ADVERTISEMENT

ADVERTISEMENT

ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ

ਗੁਰੂ ਸਾਹਿਬ ਦੁਨਿਆਵੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ 10 ਸਾਲ ਛੋਟੇ ਸਨ ਅਤੇ ਗੁਰਗੱਦੀ ’ਤੇ ਬੈਠਣ ਸਮੇਂ ਵੀ ਗੁਰੂ ਸਾਹਿਬ ਜੀ ਦੀ ਉਮਰ ਸਭ ਤੋਂ ਵੱਡੀ ਸੀ ਅਤੇ ਸਭ ਤੋਂ ਲੰਮੀ ਉਮਰ ਵੀ ਗੁਰੂ ਅਮਰ ਦਾਸ ਜੀ ਨੇ ਹੀ ਭੋਗੀ।

ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਰੂਪ ਦੀ ਚਿੱਤਰਕਾਰ ਦੀ ਕਲਪਨਾ / Courtesy Photo

ਸਿੱਖ ਇਤਿਹਾਸ ਅਤੇ ਖਾਸਕਰ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਉਹ ਮਹਾਨ ਰਹਿਬਰ ਵਜੋਂ ਦਰਜ ਹਨ, ਜਿਨਾਂ ਨੇ ਵਡੇਰੀ ਉਮਰ ਦੀ ਪ੍ਰਵਾਹ ਕੀਤੇ ਬਿਨਾਂ 11 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਅਤੇ ਆਪਣੀ ਸੇਵਾ ਭਗਤੀ ਅਤੇ ਘਾਲਣਾ ਸਦਕਾ ਸਿੱਖਾਂ ਦੇ ਤੀਜੇ ਗੁਰੂ ਦੇ ਰੂਪ ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ। ਇਸ ਉਪਰੰਤ ਸ੍ਰੀ ਗੁਰੂ ਅਮਰਦਾਸ ਜੀ ਨੇ ਕਈ ਅਹਿਮ ਕਾਰਜ ਕੀਤੇ, ਸਮੇਂ ਦੀ ਮੁਗ਼ਲ ਹਕੂਮਤ ਵੱਲੋਂ ਦੂਜੇ ਧਰਮਾਂ ਦੇ ਲੋਕਾਂ ’ਤੇ ਧਾਰਮਿਕ ਯਾਤਰਾ ਲਈ ਲਗਾਇਆ ਟੈਕਸ ਬਾਦਸ਼ਾਹ ਅਕਬਰ ਨੂੰ ਪ੍ਰੇਰਨਾ ਦੇ ਕੇ ਬੰਦ ਕਰਵਾਇਆ, ਗੁਰੂ ਨਾਨਕ ਸਾਹਿਬ ਦੇ ਨਿਰਮਲ ਸਿੱਖ ਪੰਥ ਦੀ ਨਿਆਰੀ ਹਸਤੀ ਨੂੰ ਸੰਸਥਾਗਤ ਰੂਪ ਦੇਣ ਲਈ ਰਾਮਕਲੀ ਰਾਗ ਵਿੱਚ ਅਨੰਦ ਸਾਹਿਬ ਦੀਆਂ ਚਾਲੀ ਪਉੜੀਆਂ ਪੜ ਕੇ ਅਨੰਦ ਵਿਆਹ ਦੀ ਆਰੰਭਤਾ ਕੀਤੀ, ਜਿਸ ਨੂੰ ਅੱਗੇ ਜਾ ਕੇ ਉਨਾਂ ਦੇ ਉੱਤਰਾਧਿਕਾਰੀ ਸ੍ਰੀ ਗੁਰੂ ਰਾਮਦਾਸ ਜੀ ਨੇ ‘ਲਾਵਾਂ’ ਦੀ ਬਾਣੀ ਉਚਾਰ ਕੇ ਮੁਕੰਮਲਤਾ ਬਖ਼ਸ਼ੀ। ਗੁਰੂ ਸਾਹਿਬ ਦੁਨਿਆਵੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ 10 ਸਾਲ ਛੋਟੇ ਸਨ ਅਤੇ ਗੁਰਗੱਦੀ ’ਤੇ ਬੈਠਣ ਸਮੇਂ ਵੀ ਗੁਰੂ ਸਾਹਿਬ ਜੀ ਦੀ ਉਮਰ ਸਭ ਤੋਂ ਵੱਡੀ ਸੀ ਅਤੇ ਸਭ ਤੋਂ ਲੰਮੀ ਉਮਰ ਵੀ ਗੁਰੂ ਅਮਰ ਦਾਸ ਜੀ ਨੇ ਹੀ ਭੋਗੀ। ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਸਰਬ-ਕਲਿਆਣਕਾਰੀ ਕਾਰਜਾਂ ਨੂੰ ਅੱਗੇ ਤੋਰਨ ਤੋਂ ਇਲਾਵਾ ਸਮਾਜਿਕ ਬਿਹਤਰੀ ਅਤੇ ਮਨੁੱਖੀ ਕਲਿਆਣ ਲਈ ਕਈ ਅਦੁੱਤੀ ਕਾਰਜ ਕੀਤੇ ਜਿਨਾਂ ਵਰਗੀ ਕੋਈ ਮਿਸਾਲ ਨਹੀਂ ਲੱਭਦੀ।

ਸ੍ਰੀ ਗੁਰੂ ਅਮਰਦਾਸ ਜੀ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਦਾ ਜਨਮ ਅੰਮਿ੍ਰਤਸਰ ਦੇ ਬਾਸਰਕੇ ਵਿਖੇ ਪਿਤਾ ਸ੍ਰੀ ਤੇਜ ਭਾਨ ਦੇ ਗ੍ਰਹਿ ਮਈ 1479 ਈ. ਨੂੰ ਹੋਇਆ। ਜਿਵੇਂ ਕਿ ਪਹਿਲਾਂ ਜ਼ਿਕਰ ਹੋਇਆ, ਸ੍ਰੀ ਗੁਰੂ ਅਮਰਦਾਸ ਜੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਦਸ ਸਾਲ ਛੋਟੇ ਸਨ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕਰੀਬ 25 ਸਾਲ ਵੱਡੇ ਸਨ। ਗੁਰੂ ਜੀ ਦਾ ਵਿਆਹ ਰਾਮ ਕੌਰ ਨਾਲ ਹੋਇਆ ਅਤੇ ਉਨਾਂ ਦੇ ਘਰ ਦੋ ਪੁੱਤਰ ਬਾਬਾ ਮੋਹਨ, ਬਾਬਾ ਮੋਹਰੀ ਅਤੇ ਦੋ ਧੀਆਂ ਬੀਬੀ ਭਾਨੀ ਅਤੇ ਬੀਬੀ ਦਾਨੀ ਜੀ ਦਾ ਜਨਮ ਹੋਇਆ। ਆਪਣੇ ਪਿਤਾ ਵਾਂਗ ਗੁਰੂ ਅਮਰਦਾਸ ਜੀ ਵੀ ਮੁੱਢ ਤੋਂ ਧਾਰਮਿਕ ਰੁਚੀਆਂ ਦੇ ਮਾਲਕ ਸਨ, ਜਿਸ ਕਾਰਨ ਗੁਰੂ ਜੀ 21 ਵਾਰ ਗੰਗਾ ਇਸ਼ਨਾਨ ਲਈ ਹਰਿਦੁਆਰ ਦੀ ਯਾਤਰਾ ਕਰ ਚੁੱਕੇ ਸਨ। ਤੀਰਥ ਯਾਤਰਾ ਦੀ ਵਾਪਸੀ ਦੌਰਾਨ ਇੱਕ ਵਾਰ ਬ੍ਰਹਮਚਾਰੀ ਸਾਧੂ ਦੇ ਮਿਲਾਪ ਨੇ ਆਪ ਜੀ ਦਾ ਜੀਵਨ ਤਬਦੀਲ ਕਰ ਦਿੱਤਾ, ਜਿਸ ਤੋਂ ਬਾਅਦ ਬਾਬਾ ਅਮਰਦਾਸ ਜੀ ਸੱਚੇ ਗੁਰੂ ਦੀ ਭਾਲ ’ਚ ਲੱਗ ਗਏ। ਇੱਕ ਦਿਨ ਬੀਬੀ ਅਮਰੋ ਤੋਂ ਗੁਰੂ ਸਾਹਿਬ ਦੇ ਕੰਨਾਂ ਵਿੱਚ ਬਾਣੀ ਦੀ ਮਿੱਠੀ ਆਵਾਜ਼ ਪਈ, ਜਿਸ ਨੇ ਆਪ ਜੀ ਦੇ ਮਨ ’ਤੇ ਡੂੰਘਾ ਅਸਰ ਕੀਤਾ ਅਤੇ ਇੱਥੋਂ ਹੀ ਉਨਾਂ ਦਾ ਜੀਵਨ ਤਬਦੀਲ ਹੋਣਾ ਸ਼ੁਰੂ ਹੋਇਆ।

ਇਸ ਘਟਨਾ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਪਹੁੰਚਕੇ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਨਾਂ ਨੂੰ ਆਪਣਾ ਗੁਰੂ ਧਾਰ ਲਿਆ। ਗੁਰੂ ਅਮਰਦਾਸ ਜੀ ਦੀ ਉਮਰ ਉਸ ਵੇਲੇ 62 ਸਾਲ ਦੇ ਕਰੀਬ ਸੀ ਜਦਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਮਰ ਕਰੀਬ ਸਾਢੇ 36 ਸਾਲ ਦੀ ਸੀ। ਗੁਰੂ ਅਮਰਦਾਸ ਜੀ ਦੀ ਉਮਰ ਵਡੇਰੀ ਸੀ, ਪਰ ਆਪ ਜੀ ਨੇ ਖਡੂਰ ਸਾਹਿਬ ਵਿਖੇ ਟਿਕ ਕੇ ਗੁਰੂ ਸਾਹਿਬ ਦੀ ਸੰਗਤ ਤੇ ਸੇਵਾ ਕਰਨ ਦਾ ਫ਼ੈਸਲਾ ਕੀਤਾ। ਇਸ ਤਰਾਂ ਲਗਾਤਾਰ 11 ਸਾਲ ਤਨਦੇਹੀ ਨਾਲ ਸੇਵਾ ਨਿਭਾਈ। ਆਪ ਜੀ ਅੰਮਿ੍ਰਤ ਵੇਲੇ ਉੱਠ ਕੇ ਹਰ ਰੋਜ਼ ਢਾਈਤਿੰਨ ਕੋਹ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ। ਇਸ ਤੋਂ ਇਲਾਵਾ ਲੰਗਰ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਸੰਗਤ ਨੂੰ ਪੱਖਾ ਝੱਲਣ ਵਰਗੀਆਂ ਸੇਵਾਵਾਂ ਆਪਣੇ ਹੱਥੀਂ ਕਰਦੇ। ਇਸੇ ਸੇਵਾ ਦੌਰਾਨ ਸ੍ਰੀ ਗੁਰੂ ਅਮਰਦਾਸ ਜੀ ਨੇ ਜੁਲਾਹੀ ਤੋਂ ‘ਅਮਰੂ ਨਿਥਾਵਾਂ’ ਵਰਗੇ ਕੁਬੋਲ ਵੀ ਸੁਣੇ, ਪਰ ਗੁਰੂ ਸਾਹਿਬ ਨੇ ਆਖ ਦਿੱਤਾ ‘ਕਮਲੀਏ, ਪਹਿਲਾਂ ਤਾਂ ਮੈਂ ਨਿਥਾਵਾਂ ਹੀ ਸਾਂ, ਪਰ ਹੁਣ ਤਾਂ ਮੇਰੇ ਗੁਰੂ ਸ੍ਰੀ ਗੁਰੂ ਅੰਗਦ ਸਾਹਿਬ ਜੀ ਹਨ, ਹੁਣ ਮੈਂ ਨਿਥਾਵਾਂ ਕਿੱਥੇ’?

 
ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਅਤੇ ਪ੍ਰਭੂ ਭਗਤੀ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਇੰਨੇ ਪ੍ਰਸੰਨ ਹੋਏ ਕਿ ਇੱਕ ਦਿਨ ਸ੍ਰੀ ਅਮਰਦਾਸ ਜੀ ਨੂੰ ਨਿਥਾਵਿਆਂ ਦੀ ਥਾਂ ਇੱਕ ਰਹਿਬਰ ਬਣਾ ਦਿੱਤਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਜੀ ਦੀ ਅਪਾਰ ਸੇਵਾ, ਸਮਰਪਣ ਭਾਵ ਅਤੇ ਗੁਰੂ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਣ ਕਾਰਨ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਲਈ ਸਭ ਤੋਂ ਯੋਗ ਜਾਣਦਿਆਂ 29 ਮਾਰਚ 1552 ਈ: ਨੂੰ ਤੀਸਰਾ ਗੁਰੂ ਥਾਪ ਦਿੱਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਾਂਅ ਦਾ ਨਗਰ ਵਸਾਇਆ ਤੇ ਜਨਤਾ ਦੀ ਪਾਣੀ ਦੀ ਕਮੀ ਦੂਰ ਕਰਨ ਲਈ ਉੱਥੇ ਇੱਕ ਬਾਉਲੀ ਬਣਾਈ। ਸ੍ਰੀ ਗੁਰੂ ਅਮਰਦਾਸ ਜੀ ਦੀ ਵਿਸ਼ੇਸ਼ ਕਿਰਪਾ ਅਤੇ ਘਾਲਣਾ ਨਾਲ ਵਸਿਆ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਇਸੇ ਨਜ਼ਰੀਏ ਤੋਂ ਸਿੱਖ ਸੰਗਤ ਵਿੱਚ ਸਤਿਕਾਰਯੋਗ ਸਥਾਨ ਰੱਖਦਾ ਹੈ। ਦਰਿਆ ਬਿਆਸ ਦੇ ਕਿਨਾਰੇ ’ਤੇ ਵਸੇ ਇਸ ਨਗਰ ਨੂੰ ‘ਸਿੱਖੀ ਦਾ ਧੁਰਾ’ ਕਰਕੇ ਵੀ ਸਤਿਕਾਰਿਆ ਜਾਂਦਾ ਹੈ। ਸਿੱਖਾਂ ਵਾਸਤੇ ਇਹ ਪਹਿਲਾ ਤੀਰਥ ਅਸਥਾਨ ਸੀ, ਜਿਸ ਦਾ ਨਿਰਮਾਣ ਗੁਰੂ ਜੀ ਨੇ ਆਪ ਆਰੰਭ ਕਰਵਾਇਆ ਅਤੇ ਇਸ ਦੀ ਤਿਆਰੀ ਲਈ ਲਗਭਗ ਛੇ ਸਾਲਾਂ ਦਾ ਸਮਾਂ ਲੱਗਾ। ਬਾਉਲੀ ਸਾਹਿਬ ਦਾ ਬਣਨਾ ਜਿੱਥੇ ਉਸ ਸਮੇਂ ਦੇ ਜਾਤੀ ਵੰਡ-ਵਿਤਕਰੇ ਉੱਪਰ ਇੱਕ ਕਰਾਰੀ ਚੋਟ ਸੀ, ਉੱਥੇ ਹੀ ਉਸ ਪੱਖ ਨੂੰ ਵੀ ਪੂਰਦੀ ਸੀ ਜਿਹੜਾ ‘ਮਾਨਸ ਕੀ ਜਾਤ ਸਭੇ ਏਕੈ ਪਹਿਚਾਨਬੋ’ ਦੇ ਮਹਾਂਵਾਕ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਤੋਂ ਹੀ ਗੁਰੂ ਨਾਨਕ ਨਾਮ-ਲੇਵਾ ਸੰਗਤ ਇਸ ਬਾਉਲੀ ਵਿੱਚ ਪਾਠ ਅਤੇ ਇਸ਼ਨਾਨ ਕਰਕੇ ਆਤਮਿਕ ਆਨੰਦ ਪ੍ਰਾਪਤ ਕਰਦੀ ਆ ਰਹੀ ਹੈ।    

ਧਾਰਮਿਕ ਅਤੇ ਆਤਮਿਕ ਸਿੱਖਿਆ ਦੇ ਨਾਲ-ਨਾਲ ਸ੍ਰੀ ਗੁਰੂ ਅਮਰਦਾਸ ਜੀ ਨੇ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਲਈ ਵੀ ਬਹੁਤ ਅਣਥੱਕ ਯਤਨ ਕੀਤੇ। ਨਿਥਾਵਿਆਂ ਦੀ ਥਾਂ ਰਹਿਬਰ ਬਣਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਦਰਸ਼ ਨੂੰ ਅੱਗੇ ਤੋਰਿਆ ਅਤੇ ਸਮਾਜ ’ਚੋਂ ਵਹਿਮ ਭਰਮ ਅਤੇ ਜਾਤ-ਪਾਤ ਖ਼ਤਮ ਕਰਨ ਲਈ ਵਿਸ਼ੇਸ਼ ਕਦਮ ਉਠਾਏ। ਗੁਰੂ ਸਾਹਿਬ ਨੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਹੁਕਮ ਕਰ ਦਿੱਤਾ ਕਿ ਦਰਸ਼ਨ ਤੋਂ ਪਹਿਲਾ ਲੰਗਰ ’ਚ ਹਰ ਸੇਵਕ ਪੰਗਤ ਕਰਦੇ ਹੋਏ ਪ੍ਰਸ਼ਾਦਾ ਛਕ ਕੇ ਆਵੇ ਅਤੇ ਧਾਰਮਿਕ ਰਿਵਾਇਤ ਦੇ ਨਾਲ-ਨਾਲ ਇਹ ਇੱਕ ਅਹਿਮ ਸਮਾਜਿਕ ਰੀਤ ਵੀ ਬਣੀ। ਬਾਦਸ਼ਾਹ ਅਕਬਰ ਤੇ ਹਰੀਪੁਰ ਦੇ ਰਾਜੇ ਨੂੰ ਵੀ ਗੁਰੂ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਪੰਗਤ ਵਿੱਚ ਸਾਰਿਆਂ ਨਾਲ ਬਰਾਬਰ ਬੈਠ ਕੇ ਲੰਗਰ ਛਕਣਾ ਪਿਆ। ਗੁਰੂ ਜੀ ਦਾ ਲੰਗਰ ਦਾ ਪ੍ਰਬੰਧ ਇੰਨਾ ਵਧੀਆ ਸੀ ਕਿ ਬਾਦਸ਼ਾਹ ਅਕਬਰ ਵੀ ਤਾਰੀਫ ਕੀਤੇ ਬਿਨਾਂ ਨਾ ਰਹਿ ਸਕਿਆ। ਪ੍ਰਭਾਵਿਤ ਹੋ ਕੇ ਬਾਦਸ਼ਾਹ ਨੇ ਲੰਗਰ ਲਈ ਜਗੀਰ ਦੇਣੀ ਚਾਹੀ। ਗੁਰੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਲੰਗਰ ਤਾਂ ਗੁਰਸਿੱਖਾਂ ਦੀ ਦਸਾਂ ਨਹੁੰਆਂ ਦੀ ਕਿਰਤ ਨਾਲ ਹੀ ਚੱਲਦਾ ਹੈ। ਫਿਰ ਅਕਬਰ ਨੇ ਬੀਬੀ ਭਾਨੀ ਜੀ ਨੂੰ ਆਪਣੀ ਪੁੱਤਰੀ ਸਮਾਨ ਜਾਣਦਿਆਂ ਵੱਡੀ ਜਗੀਰ ਬੀਬੀ ਭਾਨੀ ਜੀ ਦੇ ਨਾਂਅ ਲਗਾ ਦਿੱਤੀ। ਜਿੱਥੇ ਅੱਜਕਲ ਬੀੜ ਬਾਬਾ ਬੁੱਢਾ ਜੀ ਦਾ ਇਲਾਕਾ ਹੈ, ਉਹ ਜਗੀਰ ਬਾਦਸ਼ਾਹ ਨੇ ਬੀਬੀ ਭਾਨੀ ਜੀ ਦੇ ਨਾਂਅ ਲਗਵਾਈ ਸੀ। ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਚੋਣਵੇਂ ਸਿੱਖਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ। ਉਨਾਂ ਵੱਲੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਹਿੱਤ 22 ਮੰਜੀਆਂ ਦੀ ਸਥਾਪਨਾ ਕੀਤੀ।

ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ’ਤੇ ਬੈਠਣ ਉਪਰੰਤ ਆਪਣੇ ਰਹੱਸਵਾਦੀ ਅਨੁਭਵ ਨੂੰ ਬਾਣੀ ਰਾਹੀਂ ਪ੍ਰਗਟਾਉਣ ਦਾ ਕਾਰਜ ਕਰਨਾ ਸ਼ੁਰੂ ਕੀਤਾ। ਗੁਰੂ ਅਮਰਦਾਸ ਜੀ ਨੇ ਭਗਤੀ ਦੇ ਪ੍ਰੰਪਰਾਗਤ ਰੂਪ ਨੂੰ ਸਵੀਕਾਰ ਨਾ ਕਰਕੇ ਨਿਸ਼ਕਾਮ ਅਤੇ ਪ੍ਰੇਮ ਭਾਵਨਾ ਨਾਲ ਕੀਤੀ ਭਗਤੀ ਉੱਤੇ ਬਲ ਦਿੱਤਾ, ਕਿਉਂਕਿ ਇਸ ਵਿੱਚ ਕਿਸੇ ਪ੍ਰਕਾਰ ਦੀ ਉਪਚਾਰਤਾ ਦਾ ਅਭਾਵ ਹੈ। ਇਸ ਵਿਚਲੀ ਊਚ-ਨੀਚ ਦੀ ਵਿਰੋਧੀ ਭਾਵਨਾ ਨੇ ਸਮਾਜਿਕ ਮੇਲ ਮਿਲਾਪ ਦਾ ਮਾਰਗ ਤਿਆਰ ਕੀਤਾ, ਜੋ ਮਾਨਵਤਾ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ਭਗਤੀ ਸਾਧਨਾ ਲਈ ਗੁਰੂ ਜੀ ਨੇ ਪਾਖੰਡ, ਹੰਕਾਰ ਅਤੇ ਹਰ ਪ੍ਰਕਾਰ ਦੀਆਂ ਮਾੜੀਆਂ ਬਿਰਤੀਆਂ ਨੂੰ ਤਿਆਗਣ ਲਈ ਬਲ ਦਿੱਤਾ, ਕਿਉਂਕਿ ਇਹ ਸਭ ਭਗਤੀ ਦੇ ਵਿਰੋਧਕ ਤੱਤ ਹਨ। ਗੁਰੂ ਅਮਰਦਾਸ ਜੀ ਨੇ ਭਗਤੀ ਦੀ ਸੰਪੰਨਤਾ ਲਈ ਨਾਮ ਸਾਧਨਾ ਅਤੇ ਸਤਿਸੰਗਤ ਨੂੰ ਵੀ ਬਹੁਤ ਮਹੱਤਵ ਦਿੱਤਾ। ਅਸਲ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਵਿੱਚ ਕਿਸੇ ਵੀ ਵਿਅਕਤੀ ਦਾ ਜਿੱਤਣਾ ਹੀ ਸਹਿਯੋਗ ਅਤੇ ਅਗਵਾਈ ਕਿਉਂ ਨਾ ਰਹੀ ਹੋਵੇ ਪਰ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਨਾਲ ਪ੍ਰੇਰਣਾ ਸਦਕਾ ਦਿ੍ਰੜਤਾ, ਸਾਧਨਾ ਦੇ ਸਰੂਪ ਵਿੱਚ ਨਿਖਾਰ ਅਤੇ ਆਤਮ ਗਿਆਨ ਵਿੱਚ ਨਿਰੰਤਰ ਵਿਸਥਾਰ ਹੁੰਦਾ ਰਹਿੰਦਾ ਹੈ। ਗੁਰੂ ਅੰਗਦ ਸਾਹਿਬ ਜੀ ਨੇ ਗੁਰਬਾਣੀ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਣ ਦੀ ਪ੍ਰਥਾ ਆਰੰਭ ਕਰ ਦਿੱਤੀ ਸੀ। ਸਿੱਖਾਂ ਨੇ ਗੁਰਮੁਖੀ ਅੱਖਰਾਂ ਦਾ ਗਿਆਨ ਹਾਸਿਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਸੰਕਲਪ ਨੂੰ ਅੱਗੇ ਤੋਰਦੇ ਹੋਏ ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਗੁਰੂ ਦੇ ਸਿਧਾਂਤ ਅਤੇ ਗੁਰਬਾਣੀ ਦੀ ਮਹੱਤਤਾ ਨੂੰ ਦਿ੍ਰੜ ਕਰਵਾਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਸਿਰੀ, ਮਾਝ, ਗਉੜੀ, ਆਸਾ, ਗੁਜਰੀ, ਵਡਹੰਸ, ਸੋਰਿਠ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰਉ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ, ਕੁੱਲ 17 ਰਾਗਾਂ ਤੇ 907 ਸ਼ਬਦਾਂ ਦੇ ਰੂਪ ’ਚ ਹੈ। ਮਹਾਨ ਕੋਸ਼ ਅਨੁਸਾਰ ਆਪ ਦੇ ਸ਼ਬਦਾਂ ਦੀ ਗਿਣਤੀ 869 ਹੈ। ‘ਅਨੰਦ ਸਾਹਿਬ’ ਆਪ ਦੀ ਮਹਾਨ ਰਚਨਾ ਹੈ। 40 ਪਉੜੀਆਂ ਦੀ ਇਹ ਬਾਣੀ ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ ਦੇ ਜਨਮ ਸਮੇਂ 1554 ਵਿਚ ਉਚਾਰਣ ਕੀਤੀ ਸੀ। ਆਪ ਨੇ ‘ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ’ ਦੀ ਚਿਤਾਵਨੀ ਦੇ ਕੇ ਸੰਗਤਾਂ ਨੂੰ ਸੱਚੀ ਬਾਣੀ ਨਾਲ ਜੋੜਿਆ। ਮਹਾਨਕੋਸ਼ ਅਨੁਸਾਰ ਆਪ 95 ਵਰੇ 3 ਮਹੀਨੇ 27 ਦਿਨ ਦੀ ਆਯੂ ਵਿੱਚੋਂ 22 ਸਾਲ 5 ਮਹੀਨੇ ਗੁਰਗੱਦੀ ’ਤੇ ਬਿਰਾਜਮਾਨ ਰਹੇ। ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਪਾਤਿਸ਼ਾਹ ਜੀ ਦਾ ਬਚਨ ਮੰਨ ਕੇ ਹੀ ਨਵਾਂ ਨਗਰ ਅੰਮਿ੍ਰਤਸਰ ਵਸਾਇਆ ਸੀ ਅਤੇ ਇਹ ਅਸਥਾਨ ਅੱਜ ਸਿੱਖ ਧਰਮ ਦਾ ਮੁੱਖ ਕੇਂਦਰ ਹੈ ਜੋ ਕਿ ਸ੍ਰੀ ਗੁਰੂ ਅਮਰ ਦਾਸ ਜੀ ਦੀ ਇੱਕ ਹੋਰ ਬਖਸ਼ਿਸ਼ ਵਜੋਂ ਵੀ ਪ੍ਰਤੀਤ ਹੁੰਦਾ ਹੈ।  
 

Comments

Related

To continue...

Already have an account? Log in

Create your free account or log in