ਅਮਰੀਕਾ-ਭਾਰਤ ਦਰਮਿਆਨ ਵਪਾਰਕ ਸੰਬੰਧਾਂ ਨੂੰ ਝਟਕਾ ਦਿੰਦੇ ਹੋਏ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਹੈਰਾਨੀਜਨਕ ਐਲਾਨ ਕੀਤਾ, ਜਿਸ ਵਿੱਚ ਉਹਨਾਂ ਕਿਹਾ ਕਿ ਭਾਰਤ ਉੱਤੇ 1 ਅਗਸਤ ਤੋਂ 25% ਟੈਰਿਫ਼ ਲਾਗੂ ਕੀਤਾ ਜਾਵੇਗਾ, ਨਾਲ ਹੀ ਹੋਰ ਜੁਰਮਾਨੇ ਵੀ ਲਗਾਏ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਉੱਚੇ ਟੈਰਿਫ਼ ਲਗਾਉਂਦਾ ਹੈ, ਵਪਾਰ 'ਚ ਰੁਕਾਵਟਾਂ ਪੈਦਾ ਕਰਦਾ ਹੈ ਅਤੇ ਰੂਸ ਨਾਲ ਇਸਦੇ ਐਨਰਜੀ ਤੇ ਡੀਫੈਂਸ ਸੰਬੰਧ ਚੱਲ ਰਹੇ ਹਨ।
ਟਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਰਾਹੀਂ ਕੀਤੀ ਗਈ ਇਹ ਘੋਸ਼ਣਾ, ਇਸ ਸਾਲ ਜਨਵਰੀ ਵਿੱਚ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਪ੍ਰਤੀ ਉਨ੍ਹਾਂ ਦੀ ਸਭ ਤੋਂ ਸਪੱਸ਼ਟ ਆਲੋਚਨਾ ਹੈ। ਟਰੰਪ ਨੇ ਲਿਖਿਆ, "ਭਾਰਤ ਸਾਡਾ ਦੋਸਤ ਹੈ, ਪਰ ਉਨ੍ਹਾਂ ਦੇ ਟੈਰਿਫ਼ ਦੁਨੀਆ ਵਿੱਚ ਸਭ ਤੋਂ ਉੱਚੇ ਹਨ। ਸਾਡਾ ਉਨ੍ਹਾਂ ਨਾਲ ਕਦੇ ਵੀ ਵੱਡਾ ਵਪਾਰ ਨਹੀਂ ਹੋਇਆ। ਉਨ੍ਹਾਂ ਕੋਲ ਸਭ ਤੋਂ ਸਖ਼ਤ ਅਤੇ ਤੰਗ ਕਰਨ ਵਾਲੀਆਂ ਵਪਾਰਕ ਰੁਕਾਵਟਾਂ ਹਨ।” ਟਰੰਪ ਨੇ ਰੂਸੀ ਫੌਜੀ ਹਾਰਡਵੇਅਰ ਅਤੇ ਤੇਲ ਦੀ ਖਰੀਦਦਾਰੀ 'ਤੇ ਭਾਰਤ ਦੀ ਲੰਬੇ ਸਮੇਂ ਤੋਂ ਨਿਰਭਰਤਾ ਦੀ ਵੀ ਆਲੋਚਨਾ ਕੀਤੀ, ਇਸ ਨੂੰ ਯੂਕਰੇਨ ਵਿੱਚ ਚੱਲ ਰਹੇ ਯੁੱਧ ਨਾਲ ਜੋੜਿਆ।
ਟਰੰਪ ਨੇ ਕਿਹਾ, "ਉਨ੍ਹਾਂ ਨੇ ਹਮੇਸ਼ਾ ਆਪਣੇ ਫੌਜੀ ਉਪਕਰਣਾਂ ਦਾ ਇੱਕ ਵੱਡਾ ਹਿੱਸਾ ਰੂਸ ਤੋਂ ਖਰੀਦਿਆ ਹੈ ਅਤੇ ਚੀਨ ਦੇ ਨਾਲ-ਨਾਲ ਰੂਸ ਦੇ ਐਨਰਜੀ ਦੇ ਸਭ ਤੋਂ ਵੱਡੇ ਖਰੀਦਦਾਰ ਹਨ। ਅਜਿਹੇ ਸਮੇਂ ਵਿੱਚ ਜਦੋਂ ਹਰ ਕੋਈ ਚਾਹੁੰਦਾ ਹੈ ਕਿ ਰੂਸ ਯੂਕਰੇਨ 'ਚ ਕਤਲੇਆਮ ਬੰਦ ਹੋਵੇ - ਇਹ ਸਭ ਚੰਗਾ ਨਹੀਂ!" ਉਸੇ ਪੋਸਟ ਵਿੱਚ, ਟਰੰਪ ਨੇ ਐਲਾਨ ਕੀਤਾ, "ਹੁਣ ਭਾਰਤ 1 ਅਗਸਤ ਤੋਂ 25% ਟੈਰਿਫ ਅਤੇ ਨਾਲ ਹੀ ਵਾਧੂ ਜੁਰਮਾਨਾ ਅਦਾ ਕਰੇਗਾ।" ਹਾਲਾਂਕਿ, ਟਰੰਪ ਪ੍ਰਸ਼ਾਸਨ ਵੱਲੋਂ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕਿਹੜੀਆਂ ਵਸਤੂਆਂ 'ਤੇ ਟੈਰਿਫ ਲਾਗੂ ਹੋਣਗੇ ਜਾਂ ਜੁਰਮਾਨਾ ਕੀ ਹੋਵੇਗਾ। ਉਥੇ ਹੀ ਇਸ ਮਾਮਲੇ 'ਚ ਭਾਰਤ ਸਰਕਾਰ ਨੇ ਅਜੇ ਕੋਈ ਰਸਮੀ ਜਵਾਬ ਜਾਰੀ ਨਹੀਂ ਕੀਤਾ ਹੈ।
ਅਮਰੀਕਾ ਅਤੇ ਭਾਰਤ ਨੇ ਪਿਛਲੇ ਦੋ ਦਹਾਕਿਆਂ ਤੋਂ ਰੱਖਿਆ, ਸਿੱਖਿਆ, ਜਲਵਾਯੂ ਅਤੇ ਤਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਇੱਕ ਰਣਨੀਤਕ ਸਾਂਝ ਵਿਕਸਤ ਕੀਤੀ ਹੈ। ਹਾਲਾਂਕਿ, ਵਪਾਰਕ ਤਣਾਅ ਸਮੇਂ-ਸਮੇਂ 'ਤੇ ਉੱਭਰਦਾ ਰਿਹਾ ਹੈ, ਖਾਸ ਕਰਕੇ 2017 ਤੋਂ 2021 ਤੱਕ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ।
2019 ਵਿੱਚ, ਟਰੰਪ ਨੇ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸਿਜ਼ (GSP) ਦੇ ਤਹਿਤ ਮਿਲਦੀ ਵਪਾਰਕ ਛੂਟ ਰੱਦ ਕਰ ਦਿੱਤੀ ਸੀ, ਜਿਸ ਨਾਲ ਅਰਬਾਂ ਡਾਲਰ ਦੇ ਭਾਰਤੀ ਨਿਰਯਾਤ ਪ੍ਰਭਾਵਿਤ ਹੋਏ ਸਨ। ਉਹ ਅਕਸਰ ਭਾਰਤ ਨੂੰ "ਟੈਰਿਫ ਕਿੰਗ" ਕਹਿ ਕੇ ਸੰਬੋਧਤ ਕਰਦੇ ਰਹੇ ਹਨ। ਤਣਾਅ ਦੇ ਬਾਵਜੂਦ, ਟਰੰਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਅਕਤੀਗਤ ਟਿਊਨਿੰਗ ਕਾਫੀ ਵਧੀਆ ਰਹੀ। ਜਿਸ ਨੂੰ ਹਿਊਸਟਨ ਅਤੇ ਅਹਿਮਦਾਬਾਦ ਵਿੱਚ "ਹਾਉਡੀ ਮੋਦੀ" ਅਤੇ "ਨਮਸਤੇ ਟਰੰਪ" ਰੈਲੀਆਂ ਵਿੱਚ ਵੇਖਿਆ ਗਿਆ। ਪਰ ਹੁਣ, ਟਰੰਪ ਦੀਆਂ ਤਾਜ਼ਾ ਟਿੱਪਣੀਆਂ ਨਾਲ ਲੱਗਦਾ ਹੈ ਕਿ ਉਹ ਇਸ ਰਿਸ਼ਤੇ ਵਿਚਕਾਰ ਇੱਕ ਸਖ਼ਤ ਅਤੇ ਰਣਨੀਤਿਕ ਤਬਦੀਲੀ ਦਾ ਸੰਕੇਤ ਦੇ ਰਹੇ ਹਨ - ਜੋ ਵਪਾਰਕ ਅਤੇ ਰਾਜਨੀਤਿਕ ਤਾਲਮੇਲ ਨੂੰ ਲੰਬੇ ਸਮੇਂ ਲਈ ਪ੍ਰਭਾਵਿਤ ਕਰ ਸਕਦੀ ਹੈ।
ਭਾਰਤ ਦੀ ਰੂਸ 'ਤੇ ਫੌਜੀ ਨਿਰਭਰਤਾ ਕੋਲਡ ਵਾਰ ਦੇ ਦੌਰ ਤੋਂ ਚੱਲੀ ਆ ਰਹੀ ਹੈ। SIPRI ਦੇ ਅਨੁਸਾਰ, ਭਾਰਤ ਦੇ ਰੱਖਿਆ ਆਯਾਤ ਦਾ 45-50% ਅਜੇ ਵੀ ਰੂਸ ਤੋਂ ਆਉਂਦਾ ਹੈ। ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਬਾਅਦ, ਭਾਰਤ ਨੇ ਰੂਸੀ ਤੇਲ ਦੀ ਖਰੀਦ 'ਚ ਇਜਾਫਾ ਕੀਤਾ ਹੈ। ਨਵੀਂ ਦਿੱਲੀ ਨੇ ਦਲੀਲ ਦਿੱਤੀ ਹੈ ਕਿ ਇਹ ਫੈਸਲੇ ਰਾਸ਼ਟਰੀ ਹਿੱਤ ਵਿੱਚ ਹਨ।
ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦੇ ਸਾਬਕਾ ਸਲਾਹਕਾਰ ਅਤੇ ਇੱਕ ਪ੍ਰਮੁੱਖ ਭਾਰਤੀ ਅਮਰੀਕੀ ਡੈਮੋਕਰੇਟ ਅਜੈ ਭੂਟੋਰੀਆ ਨੇ ਟਰੰਪ ਦੇ ਟੈਰਿਫ ਐਲਾਨ ਦੀ ਸਖ਼ਤ ਆਲੋਚਨਾ ਕੀਤੀ। ਭੂਟੋਰੀਆ ਨੇ ਕਿਹਾ, "ਇੱਕ ਵਚਨਬੱਧ ਡੈਮੋਕਰੇਟ ਵਜੋਂ, ਮੈਂ ਇਸ ਤੋਂ ਬਹੁਤ ਚਿੰਤਤ ਹਾਂ।" "ਮੈਂ ਪਹਿਲਾਂ ਹੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸਾਵਧਾਨ ਕੀਤਾ ਸੀ ਅਤੇ ਕਮਲਾ ਹੈਰਿਸ ਲਈ ਸਮਰਥਨ ਦੀ ਅਪੀਲ ਕੀਤੀ ਸੀ। ਹੁਣ, ਅਸੀਂ ਨਤੀਜੇ ਦੇਖ ਰਹੇ ਹਾਂ।" ਉਨ੍ਹਾਂ ਨੇ ਦਲੀਲ ਦਿੱਤੀ ਕਿ ਟੈਰਿਫ ਨਾ ਸਿਰਫ਼ ਦੁਵੱਲੇ ਸਬੰਧਾਂ ਨੂੰ ਖਤਰੇ ਵਿੱਚ ਪਾਵੇਗਾ ਬਲਕਿ ਦੱਖਣੀ ਏਸ਼ੀਆਈ ਲੋਕਾਂ ਦੀ ਰੋਜ਼ੀ-ਰੋਟੀ ਨੂੰ ਵੀ ਖਤਰੇ ਵਿੱਚ ਪਾਵੇਗਾ। ਉਹਨਾਂ ਨੇ ਇਸ ਕਦਮ ਨੂੰ ਭਾਰਤੀ-ਅਮਰੀਕੀ ਭਾਈਚਾਰੇ ਲਈ ਸਿੱਧਾ ਅਪਮਾਨ ਵੀ ਕਿਹਾ।
ਦੱਖਣੀ ਏਸ਼ੀਆਈ ਭਾਈਚਾਰੇ ਨੂੰ ਸੰਗਠਿਤ ਹੋਣ ਦੀ ਅਪੀਲ ਕਰਦੇ ਹੋਏ, ਭੂਟੋਰੀਆ ਨੇ ਮੀਡੀਆ ਅਦਾਰਿਆਂ ਨੂੰ ਆਪਣੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੰਤ ਵਿੱਚ ਕਿਹਾ, "ਦੱਖਣੀ ਏਸ਼ੀਆਈ ਮੀਡੀਆ ਨੂੰ ਇਸ ਜ਼ਰੂਰੀ ਮਾਮਲੇ ਨੂੰ ਹੱਲ ਕਰਨ ਲਈ ਸਾਡੀ ਅਪੀਲ ਨੂੰ ਉੱਚੇ ਪੱਧਰ 'ਤੇ ਉਠਾਉਣਾ ਚਾਹੀਦਾ ਹੈ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login