ADVERTISEMENT

ADVERTISEMENT

ਪਾਵਨ ਸਰੂਪਾਂ ਦੇ ਪ੍ਰਕਾਸ਼ਨ ਲਈ ਅਤਿ ਅਹਿਮ ਰਹੇਗਾ ਨਵੇਂ ਰੂਪ ਵਿਚ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ

ਭਵਨ ਦੇ ਨਵੀਨੀਕਰਨ ਕੀਤੇ ਹਾਲ, ਪਬਲੀਕੇਸ਼ਨ ਵਿਭਾਗ ਦੇ ਦਫ਼ਤਰ, ਲਿਟਰੇਚਰ ਘਰ ਅਤੇ ਪੰਜੀਕਰਨ ਵਾਲੀ ਪ੍ਰੈੱਸ ਦਾ ਉਦਘਾਟਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਨਵੀਨੀਕਰਨ ਕੀਤੇ ਅਸਥਾਨ, ਪਬਲੀਕੇਸ਼ਨ ਵਿਭਾਗ ਦੇ ਦਫ਼ਤਰ ਤੇ ਗੁਰਮਤਿ ਲਿਟਰੇਚਰ ਹਾਊਸ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਧੁਨਿਕ ਮਸ਼ੀਨ ਦਾ ਉਦਘਾਟਨ ਕੀਤਾ। 
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖਦਿਆਂ ਪਾਵਨ ਸਰੂਪਾਂ ਦੇ ਪ੍ਰਕਾਸ਼ਨ, ਸੇਵਾ ਸੰਭਾਲ ਤੇ ਰੱਖ-ਰਖਾਵ ਲਈ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਚਾਰ ਨੰਬਰ ਹਾਲ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਭੂਰੀਵਾਲਿਆਂ ਵੱਲੋਂ ਕਰਵਾਈ ਗਈ ਹੈ। ਇਸੇ ਤਰ੍ਹਾਂ ਪਬਲੀਕੇਸ਼ਨ ਵਿਭਾਗ ਦੇ ਦਫ਼ਤਰ ਅਤੇ ਲਿਟਰੇਚਰ ਹਾਊਸ ਨੂੰ ਵੀ ਨਵੇਂ ਸਿਰਿਉਂ ਤਿਆਰ ਕੀਤਾ ਗਿਆ ਹੈ। ਇਸ ਇਮਾਰਤ ਦੀ ਸੇਵਾ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਵਾਲਿਆਂ ਨੂੰ ਸੌਂਪੀ ਸੀ।

ਉਦਘਾਟਨ ਮਗਰੋਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦੀ ਆਸਥਾ ਦਾ ਧੁਰਾ ਹਨ, ਜਿਸ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣਾ ਸਿੱਖ ਸੰਸਥਾ ਦੀ ਵੱਡੀ ਜ਼ੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ਨ ਕੇਵਲ ਸ਼੍ਰੋਮਣੀ ਕਮੇਟੀ ਹੀ ਕਰਦੀ ਹੈ, ਜਿਥੋਂ ਪਾਵਨ ਸਰੂਪ ਮਰਯਾਦਾ ਅਨੁਸਾਰ ਸੰਗਤਾਂ ਤੱਕ ਪਹੁੰਚਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਦੇ ਨਵੀਨੀਕਰਨ ਦਾ ਮੁੱਖ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਅਤੇ ਸੰਭਾਲ ਦੀ ਪ੍ਰਕਿਰਿਆ ਨੂੰ ਹੋਰ ਸੰਚਾਰੂ ਅਤੇ ਮਰਯਾਦਾ ਪੂਰਨ ਬਣਾਉਣਾ ਹੈ। ਨਵੇਂ ਢਾਂਚੇ ਵਿਚ ਆਧੁਨਿਕ ਤਕਨੀਕਾਂ ਅਤੇ ਸਹੂਲਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਵਿਚ ਪੂਰਨ ਸੁਰੱਖਿਆ ਅਤੇ ਸਤਿਕਾਰ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਇਸੇ ਤਰ੍ਹਾਂ ਪਬਲੀਕੇਸ਼ਨ ਵਿਭਾਗ ਦਾ ਨਵਾਂ ਦਫ਼ਤਰ ਅਤੇ ਲਿਟਰੇਚਰ ਹਾਊਸ ਸਿੱਖ ਸਾਹਿਤ ਨੂੰ ਸੰਗਤ ਤੱਕ ਪਹੁੰਚਾਉਣ ਦਾ ਜ਼ਰੀਆ ਬਣੇਗਾ। ਇਥੋਂ ਸੰਗਤਾਂ ਗੁਰਬਾਣੀ ਦੀਆਂ ਪਾਵਨ ਪੌਥੀਆਂ ਅਤੇ ਗੁਰਮਤਿ ਲਿਟਰੇਚਰ ਪ੍ਰਾਪਤ ਕਰ ਸਕਣਗੀਆਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਧੁਨਿਕ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਮਸ਼ੀਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵੇਲੇ ਇਕ ‘ਸੇਵਾ ਪਛਾਣ ਅੰਕ’ ਕੋਡ ਦੇ ਰੂਪ ਵਿਚ ਅੰਕਿਤ ਕੀਤਾ ਜਾਵੇਗਾ। ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਬੰਧੀ ਜਾਣਕਾਰੀ ਨੂੰ ਸੰਭਾਲਿਆ ਜਾ ਸਕੇਗਾ, ਤਾਂ ਜੋ ਛਪਣ ਵਾਲੇ ਹਰ ਪਾਵਨ ਸਰੂਪ ਦੀ ਮੁਕੰਮਲ ਜਾਣਕਾਰੀ ਰੱਖੀ ਜਾ ਸਕੇ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਕਾਰਸੇਵਾ ਵਾਲੇ ਮਹਾਂਪੁਰਖਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

Comments

Related

To continue...

Already have an account? Log in

Create your free account or log in