ADVERTISEMENTs

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਰਾਕ ਓਬਾਮਾ 'ਤੇ "ਦੇਸ਼ਧ੍ਰੋਹੀ ਸਾਜ਼ਿਸ਼" ਦਾ ਲਗਾਇਆ ਇਲਜ਼ਾਮ

ਓਬਾਮਾ ਦੇ ਬੁਲਾਰੇ ਪੈਟ੍ਰਿਕ ਰੋਡਨਬੁਸ਼ ਨੇ ਟਰੰਪ ਦੇ ਦੋਸ਼ਾਂ ਨੂੰ "ਬੇਹੁਦਾ" ਕਰਾਰ ਦਿੱਤਾ।

Trump Vs Obama / instagram

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 'ਤੇ 2016 ਦੇ ਚੋਣ ਨਤੀਜੇ ਨੂੰ ਪਲਟਾਉਣ ਅਤੇ ਆਪਣੇ ਅਹੁਦੇ ਨੂੰ ਬਚਾਉਣ ਲਈ ਇੱਕ “ਦੇਸ਼ਧ੍ਰੋਹੀ ਸਾਜ਼ਿਸ਼” ਦੀ ਅਗਵਾਈ ਕਰਨ ਦਾ ਦੋਸ਼ ਲਗਾਇਆ। ਟਰੰਪ ਇਹ ਗੱਲ ਉਸ ਵੇਲੇ ਕਹਿ ਰਹੇ ਸਨ ਜਦੋਂ ਉਹ ਫਿਲੀਪੀਨ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨਾਲ ਵਪਾਰ ਅਤੇ ਰੱਖਿਆ 'ਤੇ ਕੇਂਦਰਿਤ ਦੋਪੱਖੀ ਮੀਟਿੰਗ ਦੀ ਮੇਜ਼ਬਾਨੀ ਕਰ ਰਹੇ ਸਨ, ਪਰ ਮੀਟਿੰਗ ਜਲਦੀ ਹੀ ਧਮਾਕੇਦਾਰ ਰੂਪ ਧਾਰ ਗਈ।

"ਇਸ ਗਿਰੋਹ ਦਾ ਨੇਤਾ ਰਾਸ਼ਟਰਪਤੀ ਓਬਾਮਾ ਸੀ," ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ। "ਸਾਡੇ ਕੋਲ ਹੁਣ ਪੱਕੇ ਸਬੂਤ ਹਨ। ਇਹ ਗੱਦਾਰੀ ਸੀ — ਸਰਕਾਰ ਦੇ ਸਭ ਤੋਂ ਉੱਚੇ ਪੱਧਰ 'ਤੇ ਕੀਤਾ ਗਿਆ ਅਪਰਾਧ ਸੀ।"

ਇਹਨਾਂ ਦੋਸ਼ਾਂ ਨੂੰ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਤੁਲਸੀ ਗੈਬਾਰਡ ਦੁਆਰਾ ਹੋਰ ਪੱਕਿਆਂ
 ਕੀਤਾ ਗਿਆ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਨਵੇਂ ਡੀਕਲਾਸੀਫਾਈਡ ਦਸਤਾਵੇਜ਼ ਜਾਰੀ ਕੀਤੇ, ਜੋ ਓਬਾਮਾ ਪ੍ਰਸ਼ਾਸਨ ਦੁਆਰਾ ਟਰੰਪ ਦੀ 2016 ਦੀ ਚੋਣ ਜਿੱਤ ਨੂੰ ਕਮਜ਼ੋਰ ਕਰਨ ਦੇ ਇੱਕ ਤਾਲਮੇਲ ਯਤਨ ਦੇ “ਬੇਮਿਸਾਲ ਸਬੂਤ” ਦਾ ਖੁਲਾਸਾ ਕਰਦੇ ਹਨ।

ਗੈਬਾਰਡ ਅਨੁਸਾਰ, ਸ਼ੁਰੂਆਤੀ ਖੁਫੀਆ ਰਿਪੋਰਟਾਂ ਨੇ ਪਾਇਆ ਕਿ ਰੂਸ ਚੋਣ ਨਤੀਜੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਪਰ ਟਰੰਪ ਦੀ ਜਿੱਤ ਤੋਂ ਬਾਅਦ, ਓਬਾਮਾ ਦੇ ਉੱਚ ਪੱਧਰੀ ਅਧਿਕਾਰੀਆਂ — ਜਿਵੇਂ ਕਿ ਜੇਮਸ ਕਲੇਪਰ, ਜੌਨ ਬ੍ਰੈਨਨ, ਸੂਜ਼ਨ ਰਾਈਸ ਆਦਿ ਨੇ ਰਾਸ਼ਟਰਪਤੀ ਦੀ ਮੰਗ 'ਤੇ ਇੱਕ ਨਵਾਂ ਖੁਫੀਆ ਮੁਲਾਂਕਣ ਤਿਆਰ ਕਰਨ ਲਈ ਮੀਟਿੰਗ ਕੀਤੀ ਅਤੇ ਰੂਸ-ਟਰੰਪ ਮਿਲੀਭੁਗਤ ਦੀ ਕਹਾਣੀ ਨੂੰ ਸਹੀ ਸਾਬਤ ਕਰਨ ਲਈ ਸਬੂਤ ਘੜੇ ਗਏ।

ਗੈਬਾਰਡ ਨੇ ਦਾਅਵਾ ਕੀਤਾ ਕਿ ਇਹ ਰਾਜਨੀਤਿਕ ਉਦੇਸ਼ਾਂ ਨਾਲ ਬਣਾਈ ਗਈ ਖੁਫੀਆ ਰਣਨੀਤੀ ਸਾਲਾਂ ਤੱਕ ਚੱਲਣ ਵਾਲੀ ਗੜਬੜ ਦਾ ਕਾਰਨ ਬਣੀ, ਜਿਸ ਵਿੱਚ ਮੂਲਰ ਜਾਂਚ, ਟਰੰਪ ਦੇ ਮਹਾਂਦੋਸ਼ ਅਤੇ ਉਸਦੇ ਮੁਤਾਬਕ “ਇੱਕ ਸਾਲਾਂ ਲੰਬੀ ਤਖ਼ਤਾ ਪਲਟਣ ਦੀ ਕੋਸ਼ਿਸ਼” ਸ਼ਾਮਲ ਸੀ।

"ਅਸੀਂ ਅੱਜ ਜੋ ਜਾਣਕਾਰੀ ਜਾਰੀ ਕਰ ਰਹੇ ਹਾਂ, ਉਹ ਸਾਫ਼ ਦੱਸਦੀ ਹੈ ਕਿ 2016 ਵਿੱਚ ਸਰਕਾਰ ਦੇ ਸਭ ਤੋਂ ਉੱਚੇ ਪੱਧਰ ਦੇ ਅਧਿਕਾਰੀਆਂ ਵੱਲੋਂ ਇੱਕ ਗੱਦਾਰੀ ਭਰੀ ਸਾਜ਼ਿਸ਼ ਕੀਤੀ ਗਈ”, ਗੈਬਾਰਡ ਨੇ ਇੱਕ ਬਿਆਨ ਵਿੱਚ ਕਿਹਾ। "ਉਹਨਾਂ ਦਾ ਮਕਸਦ ਅਮਰੀਕੀ ਲੋਕਾਂ ਦੀ ਇੱਛਾ ਨੂੰ ਨਕਾਰਨਾ ਸੀ ਅਤੇ ਤਖ਼ਤਾ ਪਲਟਣ ਦੀ ਕੋਸ਼ਿਸ਼ ਨੂੰ ਅੰਜਾਮ ਦੇਣਾ ਸੀ।"

ਉਹਨਾਂ ਨੇ ਸੰਭਾਵਿਤ ਮੁਕੱਦਮੇ ਲਈ ਨਿਆਂ ਵਿਭਾਗ ਨੂੰ ਸਾਰੇ ਸੰਬੰਧਿਤ ਦਸਤਾਵੇਜ਼ ਪ੍ਰਦਾਨ ਕਰਨ ਦਾ ਵਾਅਦਾ ਕੀਤਾ। ਗੈਬਾਰਡ ਦੇ ਖੁਲਾਸਿਆਂ ਤੋਂ ਬਾਅਦ ਟਰੰਪ ਨੇ ਓਬਾਮਾ, ਹਿਲੇਰੀ ਕਲਿੰਟਨ ਅਤੇ ਹੋਰਾਂ 'ਤੇ ਸ਼ਬਦੀ ਹਮਲਾ ਬੋਲਿਆ, ਉਨ੍ਹਾਂ 'ਤੇ 2016 ਅਤੇ 2020 ਦੋਵਾਂ ਚੋਣਾਂ ਵਿੱਚ ਦਖਲ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਟਰੰਪ ਨੇ ਕਿਹਾ, "ਓਬਾਮਾ ਦੇ ਹੁਕਮ ਕਾਗਜ਼ਾਂ 'ਤੇ ਹਨ। ਉਸ ਦੀਆਂ ਉਂਗਲੀਆਂ ਦੇ ਨਿਸ਼ਾਨ ਹਰ ਜਗ੍ਹਾ ਹਨ। ਇਹ ਸਾਡੇ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਹੈ।"

ਉਥੇ ਹੀ ਦੂਜੇ ਪਾਸੇ, ਓਬਾਮਾ ਦੇ ਬੁਲਾਰੇ ਪੈਟ੍ਰਿਕ ਰੋਡਨਬੁਸ਼ ਨੇ ਟਰੰਪ ਦੇ ਦੋਸ਼ਾਂ ਨੂੰ "ਬੇਹੁਦਾ" ਕਰਾਰ ਦਿੱਤਾ। ਰੋਡਨਬੁਸ਼ ਨੇ ਬਿਆਨ ਵਿੱਚ ਕਿਹਾ ਰਾਸ਼ਟਰਪਤੀ ਦੇ ਅਹੁਦੇ ਦੀ ਇਜ਼ਤ ਕਰਦਿਆਂ, ਸਾਡਾ ਦਫ਼ਤਰ ਆਮ ਤੌਰ 'ਤੇ ਵ੍ਹਾਈਟ ਹਾਊਸ ਵੱਲੋਂ ਆਉਂਦੇ ਲਗਾਤਾਰ ਬੇਤੁਕੇ ਬਿਆਨਾਂ ਅਤੇ ਗਲਤ ਜਾਣਕਾਰੀ ਦਾ ਜਵਾਬ ਦੇਣਾ ਜਾਇਜ਼ ਨਹੀਂ ਸਮਝਦਾ ਪਰ ਇਹ ਦਾਅਵੇ ਇੰਨੇ ਵਧੇਰੇ ਉਲਝਣ ਭਰੇ ਅਤੇ ਗਲਤ ਹਨ ਕਿ ਉਨ੍ਹਾਂ ਦਾ ਜਵਾਬ ਦੇਣਾ ਲਾਜ਼ਮੀ ਬਣ ਜਾਂਦਾ ਹੈ। ਇਹ ਅਜੀਬੋ-ਗਰੀਬ ਦੋਸ਼ ਮੂਰਖਤਾ ਪੂਰਨ ਹਨ ਅਤੇ ਧਿਆਨ ਭਟਕਾਉਣ ਦੀ ਕੋਸ਼ਿਸ਼ ਹਨ।"

ਇਸ ਹੰਗਾਮੇ ਦੇ ਬਾਵਜੂਦ, ਰਾਸ਼ਟਰਪਤੀ ਮਾਰਕੋਸ ਨੇ ਆਪਣਾ ਧਿਆਨ ਅਮਰੀਕਾ-ਫਿਲੀਪੀਨਜ਼ ਸਬੰਧਾਂ 'ਤੇ ਰੱਖਣ ਦੀ ਕੋਸ਼ਿਸ਼ ਕੀਤੀ, ਆਪਣੇ ਦੇਸ਼ ਦੀ ਵਾਸ਼ਿੰਗਟਨ ਨਾਲ "ਅਟੁੱਟ" ਗਠਜੋੜ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਖੇਤਰੀ ਸਥਿਰਤਾ ਦੀ ਲੋੜ 'ਤੇ ਜ਼ੋਰ ਦਿੱਤਾ।

ਟਰੰਪ ਨੇ ਇਹ ਵੀ ਘੋਸ਼ਣਾ ਕੀਤੀ ਕਿ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਅਮਰੀਕੀ ਨਿਰਮਾਣ ਵਿੱਚ 50 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ — ਇੱਕ ਅਜਿਹਾ ਕਦਮ ਜਿਸਨੂੰ ਉਸਨੇ "ਮਜ਼ਬੂਤ ​​ਟੈਰਿਫ ਨੀਤੀ" ਦਾ ਨਤੀਜਾ ਦੱਸਿਆ ਅਤੇ ਸੁਝਾਅ ਦਿੱਤਾ ਕਿ ਫਿਲੀਪੀਨਜ਼ ਨਾਲ ਇੱਕ ਵਪਾਰ ਸਮਝੌਤਾ ਤਕਰੀਬਨ ਤਿਆਰ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video