ADVERTISEMENT

ADVERTISEMENT

ਤੀਜੀ ਦੁਨੀਆ: ਇਤਿਹਾਸ ਬਨਾਮ ਰਾਜਨੀਤੀ

ਤੀਜੀ ਦੁਨੀਆ” ਦਾ ਅਰਥ ਗਰੀਬੀ ਨਹੀਂ, ਸਗੋਂ ਰਾਜਨੀਤਿਕ ਗਠਜੋੜ ਸੀ

ਪ੍ਰਤੀਕ ਤਸਵੀਰ / REUTERS/Kevin Lamarque

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵ੍ਹਾਈਟ ਹਾਊਸ ਨੇੜੇ ਹੋਈ ਗੋਲੀਬਾਰੀ ਦੇ ਸੰਦਰਭ ਵਿੱਚ ਕਿਹਾ ਗਿਆ ਇਹ ਬਿਆਨ ਕਿ ਉਹ “ਸਾਰੇ ਤੀਜੀ ਦੁਨੀਆ ਦੇ ਦੇਸ਼ਾਂ” ਤੋਂ ਪ੍ਰਵਾਸ ਨੂੰ ਸਥਾਈ ਤੌਰ 'ਤੇ ਰੋਕ ਦੇਣਗੇ, ਅਮਰੀਕੀ ਰਾਜਨੀਤਿਕ ਬਹਿਸ ਵਿੱਚ “ਤੀਜੀ ਦੁਨੀਆ” ਸ਼ਬਦ ਨੂੰ ਇੱਕ ਵਾਰ ਫਿਰ ਕੇਂਦਰ ਵਿੱਚ ਲਿਆਇਆ ਹੈ। ਪਰ 20ਵੀਂ ਸਦੀ ਦੇ ਮੱਧ ਦੀ ਭੂ-ਰਾਜਨੀਤਿਕ ਸੋਚ ਵਿੱਚ ਜਨਮਿਆ ਇਹ ਸ਼ਬਦ ਅੱਜ ਦੇ ਸੰਦਰਭ ਨਾਲੋਂ ਕਿਤੇ ਵੱਧ ਗੁੰਝਲਦਾਰ ਅਤੀਤ ਰੱਖਦਾ ਹੈ। ਇਹ ਸੰਕਲਪ ਪਹਿਲਾਂ 1952 ਵਿੱਚ ਉਭਰਿਆ, ਜਦੋਂ ਫਰਾਂਸੀਸੀ ਜਨਸੰਖਿਆ ਵਿਗਿਆਨੀ ਅਲਫ਼੍ਰੇਡ ਸੌਵੀ ਨੇ ਸ਼ੀਤ ਯੁੱਧ ਦੌਰਾਨ ਦੁਨੀਆ ਨੂੰ ਤਿੰਨ ਬਲਾਕਾਂ ਵਿੱਚ ਵੰਡਿਆ ਦੱਸਿਆ:

ਪਹਿਲੀ ਦੁਨੀਆ — ਅਮਰੀਕਾ, ਪੱਛਮੀ ਯੂਰਪ ਅਤੇ ਉਨ੍ਹਾਂ ਦੇ ਸਹਿਯੋਗੀ (ਪੂੰਜੀਵਾਦੀ ਬਲਾਕ)
ਦੂਜੀ ਦੁਨੀਆ — ਸੋਵੀਅਤ ਯੂਨੀਅਨ, ਚੀਨ, ਕਿਊਬਾ ਅਤੇ ਹੋਰ ਕਮਿਊਨਿਸਟ ਸਹਿਯੋਗੀ
ਤੀਜੀ ਦੁਨੀਆ — ਉਹ ਦੇਸ਼ ਜੋ ਕਿਸੇ ਵੀ ਪੱਖ ਨਾਲ ਨਹੀਂ ਜੁੜੇ ਹੋਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਵਿੱਚ ਸਨ


ਇਹਨਾਂ ਪਰਿਭਾਸ਼ਾਵਾਂ ਅਧੀਨ, “ਤੀਜੀ ਦੁਨੀਆ” ਦਾ ਅਰਥ ਗਰੀਬੀ ਨਹੀਂ, ਸਗੋਂ ਰਾਜਨੀਤਿਕ ਗਠਜੋੜ ਸੀ। ਇਸ ਤਰਕ ਨਾਲ ਸਵਿਟਜ਼ਰਲੈਂਡ, ਫਿਨਲੈਂਡ ਅਤੇ ਆਸਟਰੀਆ ਵਰਗੇ ਨਿਰਪੱਖ ਅਤੇ ਖੁਸ਼ਹਾਲ ਦੇਸ਼ ਵੀ ਤਕਨੀਕੀ ਤੌਰ 'ਤੇ “ਤੀਜੀ ਦੁਨੀਆ” ਵਿੱਚ ਆਉਂਦੇ।

ਪਰ ਸ਼ੀਤ ਯੁੱਧ ਖ਼ਤਮ ਹੋਣ ਤੋਂ ਬਾਅਦ ਇਹ ਸ਼ਬਦਾਰਥ ਬਦਲ ਗਿਆ। ਪੱਛਮੀ ਵਰਤੋਂ ਵਿੱਚ “ਤੀਜੀ ਦੁਨੀਆ” -ਗਰੀਬ, ਅਸਥਿਰ ਜਾਂ ਘੱਟ ਵਿਕਸਤ ਦੇਸ਼ਾਂ ਲਈ ਵਰਤਿਆ ਜਾਣ ਲੱਗਾ, ਇੱਕ ਅਜਿਹਾ ਅਰਥ ਜਿਸਨੂੰ ਅੱਜ ਕਈ ਵਿਦਵਾਨ ਪੁਰਾਣਾ, ਗਲਤ ਅਤੇ ਅਪਮਾਨਜਨਕ ਮੰਨਦੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਪਰਿਭਾਸ਼ਾ ਖੇਤਰਾਂ ਦੇ ਅੰਦਰ ਮੌਜੂਦ ਤਰੱਕੀ, ਵਿਭਿੰਨਤਾ ਅਤੇ ਆਰਥਿਕ-ਸਮਾਜਿਕ ਬਦਲਾਅ ਨੂੰ ਅਣਦੇਖਾ ਕਰਦੀ ਹੈ।

ਅੱਜਕੱਲ੍ਹ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਬੈਂਕ ਵਰਗੇ ਸੰਸਥਾਨ “ਵਿਕਾਸਸ਼ੀਲ”, “ਘੱਟ ਵਿਕਸਤ”, “ਘੱਟ ਆਮਦਨੀ”, ਜਾਂ ਪ੍ਰਚਲਿਤ ਸ਼ਬਦ “ਗਲੋਬਲ ਸਾਊਥ” ਵਰਗੇ ਵਰਗੀਕਰਨਾਂ ਦਾ ਇਸਤੇਮਾਲ ਕਰਦੇ ਹਨ। ਇਹ ਸ਼ਬਦ ਸ਼ੀਤ ਯੁੱਧ ਦੀ ਰਾਜਨੀਤਿਕ ਛਾਂ ਤੋਂ ਬਚਦੇ ਹਨ ਅਤੇ ਆਮਦਨ, ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਅਤੇ ਵਿਕਾਸ ਦੇ ਹੋਰ ਸੂਚਕਾਂ 'ਤੇ ਆਧਾਰਿਤ ਹੁੰਦੇ ਹਨ।

ਭਾਰਤ ਇਤਿਹਾਸਕ ਤੌਰ 'ਤੇ “ਗੈਰ-ਗਠਜੋੜ ਅੰਦੋਲਨ” ਵਿੱਚ ਸ਼ਾਮਲ ਰਿਹਾ, ਪਰ ਆਧੁਨਿਕ ਗਲੋਬਲ ਵਰਗੀਕਰਨ ਭਾਰਤ ਨੂੰ ਵਿਕਾਸਸ਼ੀਲ ਰਾਸ਼ਟਰ ਮੰਨਦੀ ਹੈ, ਨਾ ਕਿ ਘੱਟ ਵਿਕਸਤ। ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ, ਇੱਕ ਮਹੱਤਵਪੂਰਨ ਭੂ-ਰਾਜਨੀਤਿਕ ਸ਼ਕਤੀ ਹੈ, ਅਤੇ ਤੇਜ਼ੀ ਨਾਲ ਉਭਰ ਰਹੇ ਤਕਨੀਕੀ ਅਤੇ ਉਦਯੋਗਿਕ ਅਧਾਰ ਦਾ ਕੇਂਦਰ ਹੈ, ਭਾਵੇਂ ਇਹ ਅਜੇ ਵੀ ਕਈ ਵਿਕਾਸੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਟਰੰਪ ਦਾ ਬਿਆਨ ਇਹ ਨਹੀਂ ਦੱਸਦਾ ਕਿ ਕੀ ਉਸਦੀ ਪਰਿਭਾਸ਼ਾ ਅਨੁਸਾਰ ਭਾਰਤ ਵੀ “ਤੀਜੀ ਦੁਨੀਆਂ” ਵਿੱਚ ਸ਼ਾਮਲ ਮੰਨਿਆਂ ਜਾਵੇਗਾ। ਪਰ ਲੱਖਾਂ ਭਾਰਤੀ-ਅਮਰੀਕੀਆਂ ਲਈ, ਜੋ ਕਿ ਅਮਰੀਕਾ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਅਤੇ ਆਰਥਿਕ ਤੌਰ 'ਤੇ ਸਫਲ ਡਾਇਸਪੋਰਾ ਸਮੂਹਾਂ ਵਿੱਚੋਂ ਹਨ, ਅਜਿਹੀ ਸ਼ਬਦਾਵਲੀ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਰਾਜਨੀਤਿਕ ਬਿਆਨਬਾਜ਼ੀ ਕਿਵੇਂ ਗੁੰਝਲਦਾਰ ਵਿਸ਼ਵ ਹਕੀਕਤਾਂ ਨੂੰ ਗਲਤ ਸ਼੍ਰੇਣੀਆਂ ਵਿੱਚ ਬਦਲ ਸਕਦੀ ਹੈ।
 

Comments

Related