1 ਜੁਲਾਈ ਤੋਂ ਵਾਸ਼ਿੰਗਟਨ ਰਾਜ ਦੀਆਂ ਤਿੰਨ ਕਾਉਂਟੀਆਂ ਕਲਾਰਕ, ਕਿੰਗ ਅਤੇ ਸਪੋਕੇਨ ਵਿੱਚ ਨਫਰਤੀ ਅਪਰਾਧਾਂ ਅਤੇ ਪੱਖਪਾਤੀ ਘਟਨਾਵਾਂ ਦੀ ਰਿਪੋਰਟ ਕਰਨ ਵਾਲੀ ਹੌਟਲਾਈਨ ਚਲਾਈ ਗਈ ਹੈ, ਜਿਸ ਦਾ ਮਕਸਦ ਵਸਨੀਕਾਂ ਨੂੰ ਘਟਨਾਵਾਂ ਦੀ ਰਿਪੋਰਟ ਕਰਨ ਲਈ ਸਿੱਧਾ ਅਤੇ ਸੰਵੇਦਨਸ਼ੀਲ ਚੈਨਲ ਮੁਹੱਈਆ ਕਰਵਾਉਣਾ ਹੈ।
ਇਹ ਗੈਰ-ਐਮਰਜੈਂਸੀ ਹੌਟਲਾਈਨ ਵਾਸ਼ਿੰਗਟਨ ਦੇ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਚਲਾਈ ਜਾ ਰਹੀ ਹੈ ਅਤੇ ਇਹ ਸੈਨੇਟ ਬਿਲ 5427 ਹੇਠ ਸ਼ੁਰੂ ਕੀਤੇ ਇੱਕ ਪਾਇਲਟ ਪ੍ਰੋਗਰਾਮ ਦਾ ਹਿੱਸਾ ਹੈ, ਜੋ ਕਿ 2024 ਵਿੱਚ ਦੋ-ਧਿਰਾਂ ਦੇ ਸਹਿਯੋਗ ਨਾਲ ਪਾਸ ਕੀਤਾ ਗਿਆ ਸੀ।
ਐਫ.ਬੀ.ਆਈ. ਦੇ ਅੰਕੜਿਆਂ ਅਨੁਸਾਰ, 2018 ਤੋਂ ਵਾਸ਼ਿੰਗਟਨ ਹਮੇਸ਼ਾਂ ਉਹਨਾਂ ਅਮਰੀਕੀ ਰਾਜਾਂ ਵਿੱਚ ਸ਼ਾਮਿਲ ਰਿਹਾ ਹੈ ਜਿੱਥੇ ਸਭ ਤੋਂ ਵੱਧ ਹੇਟ ਕਰਾਈਮ ਰਿਪੋਰਟ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਵੀਂ ਹੌਟਲਾਈਨ ਉਹਨਾਂ ਵਿਅਕਤੀਆਂ ਲਈ ਇੱਕ ਵਿਕਲਪ ਪੇਸ਼ ਕਰਦੀ ਹੈ, ਜੋ ਸਿੱਧਾ ਪੁਲਿਸ ਨਾਲ ਸੰਪਰਕ ਨਹੀਂ ਕਰਨਾ ਚਾਹੁੰਦੇ। ਕਾਲਰ ਦੀ ਇਜਾਜ਼ਤ ਨਾਲ, ਹੌਟਲਾਈਨ ਸਟਾਫ਼ ਉਨ੍ਹਾਂ ਨੂੰ ਟ੍ਰੌਮਾ ਸੰਬੰਧੀ ਸੇਵਾਵਾਂ ਜਾਂ ਕਾਨੂੰਨੀ ਏਜੰਸੀਆਂ ਨਾਲ ਜੋੜਣ ਵਿੱਚ ਮਦਦ ਕਰ ਸਕਦੇ ਹਨ।
ਅਟਾਰਨੀ ਜਨਰਲ ਨਿਕ ਬਰਾਊਨ ਨੇ ਕਿਹਾ: “ਹੇਟ ਕਰਾਈਮ ਨਾ ਸਿਰਫ਼ ਵਿਅਕਤੀਗਤ ਤੌਰ 'ਤੇ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਇਹ ਪੂਰੇ ਸਮਾਜ 'ਚ ਡਰ ਅਤੇ ਤਣਾਅ ਦਾ ਮਾਹੌਲ ਵੀ ਪੈਦਾ ਕਰ ਸਕਦੇ ਹਨ। ਇਨ੍ਹਾਂ ਤਿੰਨ ਕਾਊਂਟੀਜ਼ ਵਿੱਚ ਸਫਲਤਾ ਮਿਲਣ 'ਤੇ ਅਸੀਂ ਇਸ ਹੌਟਲਾਈਨ ਨੂੰ ਸੂਬੇ ਪੱਧਰ 'ਤੇ ਵਧਾਵਾਂਗੇ ਅਤੇ ਵਾਸ਼ਿੰਗਟਨ ਭਰ ਵਿੱਚ ਹੇਟ ਕਰਾਈਮ ਅਤੇ ਪੱਖਪਾਤ ਵਿਰੁੱਧ ਲੜਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਵਾਂਗੇ।”
ਇਹ ਪਾਇਲਟ ਪ੍ਰੋਗਰਾਮ 18 ਮਹੀਨੇ ਤੱਕ ਚੱਲਣ ਦੀ ਉਮੀਦ ਹੈ, ਜਿਸ ਤੋਂ ਬਾਅਦ ਇਹ ਹੌਟਲਾਈਨ ਜਨਵਰੀ 2027 ਤੱਕ ਸੂਬਾ ਪੱਧਰ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 1 ਜੁਲਾਈ 2027 ਤੋਂ ਅਟਾਰਨੀ ਜਨਰਲ ਦਾ ਦਫ਼ਤਰ ਹੌਟਲਾਈਨ ਅੰਕੜਿਆਂ 'ਤੇ ਆਧਾਰਿਤ ਸਾਲਾਨਾ ਰਿਪੋਰਟਾਂ ਜਾਰੀ ਕਰੇਗਾ, ਜੋ ਰਾਜਪਾਲ, ਵਿਧਾਇਕਾਂ ਅਤੇ ਜਨਤਾ ਲਈ ਉਪਲਬਧ ਹੋਣਗੀਆਂ।
ਇਹ ਨਵੀਂ ਨਫਰਤੀ ਅਪਰਾਧਾਂ ਅਤੇ ਪੱਖਪਾਤੀ ਘਟਨਾਵਾਂ ਦੀ ਸੂਬਾ ਪੱਧਰੀ ਹੌਟਲਾਈਨ ਨਾਗਰਿਕ ਅਧਿਕਾਰ ਸੰਸਥਾਵਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਤੋਂ ਬਾਅਦ ਸਥਾਪਿਤ ਕੀਤੀ ਗਈ। ਇਸ ਤੋਂ ਇਲਾਵਾ ਸਿੱਖ ਕੁਲੀਸ਼ਨ (Sikh Coalition) ਵੱਲੋਂ ਵੀ ਸੈਨੇਟ ਬਿੱਲ 5427 (Senate Bill 5427) ਦੇ ਸਮਰਥਨ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਸੀ।
ਖਾਲਸਾ ਗੁਰਮਤਿ ਸੈਂਟਰ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸਿੱਖ ਕੁਲੀਸ਼ਨ ਦੇ ਸੰਸਥਾਪਕ ਮੈਂਬਰ ਜਸਮੀਤ ਸਿੰਘ ਨੇ ਕਿਹਾ, “ਸਿੱਖ ਭਾਈਚਾਰਾ ਹਰ ਕਿਸੇ ਲਈ ਇਨਸਾਫ਼ ਅਤੇ ਬਰਾਬਰੀ ਲਈ ਦ੍ਰਿੜ੍ਹਤਾ ਨਾਲ ਖੜਾ ਹੈ। ਅਸੀਂ ਇਸ ਹੌਟਲਾਈਨ ਦੀ ਸਥਾਪਨਾ ਦੀ ਸਰਾਹਨਾ ਕਰਦੇ ਹਾਂ ਜੋ ਪੱਖਪਾਤ ਜਾਂ ਹੇਟ ਕਰਾਈਮ ਦਾ ਸ਼ਿਕਾਰ ਹੋਏ ਵਿਅਕਤੀਆਂ ਲਈ ਆਪਣੀ ਆਵਾਜ਼ ਉੱਠਾਉਣ ਦਾ ਇੱਕ ਸਹੀ ਤੇ ਪ੍ਰਭਾਵਸ਼ਾਲੀ ਮਾਧਿਅਮ ਹੈ। ਇਹ ਹੌਟਲਾਈਨ ਭਾਈਚਾਰਿਆਂ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ ਅਤੇ ਇਹ ਸੰਦੇਸ਼ ਦਿੰਦੀ ਹੈ ਕਿ ਨਫਰਤ ਵਾਸ਼ਿੰਗਟਨ ਰਾਜ ਵਿੱਚ ਸਵੀਕਾਰ ਨਹੀਂ।"
ਸੈਨੇਟਰ ਜਾਵੀਅਰ ਵੈਲਡੇਜ਼, ਜਿਨ੍ਹਾਂ ਨੇ ਇਹ ਬਿਲ ਪੇਸ਼ ਕੀਤਾ ਸੀ, ਉਨ੍ਹਾਂ ਨੇ ਕਿਹਾ, “ਅਸੀਂ 2019 ਵਿੱਚ ਹੇਟ ਕਰਾਈਮ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਇੱਕ ਮਹਤੱਵਪੂਰਨ ਕਦਮ ਚੁੱਕਿਆ ਸੀ, ਪਰ ਨਫਰਤੀ ਅਤੇ ਪੱਖਪਾਤੀ ਘਟਨਾਵਾਂ ਦੇ ਵਾਧੇ ਨੇ ਸਾਬਤ ਕਰ ਦਿੱਤਾ ਕਿ ਹੋਰ ਕੰਮ ਕਰਨ ਦੀ ਲੋੜ ਹੈ। ਇਸ ਲਈ ਇਹ ਹੌਟਲਾਈਨ ਜ਼ਰੂਰੀ ਹੈ। ਇਹ ਸਿਰਫ ਨੀਤੀ ਦੀ ਗੱਲ ਨਹੀਂ- ਇਹ ਲੋਕਾਂ ਦੀ ਗੱਲ ਹੈ।”
ਸਥਾਨਕ ਅਧਿਕਾਰੀ, ਵਕੀਲਾਂ ਅਤੇ ਭਾਈਚਾਰਕ ਮੈਂਬਰਾਂ ਨੇ ਇਸ ਪਾਇਲਟ ਪ੍ਰੋਗਰਾਮ ਦੀ ਖੁੱਲ੍ਹੀ ਹਮਾਇਤ ਕੀਤੀ ਅਤੇ ਇਸ ਨੂੰ ਜਵਾਬਦੇਹੀ, ਭਰੋਸਾ ਬਣਾਉਣ ਅਤੇ ਭਾਈਚਾਰੇ ਦੀ ਸੁਰੱਖਿਆ ਲਈ ਇੱਕ ਜ਼ਰੂਰੀ ਸਾਧਨ ਕਰਾਰ ਦਿੱਤਾ, ਖਾਸਕਰ ਅਜਿਹੇ ਸਮੇਂ ਵਿੱਚ ਜਦੋਂ ਰਾਜ ਭਰ ਵਿੱਚ ਨਫਰਤ-ਸਬੰਧੀ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login