ADVERTISEMENT

ADVERTISEMENT

ਹੋਰਮੁਜ਼ ਜਲਡਮਰੂਮੱਧ ਦੀ ਸੁਰੱਖਿਆ ਦੇ ਬਦਲੇ 20 ਫ਼ੀਸਦੀ ਫ਼ੀਸ ਵਸੂਲੇਗਾ ਅਮਰੀਕਾ: ਟਰੰਪ

ਕਿਹਾ- ਅਮਰੀਕਾ ਬਣੇਗਾ 'ਹੋਰਮੁਜ਼ ਜਲਡਮਰੂਮੱਧ ਦਾ ਰੱਖਿਅਕ'; ਈਰਾਨ ਅਤੇ ਉਸ ਦੇ ਗਾਹਕਾਂ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਲਈ ਰਸਤਾ ਰਹੇਗਾ ਖੁੱਲ੍ਹਾ

 ਅੰਕਾਰਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 8 ਜੁਲਾਈ, 2026 ਨੂੰ ਤੁਰਕੀ ਦੇ ਅੰਕਾਰਾ ਵਿੱਚ 2026 ਦੇ ਨਾਟੋ ਸੰਮੇਲਨ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਅੰਕਾਰਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 8 ਜੁਲਾਈ, 2026 ਨੂੰ ਤੁਰਕੀ ਦੇ ਅੰਕਾਰਾ ਵਿੱਚ 2026 ਦੇ ਨਾਟੋ ਸੰਮੇਲਨ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। / Photo: Xinhua via IANS

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਹੁਣ "ਹੋਰਮੁਜ਼ ਜਲਡਮਰੂਮੱਧ ਦਾ ਰੱਖਿਅਕ (Guardian of the Hormuz Strait)" ਬਣੇਗਾ। ਉਨ੍ਹਾਂ ਕਿਹਾ ਕਿ ਇਸ ਰਣਨੀਤਕ ਸਮੁੰਦਰੀ ਰਸਤੇ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਬਦਲੇ ਵਾਸ਼ਿੰਗਟਨ ਨੂੰ "ਭੇਜੇ ਜਾਣ ਵਾਲੇ ਸਾਰੇ ਮਾਲ 'ਤੇ 20 ਫ਼ੀਸਦੀ ਦੀ ਦਰ ਨਾਲ" ਭੁਗਤਾਨ ਕਰਨਾ ਹੋਵੇਗਾ, ਕਿਉਂਕਿ ਦੁਨੀਆ ਦੇ ਸਭ ਤੋਂ ਅਸਥਿਰ ਸਮੁੰਦਰੀ ਮਾਰਗਾਂ ਵਿੱਚੋਂ ਇੱਕ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

 

ਉਨ੍ਹਾਂ ਕਿਹਾ ਕਿ ਹੋਰਮੁਜ਼ ਜਲਡਮਰੂਮੱਧ ਖੁੱਲ੍ਹਾ ਹੈ ਅਤੇ ਈਰਾਨ ਦੇ ਨਾਲ ਜਾਂ ਉਸ ਤੋਂ ਬਿਨਾਂ ਵੀ ਖੁੱਲ੍ਹਾ ਰਹੇਗਾ। ਅਸੀਂ 'ਈਰਾਨੀ ਨਾਕਾਬੰਦੀ' ਨੂੰ ਮੁੜ ਲਾਗੂ ਕਰ ਰਹੇ ਹਾਂ, ਜਿਸ ਦਾ ਮਤਲਬ ਹੈ ਕਿ ਸਿਰਫ਼ ਈਰਾਨ ਦੇ ਜਹਾਜ਼ਾਂ ਅਤੇ ਉਸ ਦੇ ਗਾਹਕਾਂ ਨੂੰ ਆਉਣ-ਜਾਣ ਤੋਂ ਰੋਕਿਆ ਜਾਵੇਗਾ। ਬਾਕੀ ਸਾਰੇ ਦੇਸ਼ਾਂ ਨੂੰ ਜਲਡਮਰੂਮੱਧ ਦੀ ਨਿਰਪੱਖ ਅਤੇ ਖੁੱਲ੍ਹੀ ਵਰਤੋਂ ਮਿਲੇਗੀ।"

 

ਟਰੁਥ ਸੋਸ਼ਲ 'ਤੇ ਐਲਾਨ ਕਰਦਿਆਂ ਟਰੰਪ ਨੇ ਲਿਖਿਆ, "ਹੁਣ ਤੋਂ ਅਮਰੀਕਾ ਨੂੰ 'ਹੋਰਮੁਜ਼ ਜਲਡਮਰੂਮੱਧ ਦੇ ਰੱਖਿਅਕ' ਵਜੋਂ ਜਾਣਿਆ ਜਾਵੇਗਾ। ਨਿਰਪੱਖਤਾ ਦੇ ਆਧਾਰ 'ਤੇ ਇਸ ਅਸਥਿਰ ਸਮੁੰਦਰੀ ਖੇਤਰ ਵਿੱਚ ਸੁਰੱਖਿਆ ਅਤੇ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਲਈ ਹੋਣ ਵਾਲੇ ਸਾਰੇ ਖ਼ਰਚਿਆਂ ਦੇ ਬਦਲੇ ਭੇਜੇ ਜਾਣ ਵਾਲੇ ਹਰ ਮਾਲ 'ਤੇ 20 ਫ਼ੀਸਦੀ ਦੀ ਦਰ ਨਾਲ ਸਾਨੂੰ ਭੁਗਤਾਨ ਕੀਤਾ ਜਾਵੇਗਾ।"

 

ਇਸ ਤੋਂ ਕੁਝ ਘੰਟੇ ਪਹਿਲਾਂ ਫਾਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਟਰੰਪ ਨੇ ਇਸ ਐਲਾਨ ਦੀ ਝਲਕ ਦਿੰਦਿਆਂ ਕਿਹਾ ਸੀ, "ਅਸੀਂ ਜਲਡਮਰੂਮੱਧ ਦੀ ਸੁਰੱਖਿਆ ਕਰਾਂਗੇ ਅਤੇ ਸੰਭਵ ਹੈ ਕਿ ਇਸ ਦਾ ਸੰਚਾਲਨ ਵੀ ਕਰਾਂਗੇ। ਅਸੀਂ ਇਸ ਦੇ ਸਰਪ੍ਰਸਤ ਬਣਾਂਗੇ। ਹੋ ਸਕਦਾ ਹੈ ਅਸੀਂ ਆਪਣੇ ਆਪ ਨੂੰ 'ਗਾਰਡੀਅਨ ਐਂਜਲ ਆਫ਼ ਦ ਸਟ੍ਰੇਟ' ਕਹੀਏ ਅਤੇ ਇਸ ਲਈ ਸਾਨੂੰ ਭੁਗਤਾਨ ਵੀ ਮਿਲਣਾ ਚਾਹੀਦਾ ਹੈ।"

 

ਉਨ੍ਹਾਂ ਕਿਹਾ, "ਜਦੋਂ ਅਸੀਂ ਇਹ ਕਰਾਂਗੇ ਤਾਂ ਸਾਨੂੰ ਭੁਗਤਾਨ ਕੀਤਾ ਜਾਵੇਗਾ, ਕਿਉਂਕਿ ਹੋਰ ਦੇਸ਼ ਬਹੁਤ ਅਮੀਰ ਹਨ, ਉਹ ਸਾਡੇ ਨਾਲ ਹਨ ਅਤੇ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਅਸੀਂ ਇਹ ਸਭ ਕੁਝ ਮੁਫ਼ਤ ਵਿੱਚ ਕਰੀਏ।" ਟਰੰਪ ਨੇ ਦਲੀਲ ਦਿੱਤੀ ਕਿ ਵਾਸ਼ਿੰਗਟਨ ਦਹਾਕਿਆਂ ਤੋਂ ਇਸ ਰਣਨੀਤਕ ਸਮੁੰਦਰੀ ਰਸਤੇ ਵਿੱਚ ਜਹਾਜ਼ਰਾਨੀ ਦੀ ਸੁਰੱਖਿਆ ਕਰਦਾ ਆ ਰਿਹਾ ਹੈ, ਪਰ ਇਸ ਦੇ ਬਦਲੇ ਕਦੇ ਕੋਈ ਭੁਗਤਾਨ ਨਹੀਂ ਮਿਲਿਆ।

 

ਉਨ੍ਹਾਂ ਕਿਹਾ, "ਅਸੀਂ 50 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਲਡਮਰੂਮੱਧ ਦੀ ਸੁਰੱਖਿਆ ਕੀਤੀ ਹੈ ਅਤੇ ਸਾਨੂੰ ਕਦੇ ਭੁਗਤਾਨ ਨਹੀਂ ਕੀਤਾ ਗਿਆ... ਹੁਣ ਅਸੀਂ ਇਸ ਦੀ ਸੁਰੱਖਿਆ ਕਰਾਂਗੇ ਅਤੇ ਇਸ ਲਈ ਸਾਨੂੰ ਬਹੁਤ ਸਾਰਾ ਪੈਸਾ ਮਿਲੇਗਾ।"

 

ਰਾਸ਼ਟਰਪਤੀ ਨੇ ਇਹ ਵੀ ਦੋਸ਼ ਲਗਾਇਆ ਕਿ ਹਾਲੀਆ ਗੱਲਬਾਤ ਦੌਰਾਨ ਹੋਏ ਸਮਝੌਤੇ ਤੋਂ ਈਰਾਨ ਪਿੱਛੇ ਹਟ ਗਿਆ। ਉਨ੍ਹਾਂ ਕਿਹਾ, "ਜਿਸ ਗੱਲ ਦਾ ਕਿਸੇ ਨੂੰ ਪਤਾ ਨਹੀਂ, ਉਹ ਇਹ ਹੈ ਕਿ ਸਾਡਾ ਇੱਕ ਸਮਝੌਤਾ ਹੋ ਗਿਆ ਸੀ। ਸਭ ਕੁਝ ਤੈਅ ਹੋ ਚੁੱਕਾ ਸੀ, ਪਰ ਉਨ੍ਹਾਂ ਨੇ ਉਸ ਨੂੰ ਤੋੜ ਦਿੱਤਾ। ਉਹ ਹਮੇਸ਼ਾ ਸਮਝੌਤੇ ਤੋੜਦੇ ਹਨ। ਅਸੀਂ ਇਨ੍ਹਾਂ ਲੋਕਾਂ ਨਾਲ 10 ਸਮਝੌਤੇ ਕੀਤੇ ਹਨ ਅਤੇ ਹੁਣ ਅਸੀਂ ਉਨ੍ਹਾਂ 'ਤੇ ਬਹੁਤ ਸਖ਼ਤ ਕਾਰਵਾਈ ਕਰਾਂਗੇ।"

 

ਟਰੰਪ ਨੇ ਅੱਗੇ ਦਾਅਵਾ ਕੀਤਾ ਕਿ ਈਰਾਨ ਦੀ ਫ਼ੌਜੀ ਸਮਰੱਥਾ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ, "ਉਨ੍ਹਾਂ ਕੋਲ ਨਾ ਕੋਈ ਜਲ ਸੈਨਾ ਬਚੀ ਹੈ, ਨਾ ਹਵਾਈ ਫ਼ੌਜ। ਸਭ ਕੁਝ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਵੀ ਨਸ਼ਟ ਹੋ ਗਈ ਹੈ। ਉਨ੍ਹਾਂ ਦੇ ਸਾਰੇ ਆਗੂ ਮਾਰੇ ਜਾ ਚੁੱਕੇ ਹਨ।" ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਦੀ ਹਾਲੀਆ ਫ਼ੌਜੀ ਕਾਰਵਾਈ ਨੇ ਤਹਿਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕ ਦਿੱਤਾ ਹੈ।

 

ਹਾਲਾਂਕਿ ਟਰੰਪ ਦੇ ਇਸ ਨਵੇਂ ਐਲਾਨ ਵਿੱਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਪ੍ਰਸਤਾਵਿਤ 20 ਫ਼ੀਸਦੀ ਰਕਮ ਕਿਸ ਤਰੀਕੇ ਨਾਲ ਵਸੂਲ ਕੀਤੀ ਜਾਵੇਗੀ, ਕੀ ਇਹ ਹੋਰਮੁਜ਼ ਜਲਡਮਰੂਮੱਧ ਰਾਹੀਂ ਲੰਘਣ ਵਾਲੇ ਸਾਰੇ ਵਪਾਰਕ ਮਾਲ 'ਤੇ ਲਾਗੂ ਹੋਵੇਗੀ ਜਾਂ ਇਸ ਪ੍ਰਣਾਲੀ ਨੂੰ ਕਿਸ ਕਾਨੂੰਨੀ ਢਾਂਚੇ ਦੇ ਤਹਿਤ ਲਾਗੂ ਕੀਤਾ ਜਾਵੇਗਾ। ਵ੍ਹਾਈਟ ਹਾਊਸ ਵੱਲੋਂ ਵੀ ਇਸ ਦੇ ਲਾਗੂ ਕਰਨ ਸਬੰਧੀ ਕੋਈ ਵਾਧੂ ਵੇਰਵਾ ਤੁਰੰਤ ਜਾਰੀ ਨਹੀਂ ਕੀਤਾ ਗਿਆ।

Comments

Leave A Comment

Required fields are marked (*).

Related

Talk to us?