26 ਜਨਵਰੀ ਨੂੰ 77ਵੇਂ ਗਣਤੰਤਰ ਦਿਵਸ ਦੀ ਪਰੇਡ ਦੌਰਾਨ ਕੁੱਲ 30 ਝਾਕੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚੋਂ 17 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 13 ਮੰਤਰਾਲਿਆਂ/ਵਿਭਾਗਾਂ/ਸੇਵਾਵਾਂ ਦੀਆਂ ਹਨ।
‘ਸੁਤੰਤਰਤਾ ਕਾ ਮੰਤਰ: ਵੰਦੇ ਮਾਤਰਮ’ ਅਤੇ ‘ਸਮ੍ਰਿਧੀ ਕਾ ਮੰਤਰ: ਆਤਮਨਿਰਭਰ ਭਾਰਤ’ ਦੀ ਵਿਸ਼ਾਲ ਥੀਮ ਹੇਠ, ਇਹ ਝਾਕੀਆਂ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਵਧ ਰਹੀ ਆਤਮਨਿਰਭਰਤਾ ਦੇ ਦਮ 'ਤੇ ਦੇਸ਼ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਦੇ ਇੱਕ ਅਨੋਖੇ ਸੁਮੇਲ ਨੂੰ ਪੇਸ਼ ਕਰਨਗੀਆਂ, ਜੋ ਭਾਰਤ ਦੀ ਅਮੀਰ ਅਤੇ ਰੰਗ-ਬਿਰੰਗੀ ਸੱਭਿਆਚਾਰਕ ਵਿਭਿੰਨਤਾ ਵਿੱਚ ਰੰਗਿਆ ਹੋਇਆ ਹੋਵੇਗਾ।
ਇਸ ਸਾਲ ਜਿਨ੍ਹਾਂ ਰਾਜਾਂ ਦੀਆਂ ਝਾਂਕੀਆਂ ਖਾਸ ਧਿਆਨ ਖਿੱਚਣਗੀਆਂ, ਉਨ੍ਹਾਂ ਵਿੱਚ ਪੰਜਾਬ, ਮੱਧ ਪ੍ਰਦੇਸ਼, ਅਸਾਮ, ਛੱਤੀਸਗੜ੍ਹ ਅਤੇ ਗੁਜਰਾਤ ਸ਼ਾਮਲ ਹਨ।
ਪੰਜਾਬ ਸੂਬੇ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਝਾਂਕੀ ਪ੍ਰਦਰਸ਼ਿਤ ਕੀਤੀ ਜਾਵੇਗੀ। ਜਿਨ੍ਹਾਂ ਜਾਲਮ ਮੁਗਲ ਹਕੂਮਤ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਖਿਲਾਫ ਡੱਟ ਕੇ ਅਵਾਜ਼ ਬੁਲੰਦ ਕੀਤੀ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਆਪ ਦਾ ਬਲਿਦਾਨ ਦਿੱਤਾ।ਉਨ੍ਹਾਂ ਦੀ ਕੁਰਬਾਨੀ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀ ਮਿਲਦੀ ਜਦੋਂ ਕਿਸੇ ਦੂਜੇ ਧਰਮ ਦੇ ਵਿਸ਼ਵਾਸ਼ਾਂ ਅਤੇ ਚਿੰਨਾਂ ਲਈ ਕਿਸੇ ਨੇ ਬਲਿਦਾਨ ਦਿੱਤਾ ਹੋਵੇ।ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦੁਨੀਆਂ ਦੀ ਸਭ ਤੋਂ ਪਹਿਲੀ ਸ਼ਹਾਦਤ ਸੀ।
ਮੱਧ ਪ੍ਰਦੇਸ਼ ਦੀ ਝਾਂਕੀ 18ਵੀਂ ਸਦੀ ਦੇ ਹੋਲਕਰ ਰਾਜਵੰਸ਼ ਦੀ ਰਾਣੀ ਦੇਵੀ ਅਹਿਲਿਆਬਾਈ ਹੋਲਕਰ ਨੂੰ ਸਮਰਪਿਤ ਹੋਵੇਗੀ, ਜੋ ਆਪਣੇ ਸ਼ਾਸਨ ਮਾਡਲ, ਸਮਾਜਿਕ ਸੁਧਾਰਾਂ ਅਤੇ ਧਾਰਮਿਕ ਯੋਗਦਾਨ ਲਈ ਜਾਣੀ ਜਾਂਦੀ ਹੈ। ਝਾਂਕੀ ਦੇ ਅਗਲੇ ਹਿੱਸੇ ਵਿੱਚ ਅਹਿਲਿਆਬਾਈ ਹੋਲਕਰ ਦੀ ਕਮਲ 'ਤੇ ਬੈਠੀ ਅਤੇ ਹੱਥ ਵਿੱਚ ਪਵਿੱਤਰ ਸ਼ਿਵਲਿੰਗ ਫੜੀ ਹੋਈ ਮੂਰਤੀ ਦਿਖਾਈ ਜਾਵੇਗੀ। ਵਿਚਕਾਰਲੇ ਹਿੱਸੇ ਵਿੱਚ ਉਨ੍ਹਾਂ ਨੂੰ ਮੰਤਰੀਆਂ ਅਤੇ ਸਿਪਾਹੀਆਂ ਨਾਲ ਦਿਖਾਇਆ ਜਾਵੇਗਾ, ਜਦਕਿ ਪਿਛਲਾ ਹਿੱਸਾ ਇਤਿਹਾਸਕ ਮਹੇਸ਼ਵਰ ਘਾਟਾਂ ਅਤੇ ਕਿਲ੍ਹੇ ਨੂੰ ਦਰਸਾਏਗਾ।
ਅਸਾਮ ਦੀ ਝਾਂਕੀ ਧੂਬਰੀ ਜ਼ਿਲ੍ਹੇ ਦੇ ਮਸ਼ਹੂਰ ਟੈਰਾਕੋਟਾ ਸ਼ਿਲਪਕਾਰੀ ਪਿੰਡ ਆਸ਼ਾਰੀਕਾਂਡੀ 'ਤੇ ਕੇਂਦਰਿਤ ਹੋਵੇਗੀ। ਇਹ ਝਾਂਕੀ ਰਾਜ ਦੇ ਨਦੀ ਸੱਭਿਆਚਾਰ ਅਤੇ ਰਵਾਇਤੀ ਰੋਜ਼ੀ-ਰੋਟੀ ਰਾਹੀਂ ਆਤਮਨਿਰਭਰਤਾ ਦੀ ਭਾਵਨਾ ਨੂੰ ਉਜਾਗਰ ਕਰੇਗੀ।
ਛੱਤੀਸਗੜ੍ਹ ਦੀ ਝਾਂਕੀ ਨਵਾਂ ਰਾਏਪੁਰ ਵਿੱਚ ਸਥਿਤ ਦੇਸ਼ ਦੇ ਪਹਿਲੇ ਡਿਜੀਟਲ ਅਜਾਇਬ ਘਰ ਨੂੰ ਪ੍ਰਦਰਸ਼ਿਤ ਕਰੇਗੀ, ਜੋ ਜਨਜਾਤੀ ਵੀਰ ਨਾਇਕਾਂ ਨੂੰ ਸਮਰਪਿਤ ਹੈ। ਇਸ ਵਿੱਚ 1910 ਦੇ ਭੂਮਕਾਲ ਬਗਾਵਤ ਦੇ ਨਾਇਕ ਵੀਰ ਗੁੰਡਾਧੁਰ ਅਤੇ ਰਾਜ ਦੇ ਪਹਿਲੇ ਸ਼ਹੀਦ ਵੀਰ ਨਾਰਾਇਣ ਸਿੰਘ ਦੀ ਬਹਾਦਰੀ ਨੂੰ ਦਿਖਾਇਆ ਜਾਵੇਗਾ। ਉਨ੍ਹਾਂ ਨੇ ਅਕਾਲ ਦੌਰਾਨ ਗਰੀਬਾਂ ਦੀ ਭਲਾਈ ਲਈ ਸੰਘਰਸ਼ ਕੀਤਾ ਅਤੇ 1857 ਦੀ ਪਹਿਲੀ ਆਜ਼ਾਦੀ ਦੀ ਜੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਗੁਜਰਾਤ ਦੀ ਝਾਂਕੀ ਭਾਰਤੀ ਰਾਸ਼ਟਰੀ ਝੰਡੇ ਦੀ ਯਾਤਰਾ ਅਤੇ ਇਸ ਦੇ ਵਿਕਾਸ ਨੂੰ ਦਰਸਾਏਗੀ। ਇਸ ਵਿੱਚ ਸ਼ਿਆਮਜੀ ਕ੍ਰਿਸ਼ਨਾ ਵਰਮਾ, ਸਰਦਾਰ ਸਿੰਘ ਰਾਣਾ ਅਤੇ ਮੈਡਮ ਭੀਖਾਜੀ ਕਾਮਾ ਵਰਗੇ ਨੇਤਾਵਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਜਾਵੇਗਾ, ਜਿਨ੍ਹਾਂ ਨੇ 1907 ਵਿੱਚ ਪੈਰਿਸ ਵਿੱਚ ‘ਵੰਦੇ ਮਾਤਰਮ’ ਵਾਲਾ ਝੰਡਾ ਲਹਿਰਾਇਆ ਸੀ। ਮਹਾਤਮਾ ਗਾਂਧੀ ਅਤੇ ਚਰਖਾ ਵੀ ਇਸ ਵਿੱਚ ਪ੍ਰਮੁੱਖਤਾ ਨਾਲ ਦਿਖਾਏ ਜਾਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login