇ ਟਕਰਾਅ ‘ਤੇ ਕੇਂਦਰਿਤ ਹੈ, ਪਰ ਟਰੰਪ ਦੇ ਬਿਆਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਜੰਗ ਖਤਮ ਹੋਣ ਤੋਂ ਬਾਅਦ ਅਮਰੀਕਾ ਦੀ ਵਿਦੇਸ਼ ਨੀਤੀ ਵਿੱਚ ਨਵਾਂ ਮੋੜ ਆ ਸਕਦਾ ਹੈ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਗਲੇ ਸਮੇਂ ਵਿੱਚ ਅਮਰੀਕਾ ਦਾ ਧਿਆਨ ਮੱਧ ਪੂਰਬ ਤੋਂ ਹਟ ਕੇ ਕੈਰੇਬੀਅਨ ਖੇਤਰ ਵੱਲ ਹੋ ਸਕਦਾ ਹੈ ਅਤੇ ਕਿਊਬਾ ਇਸ ਨਵੀਂ ਰਣਨੀਤੀ ਦਾ ਕੇਂਦਰ ਬਣ ਸਕਦਾ ਹੈ।

Comments

Related