ADVERTISEMENT

ADVERTISEMENT

UN ਦੀ ਚੇਤਾਵਨੀ: ਏਸ਼ੀਆ–ਪੈਸਫ਼ਿਕ ‘ਚ ਖੇਤੀਬਾੜੀ ਲਈ ਸਭ ਤੋਂ ਵੱਡਾ ਖ਼ਤਰਾ ਬਣ ਰਹੀ ਅੱਤ ਦੀ ਗਰਮੀ

ESCAP ਦੀ ਰਿਪੋਰਟ ਦਰਸਾਉਂਦੀ ਹੈ ਕਿ ਵਧਦੀਆਂ ਤਾਪਮਾਨ ਲਹਿਰਾਂ- ਫ਼ਸਲਾਂ ਦੀ ਪੈਦਾਵਾਰ, ਪਸ਼ੂ–ਪਾਲਣ, ਸਿੰਚਾਈ ਪ੍ਰਣਾਲੀਆਂ ਅਤੇ ਪਿੰਡਾਂ ਦੀ ਮਜ਼ਦੂਰੀ ਉਤਪਾਦਕਤਾ ਨੂੰ ਕਮਜ਼ੋਰ ਕਰ ਰਹੀ ਹੈ

UN ਦੀ ਚੇਤਾਵਨੀ / ESCAP

ਅੱਤ ਦੀ ਗਰਮੀ ਏਸ਼ੀਆ ਅਤੇ ਪੈਸਫ਼ਿਕ ਖੇਤਰ ਵਿੱਚ ਖੇਤੀਬਾੜੀ ਲਈ ਸਭ ਤੋਂ ਭਿਆਨਕ ਜਲਵਾਯੂ ਖ਼ਤਰੇ ਵਜੋਂ ਉਭਰ ਰਹੀ ਹੈ, ਜਿਸ ਕਾਰਨ ਇਲਾਕੇ ਦੀਆਂ ਖੁਰਾਕ ਪ੍ਰਣਾਲੀਆਂ ਦਬਾਅ ਹੇਠ ਆ ਗਈਆਂ ਹਨ। ਇਹ ਚੇਤਾਵਨੀ ਸੰਯੁਕਤ ਰਾਸ਼ਟਰ ਵਲੋਂ ਜਾਰੀ ਕੀਤੇ ਏਸ਼ੀਆ–ਪੈਸਫ਼ਿਕ ਡਿਜ਼ਾਸਟਰ ਰਿਪੋਰਟ 2025: “ਰਾਈਜ਼ਿੰਗ ਹੀਟ, ਰਾਈਜ਼ਿੰਗ ਰਿਸਕ” ਵਿੱਚ ਦਿੱਤੀ ਗਈ ਹੈ।

ਯੂ.ਐਨ. ਦੀ ਐਕਨਾਮਿਕ ਐਂਡ ਸੋਸ਼ਲ ਕਮਿਸ਼ਨ ਫ਼ਾਰ ਏਸ਼ੀਆ ਐਂਡ ਦ ਪੈਸਫ਼ਿਕ (ESCAP) ਦੀ ਰਿਪੋਰਟ ਦਰਸਾਉਂਦੀ ਹੈ ਕਿ ਵਧਦੀਆਂ ਤਾਪਮਾਨ ਲਹਿਰਾਂ, ਲੰਬੇ ਸਮੇਂ ਤੱਕ ਚੱਲਣ ਵਾਲੀਆਂ ਹੀਟਵੇਵਜ਼ ਅਤੇ ਵੱਧਦੀ ਗਰਮੀ- ਖੇਤਰ ਵਿੱਚ ਫ਼ਸਲਾਂ ਦੀ ਪੈਦਾਵਾਰ, ਪਸ਼ੂ–ਪਾਲਣ, ਸਿੰਚਾਈ ਪ੍ਰਣਾਲੀਆਂ ਅਤੇ ਪਿੰਡਾਂ ਦੀ ਮਜ਼ਦੂਰੀ ਉਤਪਾਦਕਤਾ ਨੂੰ ਕਮਜ਼ੋਰ ਕਰ ਰਹੀ ਹੈ। ਸਭ ਤੋਂ ਵੱਧ ਪ੍ਰਭਾਵ ਦੱਖਣ ਅਤੇ ਦੱਖਣ-ਪੱਛਮੀ ਏਸ਼ੀਆ— ਜਿਸ ਵਿੱਚ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਸ਼ਾਮਲ ਹਨ — ‘ਤੇ ਪੈ ਰਿਹਾ ਹੈ।

2024 ਨੂੰ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਘੋਸ਼ਿਤ ਕੀਤਾ ਗਿਆ। ਇਸ ਦੌਰਾਨ ਏਸ਼ੀਆ ਦੇ ਖੇਤੀਬਾੜੀ ਕੇਂਦਰਾਂ ਨੂੰ ਕੜੀ ਗਰਮੀ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ ਵਿੱਚ 3.3 ਕਰੋੜ ਲੋਕ ਗਰਮੀ ਦੀ ਲਹਿਰ ਤੋਂ ਪ੍ਰਭਾਵਿਤ ਹੋਏ, ਜਦੋਂ ਕਿ ਭਾਰਤ ਵਿੱਚ ਲਗਭਗ 700 ਗਰਮੀ-ਸੰਬੰਧੀ ਮੌਤਾਂ ਦਰਜ ਕੀਤੀਆਂ ਗਈਆਂ ਜੋ ਕਿਸਾਨਾਂ ਅਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਵਿੱਚ ਵਧ ਰਹੀ ਜਲਵਾਯੂ-ਸਬੰਧਤ ਕਮਜ਼ੋਰੀ ਦਾ ਸੰਕੇਤ ਹੈ। ESCAP ਦੇ ਅਨੁਸਾਰ, ਅੱਤ ਦੀ ਗਰਮੀ ਕਾਰਨ 2100 ਤੱਕ ਕੁਝ ਇਲਾਕੇ ਲਗਭਗ ਸਥਾਈ ਉੱਚ-ਗਰਮੀ ਵਾਲੇ ਖੇਤਰ ਬਣ ਸਕਦੇ ਹਨ, ਜਿਸ ਨਾਲ ਖੇਤੀ ਘੰਟੇ ਘਟਣਗੇ, ਖੜ੍ਹੀਆਂ ਫ਼ਸਲਾਂ ਸੜਣਗੀਆਂ ਅਤੇ ਮਿੱਟੀ ਦੀ ਗੁਣਵੱਤਾ ਘਟੇਗੀ।

ਅਰਬਾਂ ਲੋਕਾਂ ਦੀਆਂ ਮੁੱਖ ਖੁਰਾਕਾਂ- ਕਣਕ, ਚੌਲ, ਮੱਕੀ ਤੇ ਦਾਲਾਂ- ਦੱਖਣੀ ਏਸ਼ੀਆ ਵਿੱਚ ਗਰਮੀ ਕਾਰਨ ਬੇਹੱਦ ਪ੍ਰਭਾਵਿਤ ਹੋ ਰਹੀਆਂ ਹਨ। ਫ਼ਸਲਾਂ ਦੇ ਫੁੱਲ ਆਉਣ ਅਤੇ ਦਾਣੇ ਬਣਨ ਵਾਲੇ ਸਮੇਂ ‘ਚ ਤਾਪਮਾਨ ਸੀਮਾ ਤੋਂ ਉੱਪਰ ਜਾ ਚੁੱਕਾ ਹੈ, ਜਿਸ ਨਾਲ ਪੈਦਾਵਾਰ ਤੇਜ਼ੀ ਨਾਲ ਘਟਦੀ ਹੈ। ਰਿਪੋਰਟ ਦੱਸਦੀ ਹੈ ਕਿ ਇਹ ਖ਼ਤਰੇ ਹੋਰ ਵੀ ਤੇਜ਼ੀ ਨਾਲ ਵਧਣਗੇ, ਖਾਸ ਕਰਕੇ ਭਾਰਤ ਦੇ ਇੰਡੋ–ਗੇਂਗੇਟਿਕ ਮੈਦਾਨ, ਪਾਕਿਸਤਾਨ ਦੇ ਸਿੰਧ ਅਤੇ ਪੰਜਾਬ, ਬੰਗਲਾਦੇਸ਼ ਦੇ ਡੈਲਟਾ ਖੇਤਰ ਵਿਚ, ਜਿੱਥੇ ਤਾਪਮਾਨ ਵਿਸ਼ਵ ਔਸਤ ਨਾਲੋਂ ਜ਼ਿਆਦਾ ਰਫ਼ਤਾਰ ਨਾਲ ਵੱਧ ਰਿਹਾ ਹੈ।

ਗਰਮੀ ਕਾਰਨ ਫ਼ਸਲਾਂ ਜਲਦੀ ਪੱਕਣ ਲੱਗਦੀਆਂ ਹਨ, ਜਿਸ ਨਾਲ ਦਾਣੇ ਦੀ ਗੁਣਵੱਤਾ ਅਤੇ ਕੁੱਲ ਪੈਦਾਵਾਰ ਘਟਦੀ ਹੈ — ਇਹ ਰੁਝਾਨ ਦੱਖਣੀ ਏਸ਼ੀਆ ਦੀਆਂ ਹਾਲੀਆ ਕਣਕ ਅਤੇ ਚੌਲ ਦੀ ਕਟਾਈ ਵਿੱਚ ਦੇਖਿਆ ਜਾ ਚੁੱਕਾ ਹੈ। ਪਾਣੀ ‘ਤੇ ਨਿਰਭਰ ਫ਼ਸਲਾਂ — ਜਿਵੇਂ ਗੰਨਾ ਅਤੇ ਕਪਾਹ — ਹੋਰ ਵੀ ਜੋਖਮ ਵਿੱਚ ਹਨ। ਪਸ਼ੂ–ਪਾਲਣ ਵਿੱਚ ਗਰਮੀ ਇੱਕ “ਖਾਮੋਸ਼ ਸੰਕਟ” ਵਜੋਂ ਉੱਭਰ ਰਿਹਾ ਹੈ। ਗਰਮੀ ਕਾਰਨ ਦੁੱਧ ਦਾ ਉਤਪਾਦਨ ਘਟਦਾ ਹੈ, ਪ੍ਰਜਨਨ ਸਮਰਥਾ ਘਟਦੀ ਹੈ ਅਤੇ ਮੌਤ ਦਰ ਵਧਦੀ ਹੈ। ਭਾਰਤ ਜੋ ਦੁਨੀਆ ਦੇ ਸਭ ਤੋਂ ਵੱਡੇ ਡੇਅਰੀ ਉਤਪਾਦਕਾਂ ਵਿੱਚੋਂ ਇੱਕ ਹੈ- ਮੁੱਖ ਖ਼ਾਸ ਤੌਰ ‘ਤੇ ਇਸਦਾ ਸਾਹਮਣਾ ਕਰ ਰਿਹਾ ਹੈ। ਪਿੰਡਾਂ ਵਿੱਚ ਮਜ਼ਦੂਰੀ ਦੀ ਉਤਪਾਦਕਤਾ ਪਹਿਲਾਂ ਹੀ ਘਟ ਰਹੀ ਹੈ। 1995 ਅਤੇ 2030 ਦੇ ਵਿਚਕਾਰ ਗਰਮੀ ਦੇ ਤਣਾਅ ਕਾਰਨ ਕੰਮ ਦੇ ਘੰਟਿਆਂ ਦਾ ਨੁਕਸਾਨ ਦੁੱਗਣਾ ਹੋਣ ਦਾ ਅਨੁਮਾਨ ਹੈ। ਇਹ ਉਹਨਾਂ ਅਰਥਵਿਵਸਥਾਵਾਂ ਲਈ ਇੱਕ ਵੱਡਾ ਝਟਕਾ ਹੈ ਜੋ ਖੇਤੀਬਾੜੀ ਲਈ ਅਜੇ ਵੀ ਸਸਤੇ ਬਾਹਰੀ ਮਜ਼ਦੂਰਾਂ ‘ਤੇ ਨਿਰਭਰ ਹਨ।

ESCAP ਨੇ ਚੇਤਾਵਨੀ ਦਿੱਤੀ ਹੈ ਕਿ ਸਿੰਚਾਈ ਨਹਿਰਾਂ, ਬਾਂਧ, ਕੋਲਡ-ਸਟੋਰੇਜ ਯੂਨਿਟਾਂ ਅਤੇ ਪਿੰਡਾਂ ਦੀ ਬਿਜਲੀ ਪ੍ਰਣਾਲੀ ‘ਤੇ 40°C ਤੋਂ 45°C ਤੱਕ ਦੇ ਤਾਪਮਾਨ ਭਾਰੀ ਅਸਰ ਪਾ ਰਹੇ ਹਨ। ਗਰਮੀ ਕਾਰਨ ਬਿਜਲੀ ਪ੍ਰਣਾਲੀ ‘ਤੇ ਦਬਾਅ ਵਧਣ ਨਾਲ ਬਿਜਲੀ ਕੱਟਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਸਿੰਚਾਈ ਵਿੱਚ ਰੁਕਾਵਟ, ਫੂਡ ਸਟੋਰੇਜ ਵਿੱਚ ਕਮੀ ਅਤੇ ਖੁਰਾਕ ਸਪਲਾਈ ਚੇਨ ਵਿਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ। ਹਿਮਾਲਿਆ ਖੇਤਰਾਂ ‘ਚ ਜਿਵੇਂ–ਜਿਵੇਂ ਬਰਫ਼ ਪਿਘਲਣ ਦੀ ਗਤੀ ਵਧੇਗੀ, ਭਾਰਤ, ਨੇਪਾਲ ਅਤੇ ਪਾਕਿਸਤਾਨ ਦੇ ਨਦੀਆਂ-ਆਧਾਰਿਤ ਖੇਤੀ-ਖੇਤਰਾਂ ਲਈ ਪਾਣੀ ਦੀ ਨਿਰੰਤਰਤਾ ਖੋਹ ਜਾਣ ਦਾ ਜੋਖਿਮ ਵਧ ਜਾਵੇਗਾ।

ਸੰਯੁਕਤ ਰਾਸ਼ਟਰ ਦੀ ਅੰਡਰ-ਸੈਕਟਰੀ-ਜਨਰਲ ਅਤੇ ESCAP ਦੀ ਐਗਜ਼ਿਕਿਟਿਵ ਸੈਕਟਰੀ ਅਰਮੀਦਾ ਸਾਲਸਿਆ ਅਲੀਸਜਹਬਾਨਾ ਨੇ ਕਿਹਾ, “ਗਰਮੀ ਸਰਹੱਦਾਂ ਨੂੰ ਨਹੀਂ ਜਾਣਦੀ; ਇਸ ਲਈ ਇਸਦੇ ਪ੍ਰਭਾਵਾਂ ਦਾ ਅੰਦਾਜ਼ਾ ਲਗਾ ਕੇ ਸਭ ਤੋਂ ਜੋਖਿਮ ਵਾਲਿਆਂ ਇਲਾਕਿਆਂ ਦੀ ਰੱਖਿਆ ਕਰਨੀ ਚਾਹੀਦੀ ਹੈ।” 

ਖੇਤੀਬਾੜੀ ਦੀ ਸਹਿਣਸ਼ੀਲਤਾ ਨੂੰ ਮਜ਼ਬੂਤ ​​ਕਰਨ ਲਈ, ESCAP ਨੇ ਤਿੰਨ ਪਹਿਲਕਦਮੀਆਂ ਦਾ ਐਲਾਨ ਕੀਤਾ:

• ਗਰਮੀ-ਜਵਾਬਦੇਹ ਸਮਾਜਿਕ ਸੁਰੱਖਿਆ ਪ੍ਰਣਾਲੀ: ਗਰਮੀ ਸੰਕਟ ਦੌਰਾਨ ਕਿਸਾਨਾਂ ਅਤੇ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਆਮਦਨੀ ਸਹਾਇਤਾ ਸਮੇਤ ਸਮਾਜਿਕ ਸੁਰੱਖਿਆ ਪ੍ਰੋਗਰਾਮ।

• ਸਰਹੱਦ-ਪਾਰ ਗ੍ਰੀਨ ਕੂਲਿੰਗ ਕੌਰੀਡੋਰ: ਖ਼ਾਸ ਕਰਕੇ ਉਹ ਖੇਤੀਬਾੜੀ ਖੇਤਰ ਜਿੱਥੇ ਡੈਜ਼ਰਟੀਫਿਕੇਸ਼ਨ ਦਾ ਖ਼ਤਰਾ ਵੱਧ ਰਿਹਾ ਹੈ — ਇਨ੍ਹਾਂ ਲਈ ਤਾਪਮਾਨ-ਘਟਾਉਣ ਅਤੇ ਗ੍ਰੀਨ ਕੂਲਿੰਗ ਕੌਰੀਡੋਰ ਦੀ ਸਾਂਝੀ ਪ੍ਰਣਾਲੀ।

• ਸੈਟੇਲਾਈਟ-ਅਧਾਰਿਤ ਗਰਮੀ ਨਿਗਰਾਨੀ: ਖੇਤ ਪੱਧਰ 'ਤੇ ਗਰਮੀ ਦੇ ਤਣਾਅ ਨੂੰ ਟਰੈਕ ਕਰਨ, ਸ਼ੁਰੂਆਤੀ ਚੇਤਾਵਨੀਆਂ ‘ਤੇ ਧਿਆਨ ਦੇਣਾ ਅਤੇ ਫ਼ਸਲਾਂ ਦੀ ਸੁਰੱਖਿਆ ਕਰਨ।

ESCAP ਦੀ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਵਧਦੀ ਗਰਮੀ ਏਸ਼ੀਆ ਅਤੇ ਪੈਸਫ਼ਿਕ ਵਿੱਚ ਖੁਰਾਕ ਉਤਪਾਦਨ ਦੇ ਨਕਸ਼ੇ ਨੂੰ ਮੁਕੰਮਲ ਤੌਰ ‘ਤੇ ਬਦਲ ਦੇਵੇਗੀ ਅਤੇ ਇਸਦਾ ਸਭ ਤੋਂ ਵੱਧ ਬੋਝ ਗਰੀਬ ਕਿਸਾਨ ਭਾਈਚਾਰਿਆਂ ‘ਤੇ ਪਵੇਗਾ। ਜਿਵੇਂ–ਜਿਵੇਂ ਅੱਤ-ਗਰਮੀ ਹੋਰ ਵੀ ਵੱਧ ਤੀਬਰ ਹੁੰਦੀ ਜਾਵੇਗੀ, ਖੇਤਰ ਇੱਕ ਅਜਿਹੇ ਭਵਿੱਖ ਵਿੱਚ ਦਾਖਲ ਹੋਣ ਦੇ ਜੋਖਿਮ ਵਿੱਚ ਹੈ ਜਿੱਥੇ ਖੁਰਾਕ ਅਸੁਰੱਖਿਆ ਵਧੇਗੀ, ਉਤਪਾਦਕਤਾ ਘਟੇਗੀ, ਅਤੇ ਪਿੰਡਾਂ ਦਾ ਜੀਵਨ ਇੱਕ ਗਰਮ, ਕਠੋਰ ਜਲਵਾਯੂ ਹੇਠ ਖ਼ਰਾਬ ਹੁੰਦਾ ਜਾਵੇਗਾ।

Comments

Related