ADVERTISEMENT

ADVERTISEMENT

ਵਿਵੇਕ ਰਾਮਾਸਵਾਮੀ ਨੇ ਓਹਾਇਓ ਚੋਣ ਮੁਹਿੰਮ ਵਿੱਚ ਊਰਜਾ ਉਤਪਾਦਨ ਅਤੇ ਟੈਕਸ ਕਟੌਤੀਆਂ 'ਤੇ ਦਿੱਤਾ ਜ਼ੋਰ

ਡ੍ਰਿਲਿੰਗ, ਫ੍ਰੈਕਿੰਗ ਅਤੇ ਪਰਮਾਣੂ ਊਰਜਾ ਦੇ ਵਿਸਥਾਰ ਨਾਲ ਊਰਜਾ ਲਾਗਤ ਘਟਾਉਣ ਅਤੇ ਨਿਵੇਸ਼ ਵਧਾਉਣ ਦਾ ਕੀਤਾ ਦਾਅਵਾ

 ਵਿਵੇਕ ਰਾਮਾਸਵਾਮੀ ਵਿਵੇਕ ਰਾਮਾਸਵਾਮੀ / ਐਕਸ/ਵਿਵੇਕ ਰਾਮਾਸਵਾਮੀ

ਓਹਾਇਓ ਦੇ ਗਵਰਨਰ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਸੂਬੇ ਦੇ ਤੇਲ ਅਤੇ ਗੈਸ ਉਦਯੋਗ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਹੈ ਕਿ ਊਰਜਾ ਉਤਪਾਦਨ ਵਿੱਚ ਵਾਧਾ ਕਰਨ ਨਾਲ ਖਪਤਕਾਰਾਂ ਦੀਆਂ ਲਾਗਤਾਂ ਘਟਣਗੀਆਂ ਅਤੇ ਸੂਬੇ ਦੀ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ।

 

ਪੂਰਬੀ ਓਹਾਇਓ ਦੇ ਐਪਲੇਚੀਅਨ ਖੇਤਰ ਵਿੱਚ ਗੁਏਰਨਸੀ ਕਾਊਂਟੀ ਦੇ ਇੱਕ ਡ੍ਰਿਲਿੰਗ ਸਥਾਨ ਦੇ ਦੌਰੇ ਦੌਰਾਨ ਰਾਮਾਸਵਾਮੀ ਨੇ ਹੌਰਿਜ਼ਾਂਟਲ ਡ੍ਰਿਲਿੰਗ ਅਤੇ ਮੀਥੇਨ ਸਮੇਤ ਹੋਰ ਗੈਸਾਂ ਨੂੰ ਇਕੱਠਾ ਕਰਕੇ ਵਪਾਰਕ ਵਰਤੋਂ ਲਈ ਵਰਤੇ ਜਾਣ ਵਾਲੇ ਤਰੀਕਿਆਂ ਦੀ ਸ਼ਲਾਘਾ ਕੀਤੀ।

 

ਰਾਮਾਸਵਾਮੀ ਨੇ ਕਿਹਾ ਕਿ ਇਹੀ ਉਹ ਤਰੀਕਾ ਹੈ ਜਿਸ ਨਾਲ ਗੈਸ ਦੀਆਂ ਕੀਮਤਾਂ ਘਟਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤੇਲ ਕੱਢਣ ਦੀ ਪ੍ਰਕਿਰਿਆ ਦੌਰਾਨ ਮੀਥੇਨ ਅਤੇ ਹੋਰ ਗੈਸੀ ਉਤਪਾਦਾਂ ਨੂੰ ਇਕੱਠਾ ਕਰਕੇ ਕੁਦਰਤੀ ਗੈਸ ਵਜੋਂ ਵਰਤਿਆ ਅਤੇ ਵੇਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਓਹਾਇਓ ਨੂੰ ਆਪਣੀਆਂ ਕੁਦਰਤੀ ਸੰਪਦਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਊਰਜਾ ਲਾਗਤ ਘਟਾਈ ਜਾ ਸਕੇ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲ ਸਕੇ।

 

ਰਾਮਾਸਵਾਮੀ ਨੇ ਕਿਹਾ, “ਊਰਜਾ ਵਿੱਚ ਮਜ਼ਬੂਤੀ ਤੋਂ ਬਿਨਾਂ ਨਿਰਮਾਣ ਖੇਤਰ ਵਿੱਚ ਮਜ਼ਬੂਤੀ ਸੰਭਵ ਨਹੀਂ। ਇਹ ਆਰਥਿਕ ਵਿਕਾਸ ਦੀ ਬੁਨਿਆਦ ਹੈ। ਇਹ ਵਾਤਾਵਰਨ ਵਿਰੋਧੀ ਨਹੀਂ, ਸਗੋਂ ਵਾਤਾਵਰਨ, ਲੋਕਾਂ ਅਤੇ ਓਹਾਇਓ ਦੇ ਹੱਕ ਵਿੱਚ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਸੂਬਾਈ ਪਾਰਕਾਂ ਨੇੜੇ ਊਰਜਾ ਉਤਪਾਦਨ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦਾ ਇੱਕ ਹਿੱਸਾ ਪਾਰਕਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਵਰਤਿਆ ਜਾਂਦਾ ਹੈ, ਜਿਸ ਨਾਲ ਕੁਦਰਤੀ ਖੇਤਰਾਂ ਦੀ ਰੱਖਿਆ ਦੇ ਨਾਲ-ਨਾਲ ਆਰਥਿਕ ਲਾਭ ਵੀ ਮਿਲਦਾ ਹੈ।

 

ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਮਾਸਵਾਮੀ ਨੇ “Drill Baby Drill” ਅਤੇ “Frack Baby Frack” ਦਾ ਨਾਅਰਾ ਦੁਹਰਾਇਆ। ਉਨ੍ਹਾਂ ਕਿਹਾ ਕਿ ਪਰਮਾਣੂ ਊਰਜਾ ਨੂੰ ਵੀ ਪੂਰੇ ਭਰੋਸੇ ਨਾਲ ਅਪਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਊਰਜਾ ਉਤਪਾਦਨ ਆਰਥਿਕ ਵਿਕਾਸ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਕਿਫਾਇਤੀ ਬਣਾਉਣ ਦਾ ਆਧਾਰ ਹੈ।

 

5 ਮਈ ਨੂੰ ਹੋਈ ਰਿਪਬਲਿਕਨ ਪ੍ਰਾਇਮਰੀ ਚੋਣ ਵਿੱਚ 82 ਫ਼ੀਸਦੀ ਵੋਟਾਂ ਹਾਸਲ ਕਰਕੇ ਜਿੱਤ ਦਰਜ ਕਰਨ ਵਾਲੇ ਰਾਮਾਸਵਾਮੀ ਹੁਣ ਡੈਮੋਕ੍ਰੈਟਿਕ ਉਮੀਦਵਾਰ ਐਮੀ ਐਕਟਨ ਦੇ ਮੁਕਾਬਲੇ ਵਿੱਚ ਹਨ। ਦੋਵੇਂ ਉਮੀਦਵਾਰ ਓਹਾਇਓ ਦੇ ਅਗਲੇ ਗਵਰਨਰ ਬਣਨ ਲਈ ਚੋਣ ਮੈਦਾਨ ਵਿੱਚ ਹਨ।

 

ਊਰਜਾ ਉਤਪਾਦਨ ਦਾ ਵਿਸਥਾਰ ਰਾਮਾਸਵਾਮੀ ਦੇ ਆਰਥਿਕ ਏਜੰਡੇ ਦਾ ਇੱਕ ਅਹਿਮ ਹਿੱਸਾ ਹੈ। ਉਨ੍ਹਾਂ ਨੇ ਅਗਲੇ 8 ਤੋਂ 10 ਸਾਲਾਂ ਵਿੱਚ ਓਹਾਇਓ ਦੇ ਸੂਬਾਈ ਆਮਦਨ ਕਰ ਨੂੰ ਪੜਾਅਵਾਰ ਖਤਮ ਕਰਨ ਦੀ ਯੋਜਨਾ ਵੀ ਪੇਸ਼ ਕੀਤੀ ਹੈ, ਜਿਸ ਦੀ ਸ਼ੁਰੂਆਤ ਪੂੰਜੀ ਲਾਭ ਕਰ ਨੂੰ ਖਤਮ ਕਰਨ ਨਾਲ ਕਰਨ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਜਾਇਦਾਦ ਕਰ ਵਿੱਚ ਕਟੌਤੀ ਕਰਨ ਅਤੇ ਡ੍ਰਿਲਿੰਗ, ਫ੍ਰੈਕਿੰਗ ਅਤੇ ਪਰਮਾਣੂ ਊਰਜਾ ਰਾਹੀਂ ਊਰਜਾ ਉਤਪਾਦਨ ਵਧਾਉਣ ਦੇ ਪ੍ਰਸਤਾਵ ਵੀ ਰੱਖੇ ਹਨ।

 

ਰਾਮਾਸਵਾਮੀ ਦਾ ਕਹਿਣਾ ਹੈ ਕਿ ਇਹ ਕਦਮ ਓਹਾਇਓ ਨੂੰ ਫਲੋਰੀਡਾ ਅਤੇ ਟੈਕਸਾਸ ਵਰਗੇ ਤੇਜ਼ੀ ਨਾਲ ਵਿਕਾਸ ਕਰ ਰਹੇ ਸੂਬਿਆਂ ਨਾਲ ਮੁਕਾਬਲਾ ਕਰਨ, ਨਿਵੇਸ਼ ਖਿੱਚਣ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਕਰਨਗੇ।

Comments

Related