ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਵਿਦਿਆਰਥੀ ਜਥੇਬੰਦੀ "ਸੱਥ" ਵੱਲੋਂ ਅੱਜ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਪ੍ਰਦਰਸ਼ਨ ਰਾਜਸਥਾਨ ‘ਚ ਇੱਕ ਗੁਰਸਿੱਖ ਵਿਦਿਆਰਥਣ ਨਾਲ ਹੋਏ ਧੱਕੇ ਦੀ ਨਿੰਦਾ ਕਰਦਿਆਂ ਕੀਤਾ ਗਿਆ, ਜਿੱਥੇ ਇੱਕ ਪ੍ਰੀਖਿਆ ਕੇਂਦਰ ‘ਚ ਪੇਪਰ ਦੇਣ ਆਈ ਗੁਰਸਿੱਖ ਲੜਕੀ ਨੂੰ ਉਸਦੇ ਧਾਰਮਿਕ ਕਕਾਰ — ਕੜਾ ਅਤੇ ਕਿਰਪਾਨ — ਉਤਾਰਨ ਲਈ ਮਜਬੂਰ ਕੀਤਾ ਗਿਆ।
ਸੱਥ ਦੇ ਵਿਦਿਆਰਥੀ ਆਗੂ ਜੁਝਾਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਇਹ ਕੋਈ ਪਹਿਲਾ ਵਾਕਿਆ ਨਹੀਂ। ਪਿਛਲੇ ਕੁਝ ਸਾਲਾਂ ਤੋਂ ਸਿੱਖ ਵਿਦਿਆਰਥੀਆਂ ਨੂੰ ਯੂਜੀਸੀ-ਨੈੱਟ ਤੋਂ ਲੈ ਕੇ ਹੋਰ ਕੌਮੀ ਇਮਤਿਹਾਨਾਂ ‘ਚ ਕਈ ਵਾਰ ਇੰਝ ਹੀ ਧਾਰਮਿਕ ਪਛਾਣ ਦੇ ਆਧਾਰ ‘ਤੇ ਤੰਗ ਕੀਤਾ ਗਿਆ ਹੈ। ਅਜਿਹਾ ਲੱਗਦਾ ਹੈ ਕਿ ਦੇਸ਼ ਵਿੱਚ ਸਿੱਖ ਪਹਿਚਾਣ ਵਿਰੁੱਧ ਨਫਰਤ ਦੀ ਲਹਿਰ ਚੱਲ ਰਹੀ ਹੈ, ਜੋ ਹੌਲੀ-ਹੌਲੀ ਸਿੱਖ ਨੌਜਵਾਨਾਂ ਦੇ ਆਤਮ ਸਨਮਾਨ ‘ਤੇ ਹਮਲਾ ਕਰ ਰਹੀ ਹੈ।
ਉਨ੍ਹਾਂ ਕਿਹਾ, "ਸਾਨੂੰ ਅਫ਼ਸੋਸ ਹੁੰਦਾ ਹੈ ਕਿ ਜੋ ਕੌਮ ਆਜ਼ਾਦੀ ਦੀ ਲੜਾਈ 'ਚ ਅੱਗੇ ਸੀ, ਅੱਜ ਉਸਦੇ ਨੌਜਵਾਨਾਂ ਨੂੰ ਆਪਣੀ ਪਹਿਚਾਣ ਸਾਬਤ ਕਰਨ ਲਈ ਰੋਜ਼ ਲੜਨਾ ਪੈਂਦਾ ਹੈ। ਕਦੇ ਕਿਰਪਾਨ ਨੂੰ ਲੈ ਕੇ ਰੋਕ ਲਾਉਣ ਦੀ ਕੋਸ਼ਿਸ਼, ਕਦੇ ਕੜਾ ਉਤਾਰਨ ਲਈ ਮਜਬੂਰ ਕਰਨਾ — ਇਹ ਸਿੱਖੀ ਤੇ ਸਿੱਖ ਨੌਜਵਾਨਾਂ ਦੀ ਖ਼ਿਲਾਫ਼ਤ ਨਹੀਂ ਤਾਂ ਹੋਰ ਕੀ ਹੈ?"
ਜੁਝਾਰ ਸਿੰਘ ਨੇ ਆਖਿਆ ਕਿ ਇਹ ਸਿਰਫ ਧਾਰਮਿਕ ਮਾਮਲਾ ਨਹੀਂ, ਸਗੋਂ ਮੌਲਿਕ ਅਧਿਕਾਰਾਂ ਦੀ ਉਲੰਘਣਾ ਵੀ ਹੈ। ਸਿੱਖ ਧਰਮ ਦੇ ਪੰਜ ਕਕਾਰਾਂ ਵਿਚੋਂ ਕਿਰਪਾਨ ਅਤੇ ਕੜਾ ਸਿੱਖੀ ਦੀ ਪਛਾਣ ਹਨ, ਜਿਨ੍ਹਾਂ ਨੂੰ ਸੰਵਿਧਾਨਿਕ ਤੌਰ 'ਤੇ ਵੀ ਸੁਰੱਖਿਆ ਪ੍ਰਾਪਤ ਹੈ। ਇਨ੍ਹਾਂ ਦੇ ਉਤਾਰਨ ਲਈ ਕਿਸੇ ਨੂੰ ਮਜਬੂਰ ਕਰਨਾ ਸਿੱਧਾ-ਸਿੱਧਾ ਸਿੱਖੀ ਉੱਤੇ ਹਮਲਾ ਹੈ।
ਸੱਥ ਦੇ ਆਗੂ ਨੇ ਆਖਿਆ ਕਿ "ਅਸੀਂ ਇਹ ਲੜਾਈ ਹਾਲੇ ਰੋਕਣ ਵਾਲੇ ਨਹੀਂ। ਜੇ ਸਰਕਾਰਾਂ, ਵਿਦਿਆ ਸੰਸਥਾਵਾਂ ਅਤੇ ਪ੍ਰੀਖਿਆ ਬੋਰਡ ਸਿੱਖ ਵਿਦਿਆਰਥੀਆਂ ਦੀ ਪਹਿਚਾਣ ਦੀ ਇੱਜ਼ਤ ਨਹੀਂ ਕਰਦੀਆਂ, ਤਾਂ ਅਸੀਂ ਇਹ ਲਹਿਰ ਨੂੰ ਹੋਰ ਵੀ ਵਧਾਵਾਂਗੇ। ਉਹਨਾਂ ਇਹ ਵੀ ਕਿਹਾ ਕਿ ਇਹ ਮਾਮਲਾ ਸਿਰਫ ਰਾਜਸਥਾਨ ਦਾ ਨਹੀਂ, ਸਗੋਂ ਦੇਸ਼ ਦੇ ਕਈ ਇਲਾਕਿਆਂ ਵਿੱਚ ਵਧਦੀ ਹੋਈ ਹਿੰਦੂਤਵ ਸੋਚ ਦਾ ਨਤੀਜਾ ਹੈ, ਜਿੱਥੇ ਸੰਵਿਧਾਨਿਕ ਪਹਿਚਾਣਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ। ਸੋ ਸਿੱਖ ਵਿਦਿਆਰਥੀਆਂ ਨਾਲ ਹੋ ਰਹੇ ਵਿਤਕਰੇ ਦੀ ਲੰਮੀ ਲੜਾਈ ਲੜਣ ਲਈ ਜਥੇਬੰਦੀ ਵੱਲੋਂ ਰਾਜ ਪੱਧਰੀ ਅਤੇ ਕੌਮੀ ਪੱਧਰ ਤੇ ਰਣਨੀਤੀ ਬਣਾਈ ਜਾ ਰਹੀ ਹੈ।
ਵਿਦਿਆਰਥੀ ਜਥੇਬੰਦੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖ ਵਿਦਿਆਰਥੀਆਂ ਦੀ ਪਹਿਚਾਣ ਦੀ ਸੁਰੱਖਿਆ ਨਹੀਂ ਕੀਤੀ ਗਈ ਤਾਂ ਸਿੱਖ ਨੌਜਵਾਨ ਸੜਕਾਂ ਤੇ ਉਤਰ ਆਉਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login