ADVERTISEMENT

ADVERTISEMENT

ਟਰੰਪ ਵੱਲੋਂ ਸ਼ਿਕਾਗੋ, ਲਾਸ ਏਂਜਲਸ ਅਤੇ ਪੋਰਟਲੈਂਡ ਤੋਂ ਨੈਸ਼ਨਲ ਗਾਰਡ ਨੂੰ ਵਾਪਸ ਬੁਲਾਉਣ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਿਹਾ ਕਿ ਅਪਰਾਧ ਵਿੱਚ ਕਾਫੀ ਕਮੀ ਆਈ ਹੈ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਕੁਝ ਸ਼ਹਿਰਾਂ ਵਿੱਚ ਫੌਜੀ ਤਾਇਨਾਤੀ ਨੂੰ ਲੈ ਕੇ ਕਈ ਕਾਨੂੰਨੀ ਝਟਕਿਆਂ ਤੋਂ ਬਾਅਦ ਸ਼ਿਕਾਗੋ, ਲਾਸ ਏਂਜਲਸ ਅਤੇ ਪੋਰਟਲੈਂਡ ਤੋਂ ਨੈਸ਼ਨਲ ਗਾਰਡ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ। ਰਿਪਬਲਿਕਨ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਵਿੱਚ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਅਪਰਾਧ 'ਤੇ ਲਗਾਮ ਲਗਾਉਣ ਦੇ ਉਦੇਸ਼ ਨਾਲ ਡੈਮੋਕ੍ਰੇਟ ਸ਼ਾਸਿਤ ਇਨ੍ਹਾਂ ਤਿੰਨ ਸ਼ਹਿਰਾਂ ਵਿੱਚ ਫੌਜ ਭੇਜੀ ਸੀ।

ਅਮਰੀਕੀ ਰਾਸ਼ਟਰਪਤੀ ਦੇ ਇਸ ਕਦਮ ਨੂੰ ਸਥਾਨਕ ਨੇਤਾਵਾਂ ਨੇ ਤਾਨਾਸ਼ਾਹੀ ਦਖ਼ਲਅੰਦਾਜ਼ੀ ਕਰਾਰ ਦਿੱਤਾ ਸੀ ਅਤੇ ਇਸ ਦੀ ਜ਼ੋਰਦਾਰ ਆਲੋਚਨਾ ਕੀਤੀ ਸੀ। ਇਸਦੇ ਨਾਲ ਹੀ ਇਸ ਕਦਮ ਦੇ ਖ਼ਿਲਾਫ਼ ਕਈ ਕਾਨੂੰਨੀ ਚੁਣੌਤੀਆਂ ਵੀ ਪੇਸ਼ ਕੀਤੀਆਂ ਗਈਆਂ ਸਨ। ਪਿਛਲੇ ਹਫ਼ਤੇ ਅਮਰੀਕਾ ਦੀ ਸੁਪਰੀਮ ਕੋਰਟ ਨੇ ਸ਼ਿਕਾਗੋ ਵਿੱਚ ਸੈਨਿਕ ਤੈਨਾਤੀ ’ਤੇ ਰੋਕ ਲਗਾ ਦਿੱਤੀ ਸੀ।

ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕਿਹਾ, “ਅਸੀਂ ਸ਼ਿਕਾਗੋ, ਲਾਸ ਏਂਜਲਸ ਅਤੇ ਪੋਰਟਲੈਂਡ ਤੋਂ ਨੈਸ਼ਨਲ ਗਾਰਡ ਨੂੰ ਹਟਾ ਰਹੇ ਹਾਂ। ਇਨ੍ਹਾਂ ਮਹਾਨ ਦੇਸ਼ਭਗਤਾਂ ਦੀ ਮੌਜੂਦਗੀ ਨਾਲ ਅਪਰਾਧ ਵਿੱਚ ਕਾਫ਼ੀ ਕਮੀ ਆਈ ਹੈ।” ਟਰੰਪ ਨੇ ਕਿਹਾ ਕਿ ਜੇ ਸੰਘੀ ਸਰਕਾਰ ਨੇ ਦਖ਼ਲ ਨਾ ਦਿੱਤਾ ਹੁੰਦਾ ਤਾਂ ਇਹ ਤਿੰਨੇ ਸ਼ਹਿਰ “ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹੁੰਦੇ।”

ਉਨ੍ਹਾਂ ਨੇ ਅੱਗੇ ਕਿਹਾ, “ਜਦੋਂ ਅਪਰਾਧ ਫਿਰ ਤੋਂ ਵਧਣ ਲੱਗੇਗਾ, ਸ਼ਾਇਦ ਬਿਲਕੁਲ ਵੱਖਰੇ ਅਤੇ ਹੋਰ ਮਜ਼ਬੂਤ ਰੂਪ ਵਿੱਚ ਅਸੀਂ ਵਾਪਸ ਆਵਾਂਗੇ। ਇਹ ਸਿਰਫ਼ ਸਮੇਂ ਦੀ ਗੱਲ ਹੈ।”

ਦੱਸ ਦਈਏ ਕਿ ਦਸੰਬਰ ਵਿੱਚ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਸ਼ਿਕਾਗੋ ਖੇਤਰ ਵਿੱਚ ਇਮੀਗ੍ਰੇਸ਼ਨ 'ਤੇ ਲਗਾਮ ਕੱਸਣ ਦੇ ਤਹਿਤ ਨੈਸ਼ਨਲ ਗਾਰਡ ਸੈਨਿਕਾਂ ਦੀ ਤਾਇਨਾਤੀ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਆਦੇਸ਼ ਅੰਤਿਮ ਫੈਸਲਾ ਨਹੀਂ ਸੀ, ਪਰ ਰਾਸ਼ਟਰਪਤੀ ਲਈ ਇੱਕ ਵੱਡਾ ਝਟਕਾ ਸੀ।

ਦੇਸ਼ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਡਿਸਟ੍ਰਿਕਟ ਆਫ਼ ਕੋਲੰਬੀਆ ਦੇ ਅਟਾਰਨੀ ਜਨਰਲ ਬ੍ਰਾਇਨ ਸ਼ਵਾਬ ਨੇ 2,000 ਤੋਂ ਵੱਧ ਨੈਸ਼ਨਲ ਗਾਰਡ ਸੈਨਿਕਾਂ ਦੀ ਤਾਇਨਾਤੀ ਰੋਕਣ ਲਈ ਮੁਕੱਦਮਾ ਦਰਜ ਕਰਵਾਇਆ ਸੀ। 

Comments

Related