ADVERTISEMENT

ADVERTISEMENT

ਈਰਾਨ ਦੇ ਖਾਰਗ ਟਾਪੂ ‘ਤੇ ਅਮਰੀਕੀ ਹਮਲਾ, ਟਰੰਪ ਨੇ ਦਿੱਤੀ ਚੇਤਾਵਨੀ

ਖਾਰਗ ਟਾਪੂ ਨੂੰ ਈਰਾਨ ਦਾ 'ਗਹਿਣਾ ਮੰਨਿਆ ਜਾਂਦਾ ਹੈ ਕਿਉਂਕਿ ਇਰਾਨ ਦਾ 90 ਫ਼ੀਸਦੀ ਕੱਚਾ ਤੇਲ ਇਸੇ ਟਾਪੂ ਰਾਹੀਂ ਦੁਨੀਆ ਭਰ ਵਿੱਚ ਨਿਰਯਾਤ ਹੁੰਦਾ ਹੈ

ਈਰਾਨ ਦੇ ਖਾਰਗ ਟਾਪੂ ‘ਤੇ ਅਮਰੀਕੀ ਹਮਲਾ / Wikipedia

ਅਮਰੀਕਾ-ਈਰਾਨ ਵਿਚਕਾਰ ਚੱਲ ਰਹੀ ਜੰਗ ਨੇ ਉਸ ਵੇਲੇ ਭਿਆਨਕ ਰੂਪ ਧਾਰ ਲਿਆ ਜਦੋਂ ਅਮਰੀਕੀ ਹਵਾਈ ਸੈਨਾ ਨੇ ਈਰਾਨ ਦੇ ਸਭ ਤੋਂ ਅਹਿਮ ਤੇਲ ਨਿਰਯਾਤ ਕੇਂਦਰ, ਖਾਰਗ ਟਾਪੂ 'ਤੇ ਵੱਡਾ ਹਮਲਾ ਕਰ ਦਿੱਤਾ। ਪੈਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਮਲਾ ਈਰਾਨੀ ਫੌਜ ਦੀ ਹਮਲਾਵਰ ਸਮਰੱਥਾ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਹੈ। ਪੈਂਟਾਗਨ ਦੇ ਬੁਲਾਰੇ ਅਨੁਸਾਰ, ਅਮਰੀਕੀ ਲੜਾਕੂ ਜਹਾਜ਼ਾਂ ਨੇ ਖਾਰਗ ਟਾਪੂ 'ਤੇ ਮੌਜੂਦ ਈਰਾਨੀ ਹਵਾਈ ਰੱਖਿਆ ਪ੍ਰਣਾਲੀ, ਰਾਡਾਰ ਸਟੇਸ਼ਨਾਂ ਅਤੇ ਫੌਜੀ ਬੈਰਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ।

ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਜਾਣਬੁੱਝ ਕੇ ਤੇਲ ਦੇ ਖੂਹਾਂ ਅਤੇ ਰਿਫਾਇਨਰੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਤਾਂ ਜੋ ਵਿਸ਼ਵ ਪੱਧਰ 'ਤੇ ਤੇਲ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ, ਪਰ ਇਹ ਇੱਕ ਸਖ਼ਤ ਚਿਤਾਵਨੀ ਹੈ ਕਿ ਅਮਰੀਕਾ ਜਦੋਂ ਚਾਹੇ ਇਨ੍ਹਾਂ ਨੂੰ ਤਬਾਹ ਕਰ ਸਕਦਾ ਹੈ। ਪੈਂਟਾਗਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਈਰਾਨ ਵਿਰੁੱਧ ਆਪਣੀ ਫੌਜੀ ਮੁਹਿੰਮ ਨੂੰ ਹੋਰ ਤੇਜ਼ ਕਰਨਗੇ ਜਦੋਂ ਤੱਕ ਈਰਾਨੀ ਖਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ।

ਇਸ ਹਮਲੇ ਤੋਂ ਬਾਅਦ ਟਰੁੱਥ ਸੋਸ਼ਲ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਹਮਲਿਆਂ 'ਚ ਖਾਰਗ ਟਾਪੂ ਦੇ ਫੌਜੀ ਢਾਂਚਿਆਂ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ "ਸ਼ਰਾਫ਼ਤ" ਦਿਖਾਉਂਦੇ ਹੋਏ ਫਿਲਹਾਲ ਟਾਪੂ 'ਤੇ ਮੌਜੂਦ ਤੇਲ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ। ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਜਾਂ ਕਿਸੇ ਹੋਰ ਦੇਸ਼ ਨੇ ਹੋਮਰੂਜ਼ ਰਾਹੀਂ ਜਹਾਜ਼ਾਂ ਦੀ ਆਵਾਜਾਈ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਤੇਲ ਟਰਮੀਨਲਾਂ ਨੂੰ ਵੀ ਤਬਾਹ ਕਰਨ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਗੇ।

ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਦੁਹਰਾਇਆ ਕਿ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੇਗਾ ਅਤੇ ਉਹ ਅਮਰੀਕਾ ਜਾਂ ਵਿਸ਼ਵ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਕਾਬਲ ਨਹੀਂ ਰਹੇਗਾ। ਟਰੰਪ ਨੇ ਈਰਾਨੀ ਫੌਜ ਨੂੰ ਸਰੰਡਰ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਈਰਾਨ ਕੋਲ ਅਮਰੀਕੀ ਹਮਲਿਆਂ ਤੋਂ ਬਚਣ ਦੀ ਕੋਈ ਸਮਰੱਥਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਰਾਨ ਕੋਲ ਹੁਣ ਬੱਸ ਸਰੰਡਰ ਕਰਨ ਦਾ ਰਾਹ ਬਚਿਆ ਹੈ, ਤਾਂ ਜੋ ਆਪਣੇ ਬਚੇ-ਖੁਚੇ ਦੇਸ਼ ਨੂੰ ਬਚਾਅ ਸਕਣ।

ਜ਼ਿਕਰਯੋਗ ਹੈ ਕਿ ਖਾਰਗ ਟਾਪੂ ਨੂੰ ਈਰਾਨ ਦਾ 'ਗਹਿਣਾ ਮੰਨਿਆ ਜਾਂਦਾ ਹੈ ਕਿਉਂਕਿ ਇਰਾਨ ਦਾ 90 ਫ਼ੀਸਦੀ ਕੱਚਾ ਤੇਲ ਇਸੇ ਟਾਪੂ ਰਾਹੀਂ ਦੁਨੀਆ ਭਰ ਵਿੱਚ ਨਿਰਯਾਤ ਹੁੰਦਾ ਹੈ। ਇਸ ਟਾਪੂ 'ਤੇ ਹੋਏ ਹਮਲੇ ਨੇ ਪੂਰੀ ਦੁਨੀਆ ਦੇ ਤੇਲ ਬਾਜ਼ਾਰ ਵਿੱਚ ਭੜਥੂ ਪਾ ਦਿੱਤਾ ਹੈ ਤੇ ਮੱਧ-ਪੂਰਬ ਵਿੱਚ ਪੂਰਨ ਜੰਗ ਦਾ ਖਤਰਾ ਵਧਾ ਦਿੱਤਾ ਹੈ। ਰੂਸ ਅਤੇ ਚੀਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ, ਜਦਕਿ ਇਜ਼ਰਾਈਲ ਨੇ ਅਮਰੀਕੀ ਕਾਰਵਾਈ ਦਾ ਸਮਰਥਨ ਕੀਤਾ ਹੈ।

Comments

Related