ਅੱਜ ਮਿਤੀ 21 ਮਈ 2024 ਦਿਨ ਬੁੱਧਵਾਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਵਿੱਚ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੇ ਸਨਮੁਖ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਉੱਤੇ ਬੀਤੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਪਾਸੋਂ ਖਿਮਾ ਜਾਚਨਾ ਕੀਤੀ ਗਈ ਹੈ।
ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਦਾ ਪੱਖ ਸੁਣ ਕੇ ਕੀਤੀ ਗਈ ਖਿਮਾ ਜਾਚਨਾ ਦੇ ਤਹਿਤ ਪੁੱਜੇ ਪੱਖ ਨੂੰ ਪ੍ਰਵਾਨ ਕਰਦਿਆਂ ਅਗਾਂਹ ਤੋਂ ਇਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ, ਪੰਥਕ ਰਵਾਇਤਾਂ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ।
ਭਾਈ ਰਣਜੀਤ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਕਿ ਗੁਰੂ ਅਸਥਾਨ ਸਿੱਖ ਜੀਵਨ ਜਾਚ ਨੂੰ ਘੜ੍ਹਣ ਦੇ ਸੋਮੇ ਹਨ, ਗੁਰੂ ਸਾਹਿਬ ਵੱਲੋਂ ਆਪ ਬਣਵਾਏ ਪਵਿੱਤਰ ਸਰੋਵਰ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਸਨੇਹਾ ਦਿੰਦੇ ਹਨ। ਇਸ ਲਈ ਗੁਰੂ ਦੇ ਸਰੋਵਰਾਂ ਵਿਰੁੱਧ ਕੋਈ ਬਿਆਨੀ ਨਾ ਕੀਤੀ ਜਾਵੇ। ਗੁਰੂ ਪ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰੂ ਇਤਿਹਾਸ ਸੁਣਾਇਆ ਜਾਵੇ। ਸਿੱਖੀ ਪ੍ਰਚਾਰ ਦੇ ਮੰਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਇੱਕਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖ਼ਿਲਾਫ਼ ਕੋਈ ਨਿਜੀ ਟਿੱਪਣੀ ਨਾ ਕੀਤੀ ਜਾਵੇ। ਇਨ੍ਹਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਰੋਕ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਹਟਾਈ ਜਾਂਦੀ ਹੈ ਅਤੇ ਜੇਕਰ ਇਨ੍ਹਾਂ ਨੂੰ ਪ੍ਰਚਾਰ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਕਰ ਸਕਦੇ ਹਨ।ਇਸਦੇ ਨਾਲ ਹੀ ਹੋਰ ਵੀ ਕਈ ਮਾਮਲਿਆਂ ਦੀ ਸੁਣਵਾਈ ਕੀਤੀ ਗਈ।
ਮੁਲਾਜ਼ਮ ਬਲਵੀਰ ਸਿੰਘ ਦਾ ਮਾਮਲਾ
ਇਸਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਦੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦੇ ਮੁਲਾਜ਼ਮ ਬਲਵੀਰ ਸਿੰਘ ਦਾ ਮਾਮਲਾ ਵਿਚਾਰਿਆ ਗਿਆ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬਲਵੀਰ ਸਿੰਘ ਦੇ ਖ਼ਿਲਾਫ਼ ਗੁਰੂ ਘਰ ਦੀ ਹਦੂਦ ਅੰਦਰ ਇੱਕ ਮੁਲਾਜ਼ਮ ਬੀਬੀ ਨਾਲ ਕੀਤੇ ਕੁਕਰਮ/ਵਿਭਚਾਰ ਦਾ ਮਾਮਲਾ ਵਿਚਾਰਨ ਉੱਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ, ਕਿ ਇਸ ਵੱਲੋਂ ਕੀਤੇ ਗਏ ਇਸ ਗੁਨਾਹ ਨਾਲ ਗੁਰੂ ਘਰ ਦੀ ਮਰਯਾਦਾ ਅਤੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਇਸ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ। ਬਲਵੀਰ ਸਿੰਘ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਲਵੀਰ ਸਿੰਘ ਦੇ ਮਾਮਲਾ ਵਿੱਚ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਸਮੁੱਚੀ ਵਿਸਥਾਰਤ ਰਿਪੋਰਟ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੁਰੰਤ ਭੇਜਣਾ ਦਾ ਆਦੇਸ਼ ਕੀਤਾ ਜਾਂਦਾ ਹੈ।
ਗਿਆਨੀ ਗੁਰਮੁਖ ਸਿੰਘ ਦਾ ਮਾਮਲਾ
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਗਿਆਨੀ ਗੁਰਮੁਖ ਸਿੰਘ ਦਾ ਮਾਮਲਾ ਵੀ ਵਿਚਾਰਿਆ ਗਿਆ। ਪਖੰਡੀ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਸਬੰਧੀ ਗਿਆਨੀ ਗੁਰਮੁਖ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਗਈ ਹੈ।
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਨ੍ਹਾਂ ਵੱਲੋਂ ਪੁੱਜੀ ਖਿਮਾ ਜਾਚਨਾ ਪ੍ਰਵਾਨ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਗਿਆਨੀ ਗੁਰਮੁਖ ਸਿੰਘ 11 ਦਿਨ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਰੋਜ਼ ਇੱਕ ਘੰਟਾ ਜੂਠੇ ਭਾਂਡੇ ਮਾਂਜਣਗੇ, ਇੱਕ ਘੰਟਾ ਜੋੜਾ ਘਰ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਅਤੇ 11 ਦਿਨ ਹੀ ਹਰ ਰੋਜ਼ ਦੋ ਜਪੁਜੀ ਸਾਹਿਬ ਦੇ ਪਾਠ, ਦੋ ਤ੍ਵ ਪ੍ਰਸਾਦਿ ਸਵੱਯੇ (ਸ੍ਰਾਵਗ ਸੁੱਧ ਵਾਲੇ), ਇੱਕ ਆਸਾ ਦੀ ਵਾਰ ਦਾ ਪਾਠ ਕਰਨਗੇ। ਇਸ ਉਪਰੰਤ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਸ੍ਰੀ ਅਕਾਤ ਤਖ਼ਤ ਸਾਹਿਬ ਵਿਖੇ ਕਰਵਾ ਕੇ ਅਰਦਾਸ ਕਰਵਾਉਣਗੇ।
ਹਰਵਿੰਦਰ ਸਿੰਘ ਸਰਨਾ ਨੇ ਮੰਗੀ ਮੁਆਫੀ
ਹਰਵਿੰਦਰ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਤੇ ਸਿੰਘ ਸਾਹਿਬਾਨ ਸਬੰਧੀ ਕੀਤੀਆਂ ਗੈਰ-ਵਾਜ਼ਬ ਟਿੱਪਣੀਆਂ ਦੇ ਸਬੰਧ ਵਿੱਚ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਗਈ ਹੈ।
ਇਨ੍ਹਾਂ ਦੀ ਖਿਮਾ ਜਾਚਨਾ ਨੂੰ ਪ੍ਰਵਾਨ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ 11 ਦਿਨ ਹਰ ਰੋਜ਼ ਦੋ ਜਪੁਜੀ ਸਾਹਿਬ ਦੇ ਪਾਠ, ਦੋ ਕਬਿਯੋ ਬਾਚ ਬੇਨਤੀ ਚੌਪਈ ਸਾਹਿਬ ਦੇ ਪਾਠ ਕਰਨਗੇ। ਇਨ੍ਹਾਂ ਦੀ ਸਰੀਰਕ ਹਾਲਤ ਦੇ ਮੱਦੇਨਜ਼ਰ ਇਹ 11 ਦਿਨ ਬਾਅਦ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ੫੦੧ ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।
ਗਿਆਨੀ ਰਣਜੀਤ ਸਿੰਘ ਗੌਹਰ ਦੀਆ ਪੰਥਕ ਸੇਵਾਵਾਂ ਬਹਾਲ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਰਣਜੀਤ ਸਿੰਘ ਗੌਹਰ ਦਾ ਮਾਮਲਾ ਵੀ ਵਿਚਾਰਿਆ ਗਿਆ।ਗਿਆਨੀ ਰਣਜੀਤ ਸਿੰਘ ਗੌਹਰ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਗੁਰਪੁਰਵਾਸੀ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਵੱਲੋਂ ਮੈਂਬਰਾਂ ਨਾਲ ਮਸ਼ਵਰਾ ਕਰਕੇ ਉੱਚ-ਪੱਧਰੀ ਜਾਂਚ-ਕਮੇਟੀ ਬਣਾ ਕੇ ਇਨ੍ਹਾਂ ਦੇ ਨਿਰਦੋਸ਼ ਸਾਬਤ ਹੋਣ ਤੱਕ ਸੇਵਾ ਉੱਪਰ ਰੋਕ ਲਗਾਈ ਸੀ। ਇਸ ਸਬੰਧੀ ਗਿਆਨੀ ਰਣਜੀਤ ਸਿੰਘ ਗੌਹਰ ਨਾਲ ਹੋਈ ਬੇ-ਇਨਸਾਫੀ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਸੀ ਕਿ ਉਪਰੋਕਤ ਜਾਂਚ ਮੁਕੰਮਲ ਹੋਣ ’ਤੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।
ਦੁਬਾਰਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਆਦੇਸ਼ ਅਨੁਸਾਰ ਗਿਆਨੀ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਖਤਮ ਕਰਦਿਆਂ ਉਕਤ ਜਾਂਚ ਕਮੇਟੀ ਨੂੰ ਜਾਰੀ ਰੱਖਦਿਆਂ ਰਿਪੋਰਟ ਜਲਦ ਸੌਂਪਣ ਆਦੇਸ਼ ਕੀਤਾ ਗਿਆ ਸੀ। ਪਰੰਤੂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਨਾ ਨਹੀਂ ਕੀਤੀ ਬਲਕਿ ਸ. ਅਵਤਾਰ ਸਿੰਘ ਹਿੱਤ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਹੀ ਗੈਰ-ਸੰਵਿਧਾਨਕ ਆਖਿਆ।
ਗਿਆਨੀ ਰਣਜੀਤ ਸਿੰਘ ਗੌਹਰ ਨੇ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ। ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਪ੍ਰਾਪਤ ਹੋਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਧਿਆਨ-ਪੂਰਵਕ ਅਤੇ ਸੰਜੀਦਗੀ ਨਾਲ ਵਿਚਾਰਿਆ ਗਿਆ। ਇਹ ਰਿਪੋਰਟ ਖ਼ਾਲਸਾ ਪੰਥ ਦੇ ਸਨਮੁਖ ਜਨਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ।ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਗਿਆਨੀ ਰਣਜੀਤ ਸਿੰਘ ਗੌਹਰ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹੁੰਦੇ, ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਉਨ੍ਹਾਂ ਦੀਆਂ ਸੇਵਾਵਾਂ ਉੱਤੇ ਲੱਗੀ ਰੋਕ ਹਟਾਈ ਗਈ ਹੈ।
ਗਿਆਨੀ ਬਲਦੇਵ ਸਿੰਘ ਅਤੇ ਗਿਆਨੀ ਗੁਰਦਿਆਲ ਸਿੰਘ ਦਾ ਮਾਮਲਾ
ਇਸਦੇ ਨਾਲ ਹੀ ਗਿਆਨੀ ਬਲਦੇਵ ਸਿੰਘ ਅਤੇ ਗਿਆਨੀ ਗੁਰਦਿਆਲ ਸਿੰਘ ਦਾ ਮਾਮਲਾ ਵਿਚਾਰਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਉੱਥੋਂ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਕੋਲੋਂ ਪੰਜ ਪਿਆਰੇ ਨਿਯਤ ਕਰਕੇ ਪੰਜ ਦਿਨਾਂ ਦੇ ਅੰਦਰ-ਅੰਦਰ ਪੰਜ ਬਾਣੀਆਂ ਦਾ ਪਾਠ ਜੁਬਾਨੀ ਸੁਣ ਕੇ ਇਸ ਦੀ ਵੀਡੀਓਗ੍ਰਾਫੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਦਾ ਆਦੇਸ਼ ਹੋਇਆ ਸੀ।ਪਰੰਤੂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਕਤ ਆਦੇਸ਼ ਦੀ ਪਾਲਣਾ ਅੱਜ ਤੱਕ ਨਹੀਂ ਕੀਤੀ, ਜੋ ਕਿ ਵੱਡੀ ਉਲੰਘਣਾ ਹੈ। ਇਸ ਕਰਕੇ ਭਾਈ ਬਲਦੇਵ ਸਿੰਘ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਅਤੇ ਹੋਰ ਪੰਥਕ ਸੇਵਾਵਾਂ ਨਿਭਾਉਣ ਦੇ ਯੋਗ ਨਹੀਂ ਹਨ।
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਖ਼ਤ ਆਦੇਸ਼ ਕੀਤਾ ਜਾਂਦਾ ਹੈ ਕਿ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ। ਭਾਈ ਬਲਦੇਵ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਹੁਕਮ ਅਦੂਲੀ ਕਰਨ ਦੇ ਮੱਦੇਨਜ਼ਰ ਇਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣ, ਉਦੋਂ ਤੱਕ ਇਨ੍ਹਾਂ ਦੋਵਾਂ ਦੀਆਂ ਪੰਥਕ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ।
ਸਿੱਖ ਸ਼ਹੀਦ ਦੀ ਪਤਨੀ ਨੂੰ ਤੰਗ ਕਰਨ ਦਾ ਮਾਮਲਾ
ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ, ਹੈਮਿਲਟਨ (ਕੈਨੇਡਾ) ਦੀ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਗੁਰਦੁਆਰਾ ਸਾਹਿਬ ਵਿਖੇ ਰਹਿ ਰਹੇ ਸਿੱਖ ਸ਼ਹੀਦ ਡਾ. ਗੁਰਪ੍ਰੀਤ ਸਿੰਘ ਵਾਸੀ ਲੁਧਿਆਣਾ ਦੀ ਸੁਪਤਨੀ ਬੀਬੀ ਪਰਮਿੰਦਰਪਾਲ ਕੌਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀਆਂ ਸ਼ਿਕਾਇਤਾਂ ਵਿੱਚ ਸਾਹਮਣੇ ਆਇਆ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਪਤਿਤ ਹਨ, ਜੋ ਕਿ ਬੀਤੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ ਦੀ ਉਲੰਘਣਾ ਹੈ।
ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ। ਪ੍ਰਬੰਧਕ ਕਮੇਟੀ ਦੇ ਪਤਿਤ ਮੈਂਬਰ ਖਜਾਨਚੀ ਕੁਲਵਿੰਦਰ ਸਿੰਘ ਮੁਲਤਾਨੀ ਤੇ ਸਕੱਤਰ ਜੱਸ ਸੋਹਲ ਆਪਣਾ ਪੱਖ ਲਿਖਤੀ ਰੂਪ ਵਿੱਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ। ਜਦੋਂ ਤੱਕ ਇਹ ਆਪਣਾ ਪੱਖ ਨਹੀਂ ਰੱਖਦੇ ਇਨ੍ਹਾਂ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ ਬੀਬੀ ਪਰਮਿੰਦਰਪਾਲ ਕੌਰ ਨੂੰ ਉੱਥੇ ਗੁਰਦੁਆਰਾ ਸਾਹਿਬ ਵਿਖੇ ਹੀ ਸੇਵਾ ਦੇ ਕੇ ਯੋਗ ਸੇਵਾਫਲ/ਰਿਹਾਇਸ਼ ਦਾ ਪ੍ਰਬੰਧ ਯਕੀਨੀ ਬਣਾਏ ਅਤੇ ਇਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਦੀ ਜਿੰਮੇਵਾਰੀ ਪ੍ਰਬੰਧਕ ਕਮੇਟੀ ਦੀ ਹੋਵੇਗੀ। ਓਂਟਾਰੀਓ ਕੈਨੇਡਾ ਦੀ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾਏ। ਸਮੁੱਚਾ ਪੰਥ ਸ਼ਹੀਦ ਪਰਿਵਾਰਾਂ ਦਾ ਹਮੇਸ਼ਾ ਖਿਆਲ ਰੱਖੇ ਅਤੇ ਇਨ੍ਹਾਂ ਨੂੰ ਪੂਰਨ ਸਹਿਯੋਗ ਕੀਤਾ ਜਾਵੇ।
Comments
Start the conversation
Become a member of New India Abroad to start commenting.
Sign Up Now
Already have an account? Login