ADVERTISEMENT

ADVERTISEMENT

ਘਰ ਦਾ ਸੁਪਨਾ ਬਣੇਗਾ ਹਕੀਕਤ: ਕੈਲੀਫੋਰਨੀਆ ਦਾ ‘ਡ੍ਰੀਮ ਫਾਰ ਆਲ’ ਪ੍ਰੋਗਰਾਮ

"ਡ੍ਰੀਮ ਫਾਰ ਆਲ" ਪ੍ਰੋਗਰਾਮ ਯੋਗ ਖਰੀਦਦਾਰਾਂ ਨੂੰ ਘਰ ਦੀ ਖਰੀਦ ਕੀਮਤ ਦਾ 20 ਪ੍ਰਤੀਸ਼ਤ ਤੱਕ ਦਾ ਲੋਨ ਪ੍ਰਦਾਨ ਕਰਦਾ ਹੈ

ਘਰ ਦਾ ਸੁਪਨਾ ਬਣੇਗਾ ਹਕੀਕਤ: ਕੈਲੀਫੋਰਨੀਆ ਦਾ ‘ਡ੍ਰੀਮ ਫਾਰ ਆਲ’ ਪ੍ਰੋਗਰਾਮ / Courtesy: AI-generated/ChatGPT

ਘਰਾਂ ਦੀਆਂ ਕੀਮਤਾਂ ਲਗਾਤਾਰ ਆਸਮਾਨ ਛੂਹ ਰਹੀਆਂ ਹਨ ਅਤੇ ਆਰਥਿਕ ਅਨਿਸ਼ਚਿਤਤਾ ਹੋਰ ਗਹਿਰੀ ਹੋ ਰਹੀ ਹੈ। ਇਸ ਸਥਿਤੀ ਵਿੱਚ ਕੈਲੀਫ਼ੋਰਨੀਆ ਦੇ ਅਧਿਕਾਰੀ ਅਤੇ ਹਾਊਸਿੰਗ ਮਾਹਰ ਕਹਿ ਰਹੇ ਹਨ ਕਿ ਰਾਜ ਦੀ ਸਹਾਇਤਾ ਨਾਲ ਚੱਲ ਰਿਹਾ 'ਡਾਊਨ ਪੇਮੈਂਟ ਅਸਿਸਟੈਂਸ ਪ੍ਰੋਗਰਾਮ' ਪਹਿਲੀ ਪੀੜ੍ਹੀ ਦੇ ਘਰ ਖਰੀਦਦਾਰਾਂ, ਖਾਸ ਕਰਕੇ ਪ੍ਰਵਾਸੀਆਂ ਅਤੇ ਘੱਟ ਗਿਣਤੀ ਭਾਈਚਾਰਿਆਂ ਲਈ ਇੱਕ ਮੌਕਾ ਪੇਸ਼ ਕਰ ਰਿਹਾ ਹੈ।

ਹਾਲ ਹੀ ਵਿੱਚ ਅਮਰੀਕਨ ਕਮਿਊਨਿਟੀ ਮੀਡੀਆ ਵੱਲੋਂ ਕਰਵਾਏ ਗਏ ਬ੍ਰੀਫ਼ਿੰਗ ਸੈਸ਼ਨ ਦੌਰਾਨ, ਕੈਲੀਫ਼ੋਰਨੀਆ ਹਾਊਸਿੰਗ ਫਾਇਨੈਂਸ ਏਜੰਸੀ, ਹਾਊਸਿੰਗ ਕਾਊਂਸਲਰਾਂ, ਰੀਅਲ ਐਸਟੇਟ ਮਾਹਿਰਾਂ ਅਤੇ ਪ੍ਰੋਗਰਾਮ ਤੋਂ ਲਾਭ ਪ੍ਰਾਪਤ ਕਰਨ ਵਾਲਿਆਂ ਨੇ ਵਿਆਖਿਆ ਕੀਤੀ ਕਿ ਕੈਲੀਫ਼ੋਰਨੀਆ ਡ੍ਰੀਮ ਫ਼ੋਰ ਆਲ ਸ਼ੇਅਰਡ ਐਪ੍ਰਿਸੀਏਸ਼ਨ ਲੋਨ ਪ੍ਰੋਗਰਾਮ ਕਿਵੇਂ ਯੋਗ ਖਰੀਦਦਾਰਾਂ ਨੂੰ ਘਰ ਮਾਲਕੀ ਦੀ ਸਭ ਤੋਂ ਵੱਡੀ ਰੁਕਾਵਟ, ਡਾਊਨ ਪੇਮੈਂਟ ਨੂੰ ਕਲੀਅਰ ਕਰਨ ਵਿੱਚ ਮਦਦ ਕਰ ਰਿਹਾ ਹੈ।

ਅਮਰੀਕਨ ਕਮਿਊਨਿਟੀ ਮੀਡੀਆ ਦੀ ਸੰਸਥਾਪਕ ਸੈਂਡੀ ਕਲੋਜ਼ ਨੇ ਕਿਹਾ, “ਇਹ ਪ੍ਰੋਗਰਾਮ ਇੱਕ ਉਮੀਦ ਦੀ ਕਿਰਨ ਹੈ। ਜਦੋਂ ਮਹਿੰਗਾਈ ਕਾਰਨ ਕਈ ਕੈਲੀਫ਼ੋਰਨੀਆ ਵਾਸੀਆਂ ਲਈ ਘਰ ਖਰੀਦਣਾ ਇੱਕ ਸੁਪਨਾ ਬਣਦਾ ਜਾ ਰਿਹਾ ਹੈ, ਇਹ ਯੋਜਨਾ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਿੰਦਗੀਆਂ ਨੂੰ ਬਦਲਦੀ ਹੈ।” 

ਪ੍ਰੋਗਰਾਮ ਬਾਰੇ

ਇਹ ਪ੍ਰੋਗਰਾਮ ਯੋਗ ਖਰੀਦਦਾਰਾਂ ਨੂੰ ਘਰ ਦੀ ਕੀਮਤ ਦਾ 20 ਪ੍ਰਤੀਸ਼ਤ ਤੱਕ ਲੋਨ ਦਿੰਦਾ ਹੈ, ਜਿਸਦੀ ਵਰਤੋਂ ਡਾਊਨ ਪੇਮੈਂਟ ਅਤੇ ਕਲੋਜ਼ਿੰਗ ਖਰਚਿਆਂ ਲਈ ਕੀਤੀ ਜਾ ਸਕਦੀ ਹੈ। ਜਦੋਂ ਘਰ ਵੇਚਿਆ ਜਾਂਦਾ ਹੈ, ਤਾਂ ਰਾਜ ਆਪਣਾ ਮੂਲ ਨਿਵੇਸ਼ ਅਤੇ ਘਰ ਦੀ ਵਧੀ ਹੋਈ ਕੀਮਤ ਦਾ 20 ਪ੍ਰਤੀਸ਼ਤ ਹਿੱਸਾ ਵਾਪਸ ਲਵੇਗਾ। 

ਉਦਾਹਰਨ ਵਜੋਂ, $500,000 ਦੇ ਘਰ 'ਤੇ $100,000 ਦੀ ਸਹਾਇਤਾ ਮਿਲ ਸਕਦੀ ਹੈ, ਜਿਸ ਨਾਲ ਖਰੀਦਦਾਰ ਦੀ ਮਾਸਿਕ ਕਿਸ਼ਤ ਵਿੱਚ ਔਸਤਨ $1,000 ਦੀ ਬੱਚਤ ਹੋ ਸਕਦੀ ਹੈ। ਅਗਲੇ ਦੌਰ ਲਈ ਅਰਜ਼ੀਆਂ 24 ਫਰਵਰੀ ਤੋਂ 16 ਮਾਰਚ 2026 ਤੱਕ ਖੁੱਲ੍ਹਣਗੀਆਂ। ਫੰਡਿੰਗ ਰਾਹੀਂ ਰਾਜ ਭਰ ਵਿੱਚ 1,500 ਤੋਂ 2,000 ਪਰਿਵਾਰਾਂ ਦੀ ਮਦਦ ਕੀਤੇ ਜਾਣ ਦੀ ਉਮੀਦ ਹੈ।

ਯੋਗਤਾ

ਕੈਲੀਫੋਰਨੀਆ ਹਾਊਸਿੰਗ ਫਾਈਨਾਂਸ ਏਜੰਸੀ (CalHFA) ਅਨੁਸਾਰ ਪਹਿਲੀ ਪੀੜ੍ਹੀ ਦੇ ਖਰੀਦਦਾਰ ਉਹ ਹਨ:

1. ਜਿਨ੍ਹਾਂ ਨੇ ਪਿਛਲੇ ਸੱਤ ਸਾਲਾਂ ਵਿੱਚ ਕੋਈ ਘਰ ਨਹੀਂ ਖਰੀਦਿਆ
2. ਜਿਨ੍ਹਾਂ ਦੇ ਮਾਪਿਆਂ ਕੋਲ ਅਮਰੀਕਾ ਵਿੱਚ ਕੋਈ ਘਰ ਨਹੀਂ ਹੈ
3. ਇਸ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਫੋਸਟਰ ਕੇਅਰ ਵਿੱਚ ਪਲੇ ਹਨ

CalHFA ਦੇ ਜਾਣਕਾਰੀ ਅਧਿਕਾਰੀ ਐਰਿਕ ਜੌਨਸਨ ਨੇ ਕਿਹਾ, “ਘਰ ਮਾਲਕੀ ਉਹ ਥਾਂ ਹੈ ਜਿੱਥੇ ਪਰਿਵਾਰ ਦੀ ਵੱਡੀ ਦੌਲਤ ਬਣਦੀ ਹੈ। ਕਈ ਭਾਈਚਾਰਿਆਂ ਨੂੰ ਲੰਬੇ ਸਮੇਂ ਤੋਂ ਇਸ ਮੌਕੇ ਤੋਂ ਵਾਂਝੇ ਰੱਖਿਆ ਗਿਆ ਹੈ।”

ਉਨ੍ਹਾਂ ਨੇ ਦੱਸਿਆ ਕਿ ਅੱਜ ਕਾਲੇ ਅਮਰੀਕੀ ਨਾਗਰਿਕਾਂ ਵਿੱਚ ਘਰ ਮਾਲਕੀ ਦੀ ਦਰ 1968 ਨਾਲੋਂ ਵੀ ਘੱਟ ਹੈ, ਜਦੋਂ ਫੇਅਰ ਹਾਊਸਿੰਗ ਐਕਟ ਲਾਗੂ ਹੋਇਆ ਸੀ। ਉਨ੍ਹਾਂ ਕਿਹਾ, “ਇਹ ਪ੍ਰੋਗਰਾਮ ਹਰ ਸਮੱਸਿਆ ਦਾ ਹੱਲ ਨਹੀਂ ਪਰ ਇਹ ਹੌਲੀ-ਹੌਲੀ ਬਦਲਾਅ ਲਿਆਉਂਦਾ ਹੈ।”

ਲਾਸ ਏਂਜਲਸ ਕਾਉਂਟੀ ਵਿੱਚ ਆਮਦਨ ਦੀ ਹੱਦ ਲਗਭਗ $148,000 ਹੈ, ਜਦੋਂ ਕਿ ਬੇਅ ਏਰੀਆ ਵਿੱਚ ਇਹ $200,000 ਤੋਂ ਵੱਧ ਹੋ ਸਕਦੀ ਹੈ। ਲਾਤੀਨੀ, ਏਸ਼ੀਆਈ ਅਤੇ ਪ੍ਰਵਾਸੀ ਭਾਈਚਾਰਿਆਂ ਨੂੰ ਭਾਸ਼ਾ ਦੀ ਰੁਕਾਵਟ ਅਤੇ ਅਮਰੀਕੀ ਮੋਰਗੇਜ ਸਿਸਟਮ ਦੀ ਘੱਟ ਜਾਣਕਾਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

CalHFA ਦੇ ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਇਹ ਪ੍ਰੋਗਰਾਮ ਕੋਈ ਤੁਰੰਤ ਹੱਲ ਨਹੀਂ, ਸਗੋਂ ਇਕ ਲੰਬੀ ਪ੍ਰਕਿਰਿਆ ਦਾ ਹਿੱਸਾ ਹੈ। ਐਰਿਕ ਜੌਨਸਨ ਨੇ ਕਿਹਾ, “ਸ਼ੁਰੂ ਕਰਨ ਲਈ ਸਭ ਤੋਂ ਵਧੀਆ ਸਮਾਂ ਹੁਣ ਹੈ।”

ਹਾਊਸਿੰਗ ਐਡਵੋਕੇਟ ਟਿਫਨੀ ਡੂਵਰਨੇ-ਸਮਿਥ ਨੇ ਆਪਣੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਕਦੇ ਬੇਘਰ ਸੀ, ਪਰ ਇਸ ਪ੍ਰੋਗਰਾਮ ਰਾਹੀਂ ਉਸਨੇ $725,000 ਦਾ ਘਰ ਖਰੀਦਿਆ। ਉਸਦਾ ਸੁਨੇਹਾ ਸੀ, "ਜੇ ਤੁਸੀਂ ਅਪਲਾਈ ਨਹੀਂ ਕਰੋਗੇ, ਤਾਂ ਜਵਾਬ ਕਦੇ ਵੀ 'ਹਾਂ' ਵਿੱਚ ਨਹੀਂ ਹੋਵੇਗਾ।"

Comments

Related

To continue...

Already have an account? Log in

Create your free account or log in