ADVERTISEMENT

ADVERTISEMENT

ਸ਼੍ਰੀ ਥਾਨੇਦਾਰ ਨੇ ਮਿਸ਼ੀਗਨ ਦੀ 13ਵੀਂ ਕਾਂਗਰੈਸ਼ਨਲ ਪ੍ਰਾਇਮਰੀ ਚੋਣ ਵਿੱਚ ਹਾਰ ਕੀਤੀ ਸਵੀਕਾਰ

ਇਸ ਹਾਰ ਨਾਲ ਮਿਸ਼ੀਗਨ ਦੇ 13ਵੇਂ ਕਾਂਗਰੈਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਲਈ ਤੀਜੀ ਵਾਰ ਚੁਣੇ ਜਾਣ ਦੀ ਥਾਨੇਦਾਰ ਦੀ ਕੋਸ਼ਿਸ਼ ਹੋ ਗਈ ਖ਼ਤਮ

 ਕਾਂਗਰਸ ਮੈਂਬਰ ਸ਼੍ਰੀ ਥਾਨੇਦਾਰ ਕਾਂਗਰਸ ਮੈਂਬਰ ਸ਼੍ਰੀ ਥਾਨੇਦਾਰ / Wikimedia commons

ਕਾਂਗਰਸ ਮੈਂਬਰ ਸ਼੍ਰੀ ਥਾਨੇਦਾਰ ਨੇ 5 ਅਗਸਤ ਨੂੰ ਮਿਸ਼ੀਗਨ ਦੇ 13ਵੇਂ ਕਾਂਗਰੈਸ਼ਨਲ ਜ਼ਿਲ੍ਹੇ ਲਈ ਹੋਈ ਡੈਮੋਕ੍ਰੈਟਿਕ ਪ੍ਰਾਇਮਰੀ ਚੋਣ ਵਿੱਚ ਸੂਬਾਈ ਪ੍ਰਤੀਨਿਧੀ ਡੋਨਾਵਨ ਮੈਕਕਿਨੀ ਤੋਂ ਹਾਰ ਸਵੀਕਾਰ ਕਰ ਲਈ।

ਵੇਨ ਕਾਊਂਟੀ ਦੇ ਅਨੁਮਾਨਿਤ ਨਤੀਜਿਆਂ ਅਨੁਸਾਰ, ਜਿੱਥੇ 95 ਫ਼ੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਸੀ, ਮੈਕਕਿਨੀ ਨੂੰ 57,714 ਵੋਟਾਂ ਜਾਂ 51.9 ਫ਼ੀਸਦੀ ਸਮਰਥਨ ਮਿਲਿਆ, ਜਦਕਿ ਥਾਨੇਦਾਰ ਨੂੰ 53,494 ਵੋਟਾਂ ਜਾਂ 48.1 ਫ਼ੀਸਦੀ ਵੋਟਾਂ ਮਿਲੀਆਂ।

ਚੋਣ ਤੋਂ ਬਾਅਦ ਜਾਰੀ ਬਿਆਨ ਵਿੱਚ ਥਾਨੇਦਾਰ ਨੇ ਮੈਕਕਿਨੀ ਨੂੰ ਵਧਾਈ ਦਿੱਤੀ ਅਤੇ ਮਿਸ਼ੀਗਨ ਦੇ 13ਵੇਂ ਜ਼ਿਲ੍ਹੇ ਦੀ ਕਾਂਗਰਸ ਵਿੱਚ ਨੁਮਾਇੰਦਗੀ ਕਰਨ ਦਾ ਮੌਕਾ ਦੇਣ ਲਈ ਵੋਟਰਾਂ ਦਾ ਧੰਨਵਾਦ ਕੀਤਾ।

ਥਾਨੇਦਾਰ ਨੇ ਕਿਹਾ, "ਮੈਂ ਪ੍ਰਤੀਨਿਧੀ ਡੋਨਾਵਨ ਮੈਕਕਿਨੀ ਨੂੰ ਸਖ਼ਤ ਮੁਕਾਬਲੇ ਵਾਲੀ ਚੋਣ ਲਈ ਵਧਾਈ ਦਿੰਦਾ ਹਾਂ। ਇਹ ਚੋਣੀ ਦੌਰ ਚੁਣੌਤੀਪੂਰਨ ਰਿਹਾ ਅਤੇ ਆਖ਼ਰਕਾਰ 13ਵੇਂ ਜ਼ਿਲ੍ਹੇ ਦੇ ਵੋਟਰਾਂ ਨੇ ਭਵਿੱਖ ਵਿੱਚ ਆਪਣੀ ਨੁਮਾਇੰਦਗੀ ਲਈ ਉਨ੍ਹਾਂ ਨੂੰ ਚੁਣਿਆ ਹੈ।" ਉਨ੍ਹਾਂ ਕਿਹਾ, "ਸੰਯੁਕਤ ਰਾਜ ਕਾਂਗਰਸ ਵਿੱਚ 13ਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਾ ਮੇਰੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਮੈਨੂੰ ਆਪਣੇ ਕੰਮ 'ਤੇ ਮਾਣ ਹੈ, ਜਿਸ ਵਿੱਚ 4,300 ਤੋਂ ਵੱਧ ਲੋਕਾਂ ਦੇ ਮਾਮਲਿਆਂ ਦਾ ਹੱਲ ਕਰਨਾ, ਜ਼ਿਲ੍ਹੇ ਦੇ ਹਰ ਹਿੱਸੇ ਦੇ ਪ੍ਰੋਜੈਕਟਾਂ ਲਈ 4.5 ਕਰੋੜ ਡਾਲਰ ਦੀ ਫੰਡਿੰਗ ਯਕੀਨੀ ਬਣਾਉਣਾ ਅਤੇ ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਖ਼ਿਲਾਫ਼ ਮੁਹਿੰਮ ਦੀ ਅਗਵਾਈ ਕਰਨਾ ਸ਼ਾਮਲ ਹੈ। ਮੈਂ ਆਪਣੇ ਕਾਰਜਕਾਲ ਦੀ ਬਾਕੀ ਮਿਆਦ ਦੌਰਾਨ ਸੇਵਾ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ ਅਤੇ ਪ੍ਰਤੀਨਿਧੀ ਮੈਕਕਿਨੀ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।"



ਬਾਅਦ ਵਿੱਚ ਥਾਨੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਮੈਕਕਿਨੀ ਨੂੰ ਫ਼ੋਨ ਕਰਕੇ ਵਧਾਈ ਦਿੱਤੀ ਅਤੇ ਸੁਚਾਰੂ ਤਬਦੀਲੀ ਲਈ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ X 'ਤੇ ਲਿਖਿਆ, "ਅੱਜ ਸਵੇਰੇ ਮੈਂ ਪ੍ਰਤੀਨਿਧੀ ਡੋਨਾਵਨ ਮੈਕਕਿਨੀ ਨੂੰ ਫ਼ੋਨ ਕਰਕੇ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ। ਮੈਂ ਉਨ੍ਹਾਂ ਨੂੰ ਪੂਰਾ ਸਹਿਯੋਗ ਅਤੇ ਸੁਚਾਰੂ ਤਬਦੀਲੀ ਦਾ ਭਰੋਸਾ ਦਿੱਤਾ ਹੈ।"

ਭਾਰਤੀ-ਅਮਰੀਕੀ ਉਦਯੋਗਪਤੀ ਥਾਨੇਦਾਰ 2022 ਵਿੱਚ ਭੀੜਭਾੜ ਵਾਲੀ ਡੈਮੋਕ੍ਰੈਟਿਕ ਪ੍ਰਾਇਮਰੀ ਚੋਣ ਜਿੱਤਣ ਤੋਂ ਬਾਅਦ 2023 ਤੋਂ ਮਿਸ਼ੀਗਨ ਦੇ 13ਵੇਂ ਕਾਂਗਰੈਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰ ਰਹੇ ਹਨ।

ਇਸ ਸਾਲ ਦੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਹਾਊਸ ਮਾਈਨੋਰਟੀ ਲੀਡਰ ਹਕੀਮ ਜੈਫ਼ਰੀਜ਼, ਡੈਮੋਕ੍ਰੈਟਿਕ ਵਿਪ ਕੈਥਰੀਨ ਕਲਾਰਕ ਅਤੇ ਹਾਊਸ ਡੈਮੋਕ੍ਰੈਟਿਕ ਕਾਕਸ ਦੇ ਚੇਅਰ ਪੀਟ ਐਗੁਇਲਾਰ ਦਾ ਸਮਰਥਨ ਮਿਲਿਆ। ਹਾਲਾਂਕਿ, ਡੈਮੋਕ੍ਰੈਟਿਕ ਲੀਡਰਸ਼ਿਪ ਦੇ ਸਮਰਥਨ ਤੋਂ ਬਿਨਾਂ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਚਲਾਉਣ ਦੀ ਉਨ੍ਹਾਂ ਦੀ ਅਸਫਲ ਕੋਸ਼ਿਸ਼, ਚੋਣ ਪ੍ਰਚਾਰ 'ਤੇ ਹੋਏ ਖ਼ਰਚ ਨੂੰ ਲੈ ਕੇ ਉੱਠੇ ਸਵਾਲ ਅਤੇ ਇਜ਼ਰਾਈਲ ਦੇ ਸਮਰਥਨ ਨੂੰ ਲੈ ਕੇ ਪ੍ਰਗਤੀਸ਼ੀਲ ਧੜੇ ਨਾਲ ਮਤਭੇਦਾਂ ਕਾਰਨ ਉਨ੍ਹਾਂ ਦੀ ਮੁੜ ਚੋਣ ਲੜਨ ਦੀ ਮੁਹਿੰਮ ਵਿਵਾਦਾਂ ਵਿੱਚ ਘਿਰ ਗਈ।

34 ਸਾਲਾ ਡੈਮੋਕ੍ਰੈਟਿਕ ਸਮਾਜਵਾਦੀ ਡੋਨਾਵਨ ਮੈਕਕਿਨੀ ਨੇ ਪ੍ਰਾਇਮਰੀ ਚੋਣ ਤੋਂ ਇੱਕ ਸਾਲ ਪਹਿਲਾਂ ਹੀ ਚੋਣ ਮੈਦਾਨ ਵਿੱਚ ਉਤਰਦਿਆਂ ਸਾਰਿਆਂ ਲਈ ਮੈਡੀਕੇਅਰ, ਕਿਫ਼ਾਇਤੀ ਰਿਹਾਇਸ਼ ਅਤੇ ਸਾਫ਼ ਊਰਜਾ ਵਿੱਚ ਵਧੇਰੇ ਨਿਵੇਸ਼ ਅਤੇ ਇਜ਼ਰਾਈਲ ਲਈ ਅਮਰੀਕੀ ਫ਼ੌਜੀ ਸਹਾਇਤਾ 'ਤੇ ਪਾਬੰਦੀਆਂ ਵਰਗੇ ਮੁੱਦਿਆਂ ਨੂੰ ਆਪਣੀ ਚੋਣ ਮੁਹਿੰਮ ਦਾ ਆਧਾਰ ਬਣਾਇਆ। ਉਨ੍ਹਾਂ ਨੇ ਆਪਣੇ ਗ਼ਰੀਬੀ ਵਿੱਚ ਬੀਤੇ ਬਚਪਨ, ਆਪਣੇ ਪਰਿਵਾਰ ਵਿੱਚ ਕਾਲਜ ਜਾਣ ਵਾਲੇ ਪਹਿਲੇ ਮੈਂਬਰ ਬਣਨ ਅਤੇ ਮਿਸ਼ੀਗਨ ਵਿਧਾਨ ਸਭਾ ਵਿੱਚ ਆਪਣੇ ਕੰਮ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ।

ਉਨ੍ਹਾਂ ਦੀ ਚੋਣ ਮੁਹਿੰਮ ਨੂੰ ਸੈਨੇਟਰ ਬਰਨੀ ਸੈਂਡਰਜ਼, ਪ੍ਰਤੀਨਿਧੀ ਰਸ਼ੀਦਾ ਤਲਾਇਬ, ਮਿਸ਼ੀਗਨ ਸੈਨੇਟ ਲਈ ਡੈਮੋਕ੍ਰੈਟਿਕ ਉਮੀਦਵਾਰ ਅਬਦੁਲ ਅਲ-ਸਈਦ ਅਤੇ ਜਸਟਿਸ ਡੈਮੋਕ੍ਰੈਟਸ ਅਤੇ ਲੀਡਰਜ਼ ਵੀ ਡਿਜ਼ਰਵ ਵਰਗੀਆਂ ਸੰਸਥਾਵਾਂ ਸਮੇਤ ਕਈ ਪ੍ਰਮੁੱਖ ਪ੍ਰਗਤੀਸ਼ੀਲ ਆਗੂਆਂ ਦਾ ਸਮਰਥਨ ਮਿਲਿਆ।

ਇਸ ਚੋਣ ਨੂੰ ਡੈਟਰਾਇਟ ਖੇਤਰ ਦੇ ਡੈਮੋਕ੍ਰੈਟਿਕ ਗੜ੍ਹ ਵਿੱਚ ਪਾਰਟੀ ਦੇ ਪ੍ਰਗਤੀਸ਼ੀਲ ਅੰਦੋਲਨ ਦੀ ਕਸੌਟੀ ਵਜੋਂ ਦੇਖਿਆ ਜਾ ਰਿਹਾ ਸੀ। ਮੈਕਕਿਨੀ ਦੀ ਜਿੱਤ ਉਸੇ ਰਾਤ ਹੋਈ, ਜਿਸ ਰਾਤ ਅਬਦੁਲ ਅਲ-ਸਈਦ ਨੇ ਮਿਸ਼ੀਗਨ ਤੋਂ ਅਮਰੀਕੀ ਸੈਨੇਟ ਲਈ ਡੈਮੋਕ੍ਰੈਟਿਕ ਨਾਮਜ਼ਦਗੀ ਜਿੱਤੀ, ਜਿਸ ਨਾਲ ਸੂਬੇ ਵਿੱਚ ਪ੍ਰਗਤੀਸ਼ੀਲ ਉਮੀਦਵਾਰਾਂ ਦੀ ਮਜ਼ਬੂਤੀ ਹੋਰ ਸਪੱਸ਼ਟ ਹੋ ਗਈ। ਨਵੰਬਰ ਵਿੱਚ ਹੋਣ ਵਾਲੀ ਆਮ ਚੋਣ ਵਿੱਚ ਮੈਕਕਿਨੀ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਟੀ.ਪੀ. ਨਾਇਕੋਰਿਆਕ ਨਾਲ ਹੋਵੇਗਾ।

Comments

Leave A Comment

Required fields are marked (*).

Related

Talk to us?