ਸੱਜਣ ਕੁਮਾਰ ਨੂੰ ਬਰੀ ਕਰਨ ਦੇ ਫੈਸਲੇ ਨੇ 1984 ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ- ਬੀਬੀ ਜਗਦੀਸ਼ ਕੌਰ / Screenshot
ਸਿੱਖ ਨਸਲਕੁਸ਼ੀ 1984 ਦੇ ਇੱਕ ਅਹੰਕਾਰਪੂਰਨ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੇ ਪੀੜਤ ਪਰਿਵਾਰਾਂ ਦੇ ਜਖ਼ਮ ਮੁੜ ਹਰੇ ਕਰ ਦਿੱਤੇ ਹਨ। ਇਸ ਫੈਸਲੇ ‘ਤੇ ਡੂੰਘਾ ਦੁੱਖ ਜਤਾਉਂਦਿਆਂ ਸਿੱਖ ਨਸਲਕੁਸ਼ੀ ਦੀ ਪੀੜਤ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਇਹ ਫੈਸਲਾ ਸਿੱਖ ਕੌਮ ਦੇ ਜਖ਼ਮਾਂ ‘ਤੇ ਨਮਕ ਛਿੜਕਣ ਵਰਗਾ ਹੈ।
ਬੀਬੀ ਜਗਦੀਸ਼ ਕੌਰ ਨੇ ਦੱਸਿਆ ਕਿ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਉਨ੍ਹਾਂ ਨੇ ਆਪਣਾ ਪਤੀ, ਜਵਾਨ ਪੁੱਤਰ ਅਤੇ ਤਿੰਨ ਭਰਾ ਗਵਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜਨਕਪੁਰੀ–ਵਿਕਾਸ ਪੁਰੀ ਇਲਾਕੇ ਵਿੱਚ ਏਅਰ ਫੋਰਸ ਦੇ ਇੱਕ ਉੱਚ ਅਧਿਕਾਰੀ ਅਤੇ ਉਸਦੇ ਜਵਾਨ ਪੁੱਤਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ, ਜਿਸ ਮਾਮਲੇ ਵਿੱਚ ਸੱਜਣ ਕੁਮਾਰ ਦਾ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਬਰੀ ਹੋਣ ਦੇ ਫੈਸਲੇ ਨੇ ਸਿੱਖ ਭਾਈਚਾਰੇ ਨੂੰ ਗਹਿਰਾ ਝਟਕਾ ਦਿੱਤਾ ਹੈ।
ਹੰਜੂ ਭਰੀਆਂ ਅੱਖਾਂ ਨਾਲ ਬੀਬੀ ਜਗਦੀਸ਼ ਕੌਰ ਨੇ ਉਹ ਦਰਦਨਾਕ ਮੰਜ਼ਰ ਯਾਦ ਕਰਦਿਆਂ ਕਿਹਾ ਕਿ ਅਨੇਕਾਂ ਦਬਾਅ, ਲਾਲਚ ਅਤੇ ਧਮਕੀਆਂ ਦੇ ਬਾਵਜੂਦ ਵੀ ਉਹ ਕਦੇ ਡਿਗੀਆਂ ਨਹੀਂ। ਮਾਈ ਭਾਗੋ ਦੀ ਵਾਰਿਸ ਹੋਣ ਦਾ ਫ਼ਰਜ਼ ਨਿਭਾਉਂਦਿਆਂ ਉਨ੍ਹਾਂ ਨੇ ਕਰੀਬ 35 ਸਾਲ ਤੱਕ ਲੰਬੀ ਕਾਨੂੰਨੀ ਲੜਾਈ ਲੜ ਕੇ ਸੱਜਣ ਕੁਮਾਰ ਨੂੰ ਜੇਲ੍ਹ ਤੱਕ ਪਹੁੰਚਾਇਆ ਸੀ।
ਉਨ੍ਹਾਂ ਕਿਹਾ ਕਿ ਅੱਜ ਫਿਰ ਨਿਆਂ ਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਉਨ੍ਹਾਂ ਦੀ ਮੰਗ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ 1984 ਦੇ ਪੀੜਤਾਂ ਨੂੰ ਅਸਲ ਇਨਸਾਫ਼ ਮਿਲ ਸਕੇ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਜਦ ਤੱਕ ਦੋਸ਼ੀਆਂ ਨੂੰ ਸਖ਼ਤ ਸਜ਼ਾ ਨਹੀਂ ਮਿਲਦੀ, ਤਦ ਤੱਕ ਸਿੱਖ ਨਸਲਕੁਸ਼ੀ ਦਾ ਜ਼ਖ਼ਮ ਕਦੇ ਭਰ ਨਹੀਂ ਸਕੇਗਾ।
ਉਨ੍ਹਾਂ ਆਖ਼ਰ ‘ਚ ਸਰਕਾਰ ਅਤੇ ਨਿਆਂਪਾਲਿਕਾ ਨੂੰ ਅਪੀਲ ਕੀਤੀ ਕਿ ਪੀੜਤਾਂ ਦੀ ਆਵਾਜ਼ ਸੁਣੀ ਜਾਵੇ ਅਤੇ ਇਨਸਾਫ਼ ਨੂੰ ਯਕੀਨੀ ਬਣਾਇਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login