ADVERTISEMENT

ADVERTISEMENT

ਜਾਰਜੀਆ ਹੈਲੀਕਾਪਟਰ ਹਾਦਸੇ ’ਚ ਭਾਰਤੀ ਮੂਲ ਦੇ ਦੋ ਪਾਇਲਟਾਂ ਦੀ ਮੌਤ

ਵਿਆਹ ਤੋਂ ਕੁਝ ਘੰਟਿਆਂ ਬਾਅਦ ਵਾਪਰਿਆ ਹਾਦਸਾ, ਦੁਲਹਨ ਬਚੀ

 ਡੇਵ ਫਿਜੀ ਅਤੇ ਉਸਦੀ ਪਤਨੀ ਆਪਣੇ ਵਿਆਹ ਵਾਲੇ ਦਿਨ ਡੇਵ ਫਿਜੀ ਅਤੇ ਉਸਦੀ ਪਤਨੀ ਆਪਣੇ ਵਿਆਹ ਵਾਲੇ ਦਿਨ / ਫੇਸਬੁੱਕ

ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਦੌਰਾਨ ਭਾਰਤੀ ਮੂਲ ਦੇ ਦੋ ਪਾਇਲਟਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 26 ਸਾਲਾ ਡੇਵ ਫਿਜ਼ੀ ਅਤੇ ਨਿਖਿਲ ਨਰਗੁੰਦਕਰ ਵਜੋਂ ਹੋਈ ਹੈ। ਹਾਦਸੇ ਵਿੱਚ ਡੇਵ ਫਿਜ਼ੀ ਦੀ ਪਤਨੀ ਜੈਸਨੀ ਜ਼ਿੰਦਾ ਬਚ ਗਈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

 

ਮੀਡੀਆ ਰਿਪੋਰਟਾਂ ਅਨੁਸਾਰ ਡੇਵ ਫਿਜ਼ੀ ਅਤੇ ਜੈਸਨੀ ਦਾ ਵਿਆਹ ਹਾਦਸੇ ਤੋਂ ਕੁਝ ਘੰਟੇ ਪਹਿਲਾਂ ਹੀ ਜਾਰਜੀਆ ਦੇ ਡਾਸਨਵਿਲੇ ਸਥਿਤ ਇੱਕ ਸਮਾਗਮ ਸਥਾਨ ਵਿੱਚ ਹੋਇਆ ਸੀ। ਵਿਆਹ ਸਮਾਗਮ ਵਿੱਚ ਕਰੀਬ 400 ਮਹਿਮਾਨਾਂ ਨੇ ਸ਼ਮੂਲੀਅਤ ਕੀਤੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਨੀਮੂਨ ’ਤੇ ਜਾਣ ਤੋਂ ਪਹਿਲਾਂ ਨਵੇਂ ਵਿਆਹੇ ਜੋੜੇ ਲਈ ਹੈਲੀਕਾਪਟਰ ਯਾਤਰਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

 

ਵਿਆਹ ਸਮਾਗਮ ਤੋਂ ਬਾਅਦ ਡੇਵ ਫਿਜ਼ੀ ਅਤੇ ਜੈਸਨੀ ਹੈਲੀਕਾਪਟਰ ਪਾਇਲਟ ਨਿਖਿਲ ਨਰਗੁੰਦਕਰ ਨਾਲ ਰੌਬਿਨਸਨ ਆਰ-66 ਹੈਲੀਕਾਪਟਰ ਵਿੱਚ ਸਵਾਰ ਹੋਏ। ਹੈਲੀਕਾਪਟਰ ਡੀਕਾਲਬ-ਪੀਚਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ, ਪਰ ਰਾਤ ਕਰੀਬ 10:30 ਵਜੇ ਡਾਸਨ ਕਾਊਂਟੀ ਦੇ ਇੱਕ ਜੰਗਲੀ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ।

 

ਜੈਸਨੀ ਇਸ ਹਾਦਸੇ ਦੀ ਇਕਲੌਤੀ ਬਚੀ ਹੋਈ ਯਾਤਰੀ ਹੈ। ਬਚਾਅ ਟੀਮਾਂ ਨੂੰ ਮੁਸ਼ਕਲ ਭੂਗੋਲਿਕ ਹਾਲਾਤਾਂ ਕਾਰਨ ਮਲਬੇ ਤੱਕ ਪਹੁੰਚਣ ਵਿੱਚ ਕਈ ਘੰਟੇ ਲੱਗੇ। ਬਾਅਦ ਵਿੱਚ ਉਸ ਨੂੰ ਹਾਦਸੇ ਵਾਲੀ ਥਾਂ ਤੋਂ ਬਚਾ ਕੇ ਹਸਪਤਾਲ ਪਹੁੰਚਾਇਆ ਗਿਆ।

 

ਡੇਵ ਫਿਜ਼ੀ ਦੇ ਪਿਤਾ ਜਾਰਜ ਫਿਜ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਉਡਾਣ ਤੋਂ ਪਹਿਲਾਂ ਮੌਸਮ ਨੂੰ ਲੈ ਕੇ ਚਿੰਤਾ ਜਤਾਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਸਮੇਂ ਇਲਾਕੇ ਵਿੱਚ ਮੀਂਹ ਪੈ ਰਿਹਾ ਸੀ ਅਤੇ ਦਿੱਖ ਵੀ ਕਾਫ਼ੀ ਘੱਟ ਸੀ।

 

ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫਏਏ) ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਸ਼ੁਰੂਆਤੀ ਜਾਂਚ ਅਤੇ ਬਚਾਅ ਕਾਰਵਾਈ ਤੋਂ ਬਾਅਦ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨਟੀਐਸਬੀ) ਨੇ ਸੰਭਾਲ ਲਈ ਹੈ।

 

ਅਧਿਕਾਰੀਆਂ ਨੇ ਕਿਹਾ ਹੈ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਐਨਟੀਐਸਬੀ ਵੱਲੋਂ ਘਟਨਾ ਦੀ ਵਿਸਥਾਰਪੂਰਵਕ ਜਾਂਚ ਜਾਰੀ ਹੈ।

Comments

Leave A Comment

Required fields are marked (*).

Related

Talk to us?