‘ਬਿਗ ਬੌਸ’ ਹਿੰਦੀ ਸੀਜ਼ਨ-20 ਦਾ ਟ੍ਰੇਲਰ ਜਾਰੀ / Screenshot
ਰਿਐਲਿਟੀ ਸ਼ੋਅ ‘ਬਿਗ ਬੌਸ ਹਿੰਦੀ’ ਆਪਣੇ ਇਤਿਹਾਸਕ 20ਵੇਂ ਸੀਜ਼ਨ ਨਾਲ ਦਰਸ਼ਕਾਂ ਦੇ ਸਾਹਮਣੇ ਆਉਣ ਲਈ ਤਿਆਰ ਹੈ। ਜੀਓਹੌਟਸਟਾਰ ਅਤੇ ਕਲਰਜ਼ ਨੇ ਬੁੱਧਵਾਰ ਨੂੰ ‘ਬਿਗ ਬੌਸ ਹਿੰਦੀ ਸੀਜ਼ਨ-20’ ਦਾ ਟ੍ਰੇਲਰ ਅਤੇ ਪਹਿਲਾ ਟੀਜ਼ਰ ਜਾਰੀ ਕੀਤਾ। ਇਸ ਵਿੱਚ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਦੀ ਦਮਦਾਰ ਐਂਟਰੀ ਦੇ ਨਾਲ-ਨਾਲ ਇੱਕ ਨਵੇਂ ਅਤੇ ਅਣਦੇਖੇ ਟਵਿਸਟ ‘ਐਕਸਟਰਾ ਜੀਵਨਦਾਨ’ ਦੀ ਝਲਕ ਦਿਖਾਈ ਗਈ ਹੈ। ਨਵੇਂ ਸੀਜ਼ਨ ਦੇ ਟੀਜ਼ਰ ਨੇ ਸ਼ੋਅ ਦੀ ਕਹਾਣੀ ਅਤੇ ਮੁਕਾਬਲੇ ਦੇ ਨਿਯਮਾਂ ਨੂੰ ਲੈ ਕੇ ਦਰਸ਼ਕਾਂ ਵਿੱਚ ਉਤਸੁਕਤਾ ਹੋਰ ਵਧਾ ਦਿੱਤੀ ਹੈ।
ਟ੍ਰੇਲਰ ਦੀ ਸ਼ੁਰੂਆਤ ਦੋ ਯੋਧਿਆਂ ਵਿਚਕਾਰ ਜ਼ਬਰਦਸਤ ਜੰਗ ਨਾਲ ਹੁੰਦੀ ਹੈ। ਇਸੇ ਦੌਰਾਨ ਸਲਮਾਨ ਖ਼ਾਨ ਦੀ ਐਂਟਰੀ ਹੁੰਦੀ ਹੈ ਅਤੇ ਉਹ ਅਚਾਨਕ ਮੁਕਾਬਲਾ ਰੋਕ ਦਿੰਦੇ ਹਨ। ਉਹ ਕਹਿੰਦੇ ਹਨ, ‘‘ਬਿਗ ਬੌਸ ’ਚ ਮਿਲੇਗਾ, ਮੇਰੀ ਜਾਨ... ਐਕਸਟਰਾ ਜੀਵਨਦਾਨ’’ ਅਤੇ ਆਪਣੇ ਖ਼ਾਸ ਅੰਦਾਜ਼ ਵਿੱਚ ‘ਤਥਾਸਤੂ’ ਕਹਿੰਦੇ ਹਨ। ਇਸ ਤੋਂ ਬਾਅਦ ਟ੍ਰੇਲਰ ਵਿੱਚ ਸੀਜ਼ਨ ਦੇ ਸਭ ਤੋਂ ਵੱਡੇ ਟਵਿਸਟ ਵੱਲ ਇਸ਼ਾਰਾ ਕੀਤਾ ਜਾਂਦਾ ਹੈ।
ਪਹਿਲੇ ਟੀਜ਼ਰ ਵਿੱਚ ਸਲਮਾਨ ਖ਼ਾਨ ਘੋੜੇ ’ਤੇ ਸਵਾਰ ਹੋ ਕੇ ਐਂਟਰੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਕਹਿੰਦੇ ਹਨ, ‘‘ਜੋ ਕਰਨ ਅਰਜੁਨ ਵਿੱਚ ਜੋ ਹੋਇਆ ਸੀ, ਉਹ ਹੋਵੇਗਾ ਹੁਣ ਬਿਗ ਬੌਸ ਵਿੱਚ...ਤਥਾਸਤੂ!’’ ਟੀਜ਼ਰ ਵਿੱਚ ਦਿਖਾਏ ਗਏ ਵਿਜ਼ੂਅਲ ਸੰਕੇਤਾਂ ਨੇ ਨਵੇਂ ਸੀਜ਼ਨ ਨਾਲ ਜੁੜੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸਲਮਾਨ ਖ਼ਾਨ ਨੇ ਵੀ ਕਿਹਾ ਕਿ ਹਰ ਸੀਜ਼ਨ ਨਵੀਆਂ ਖੇਡਾਂ, ਨਵੇਂ ਸਮੀਕਰਨ ਅਤੇ ਅਣਕਿਆਸੇ ਮੋੜ ਲਿਆਉਂਦਾ ਹੈ, ਪਰ ਇਸ ਵਾਰ ਕਹਾਣੀ ਦੇ ਕੇਂਦਰ ਵਿੱਚ ਇੱਕ ਰਹੱਸ ਹੋਵੇਗਾ, ਜੋ ਇਸ ਸੀਜ਼ਨ ਨੂੰ ਪਿਛਲੇ ਸੀਜ਼ਨਾਂ ਤੋਂ ਵੱਖਰਾ ਬਣਾਏਗਾ।
ਸਲਮਾਨ ਖ਼ਾਨ ਨੇ ਕਿਹਾ, ‘‘ਪਹਿਲਾ ਸੰਕੇਤ ਸਾਹਮਣੇ ਆ ਚੁੱਕਾ ਹੈ, ਸਾਨੂੰ ਬਸ ਉਸ ਨੂੰ ਧਿਆਨ ਨਾਲ ਦੁਬਾਰਾ ਦੇਖਣ ਦੀ ਲੋੜ ਹੈ। ਇਹ ਟੀਜ਼ਰ ਸਿਰਫ਼ ਸ਼ੁਰੂਆਤ ਹੈ। ਹੁਣ ਉਡੀਕ ਹੈ ਕਿ ਜਦੋਂ ਬਿਗ ਬੌਸ ਹਿੰਦੀ ਸੀਜ਼ਨ-20 ਸ਼ੁਰੂ ਹੋਵੇਗਾ, ਉਦੋਂ ਦਰਸ਼ਕ ਇਨ੍ਹਾਂ ਸੰਕੇਤਾਂ ਨੂੰ ਜੋੜ ਕੇ ਇਸ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ।’’
ਜੀਓਹੌਟਸਟਾਰ ਵਿੱਚ ਹਿੰਦੀ ਅਤੇ ਇੰਗਲਿਸ਼ ਐਂਟਰਟੇਨਮੈਂਟ ਬਿਜ਼ਨਸ ਦੇ ਹੈੱਡ ਆਲੋਕ ਜੈਨ ਨੇ ਕਿਹਾ ਕਿ ਕਿਸੇ ਵੀ ਐਂਟਰਟੇਨਮੈਂਟ ਫ੍ਰੈਂਚਾਇਜ਼ੀ ਲਈ 20 ਸੀਜ਼ਨ ਪੂਰੇ ਕਰਨਾ ਇਤਿਹਾਸਕ ਪ੍ਰਾਪਤੀ ਹੈ। ਉਨ੍ਹਾਂ ਮੁਤਾਬਕ ਬਿਗ ਬੌਸ ਹਿੰਦੀ ਦਾ 20ਵਾਂ ਸੀਜ਼ਨ ਇਸ ਲੰਬੇ ਸਫ਼ਰ ਅਤੇ ਸ਼ੋਅ ਦੀ ਵਿਰਾਸਤ ਦਾ ਜਸ਼ਨ ਹੈ।
ਇਸ ਮੌਕੇ ਸ਼ੋਅ ਦੀ ਪਛਾਣ ਮੰਨੀ ਜਾਣ ਵਾਲੀ ‘ਅੱਖ’ ਦਾ ਨਵਾਂ ਲੁੱਕ ਵੀ ਜਾਰੀ ਕੀਤਾ ਗਿਆ ਹੈ। ਨਿਰਮਾਤਾਵਾਂ ਅਨੁਸਾਰ ਨਵੀਂ ‘ਅੱਖ’ ਬਿਗ ਬੌਸ ਦੀ ਦੋ ਦਹਾਕਿਆਂ ਦੀ ਵਿਰਾਸਤ ਅਤੇ ਨਵੇਂ ਅਧਿਆਏ ਦਾ ਪ੍ਰਤੀਕ ਹੈ। ਦੋ ਦਹਾਕਿਆਂ ਦੇ ਯਾਦਗਾਰੀ ਪਲਾਂ ਤੋਂ ਪ੍ਰੇਰਿਤ ਇਸ ਡਿਜ਼ਾਈਨ ਨੂੰ ਬਿਗ ਬੌਸ ਦੇ ਘਰ ਦੀ ਦੁਨੀਆ ਵਿੱਚ ਦਾਖ਼ਲ ਹੋਣ ਵਾਲੇ ਇੱਕ ਪੋਰਟਲ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਰਿਸ਼ਤਿਆਂ, ਭਾਵਨਾਵਾਂ, ਬਦਲਦੇ ਗੱਠਜੋੜਾਂ ਅਤੇ ਅਚਾਨਕ ਆਉਣ ਵਾਲੇ ਮੋੜਾਂ ਨੂੰ ਦਰਸਾਉਂਦੀ ਹੈ।
ਨਵੀਂ ‘ਅੱਖ’ ਦੀ ਬਹੁਪੱਖੀ ਪ੍ਰਕਿਰਤੀ ਘਰ ਦੇ ਅੰਦਰ ਮੁਕਾਬਲੇਬਾਜ਼ਾਂ ਦੇ ਬਦਲਦੇ ਸਮੀਕਰਨਾਂ ਅਤੇ ਉਨ੍ਹਾਂ ਦੀਆਂ ਯਾਤਰਾਵਾਂ ਨੂੰ ਦਰਸਾਉਂਦੀ ਹੈ। ਪ੍ਰੀਮੀਅਮ ਮੈਟਲਿਕ ਗੋਲਡ ਵਾਟਰਮਾਰਕਸ ਨਾਲ ਤਿਆਰ ਕੀਤੀ ਗਈ ਇਹ ਨਵੀਂ ਪਛਾਣ ਸ਼ੋਅ ਦੇ ਸ਼ਾਨਦਾਰ ਅਤੇ ਸਿਨੇਮੈਟਿਕ ਅੰਦਾਜ਼ ਨੂੰ ਦਰਸਾਉਂਦੀ ਹੈ।
‘ਬਿਗ ਬੌਸ ਹਿੰਦੀ ਸੀਜ਼ਨ-20’ ਦਾ ਪ੍ਰੀਮੀਅਰ 6 ਸਤੰਬਰ ਨੂੰ ਹੋਵੇਗਾ। ਸ਼ੋਅ ਕਲਰਜ਼ ’ਤੇ ਪ੍ਰਸਾਰਿਤ ਹੋਵੇਗਾ ਅਤੇ ਜੀਓਹੌਟਸਟਾਰ ’ਤੇ ਡਿਜ਼ੀਟਲ ਸਟ੍ਰੀਮਿੰਗ ਲਈ ਉਪਲਬਧ ਹੋਵੇਗਾ। ਨਿਰਮਾਤਾਵਾਂ ਮੁਤਾਬਕ ਇਸ ਵਾਰ ਸ਼ੋਅ ਵਿੱਚ ਪਹਿਲਾਂ ਨਾਲੋਂ ਵੱਧ ਰੋਮਾਂਚ, ਨਵੇਂ ਮੋੜ ਅਤੇ ਅਣਕਿਆਸੇ ਘਟਨਾਕ੍ਰਮ ਦੇਖਣ ਨੂੰ ਮਿਲਣਗੇ। 20ਵੇਂ ਸੀਜ਼ਨ ਵਿੱਚ ਹਰ ਮੋੜ ਮੁਕਾਬਲੇਬਾਜ਼ਾਂ ਦੀ ਕਿਸਮਤ ਬਦਲ ਸਕਦਾ ਹੈ ਅਤੇ ਹਰ ਫ਼ੈਸਲਾ ਖੇਡ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ। ਇਸ ਦੇ ਨਾਲ ਹੀ ਬਿਗ ਬੌਸ ਹਿੰਦੀ ਦੇ ਇਤਿਹਾਸਕ 20ਵੇਂ ਸੀਜ਼ਨ ਦੀ ਉਲਟੀ ਗਿਣਤੀ ਵੀ ਸ਼ੁਰੂ ਹੋ ਗਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login