ADVERTISEMENT

ADVERTISEMENT

ਮਿਸੀਸਾਗਾ: ਅਪਾਰਟਮੈਂਟ ਕਿਰਾਇਆ ਧੋਖਾਧੜੀ ਮਾਮਲੇ ‘ਚ ਦੋ ਭਾਰਤੀਆਂ ‘ਤੇ ਦੋਸ਼

ਪੁਲੀਸ ਵੱਲੋਂ ਦੋਵਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ; ਘੱਟੋ-ਘੱਟ 8 ਪੀੜਤਾਂ ਤੋਂ 30 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ ਦਾ ਦੋਸ਼

 ਪ੍ਰਤੀਕ ਫੋਟੋ ਪ੍ਰਤੀਕ ਫੋਟੋ / File Photo

ਪੀਲ ਰੀਜਨਲ ਪੁਲੀਸ ਨੇ ਮਿਸੀਸਾਗਾ ਵਿੱਚ ਕਥਿਤ ਅਪਾਰਟਮੈਂਟ ਕਿਰਾਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਹੈ।

ਪੁਲੀਸ ਨੇ ਸਸਕੈਚਵਨ ਦੇ ਸਸਕਾਟੂਨ ਵਾਸੀ 23 ਸਾਲਾ ਜਸ਼ਨਪ੍ਰੀਤ ਸਿੱਧੂ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਾਸੀ 24 ਸਾਲਾ ਪ੍ਰਿਆਂਸ਼ੂ ਗੋਇਲ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਪੁਲੀਸ ਮੁਤਾਬਕ ਦੋਵਾਂ ’ਤੇ ਜਨਵਰੀ ਅਤੇ ਫਰਵਰੀ 2025 ਦੌਰਾਨ ਸੋਸ਼ਲ ਮੀਡੀਆ ਰਾਹੀਂ ਅਪਾਰਟਮੈਂਟ ਕਿਰਾਏ ’ਤੇ ਦੇਣ ਦੇ ਕਥਿਤ ਇਸ਼ਤਿਹਾਰ ਪਾਉਣ ਦਾ ਦੋਸ਼ ਹੈ।

ਜਾਂਚ ਅਨੁਸਾਰ, ਕਿਰਾਏ ਦੀ ਭਾਲ ਕਰ ਰਹੇ ਲੋਕਾਂ ਨੇ ਇਸ਼ਤਿਹਾਰਾਂ ਦੇ ਆਧਾਰ ’ਤੇ ਇੱਕ ਅਪਾਰਟਮੈਂਟ ਦਾ ਦੌਰਾ ਕੀਤਾ। ਉੱਥੇ ਉਨ੍ਹਾਂ ਦੀ ਮੁਲਾਕਾਤ ਅਜਿਹੇ ਵਿਅਕਤੀਆਂ ਨਾਲ ਕਰਵਾਈ ਗਈ, ਜਿਨ੍ਹਾਂ ਨੇ ਖ਼ੁਦ ਨੂੰ ਉਸ ਮਕਾਨ ਦੇ ਮੌਜੂਦਾ ਕਿਰਾਏਦਾਰ ਦੱਸਿਆ। ਇਸ ਤੋਂ ਬਾਅਦ ਪੀੜਤਾਂ ਨੇ ਆਨਲਾਈਨ ਕਿਰਾਏ ਦੇ ਸਮਝੌਤੇ ਕੀਤੇ।

ਪੁਲੀਸ ਮੁਤਾਬਕ, ਅਪਾਰਟਮੈਂਟ ਬੁੱਕ ਕਰਨ ਲਈ ਪੀੜਤਾਂ ਨੇ ਈ-ਟ੍ਰਾਂਸਫਰ ਰਾਹੀਂ ਰਕਮ ਭੇਜੀ। ਪਰ ਜਦੋਂ ਉਹ ਮਕਾਨ ਦਾ ਕਬਜ਼ਾ ਲੈਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੱਸਿਆ ਗਿਆ ਅਪਾਰਟਮੈਂਟ ਉਪਲਬਧ ਹੀ ਨਹੀਂ ਸੀ। ਇਸ ਤੋਂ ਬਾਅਦ ਮਕਾਨ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਨਾਲ ਵੀ ਸੰਪਰਕ ਨਹੀਂ ਹੋ ਸਕਿਆ।

ਜਾਂਚਕਰਤਾਵਾਂ ਨੇ ਹੁਣ ਤੱਕ ਘੱਟੋ-ਘੱਟ ਅੱਠ ਪੀੜਤਾਂ ਦੀ ਪਛਾਣ ਕੀਤੀ ਹੈ। ਪੁਲੀਸ ਅਨੁਸਾਰ ਇਨ੍ਹਾਂ ਪੀੜਤਾਂ ਤੋਂ ਕੁੱਲ 30,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਰਕਮ ਲਈ ਗਈ। ਕਿਸੇ ਵੀ ਪੀੜਤ ਨੂੰ ਵਾਅਦਾ ਕੀਤਾ ਗਿਆ ਮਕਾਨ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ ਗਈ।

ਪੁਲੀਸ ਮੁਤਾਬਕ ਜਸ਼ਨਪ੍ਰੀਤ ਸਿੱਧੂ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਰੱਖਣ ਦੇ ਦੋਸ਼ ਹਨ। ਪ੍ਰਿਆਂਸ਼ੂ ਗੋਇਲ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਦੋਸ਼ ਲਾਇਆ ਗਿਆ ਹੈ।

ਪੁਲੀਸ ਨੇ ਆਨਲਾਈਨ ਕਿਰਾਏ ਦੀ ਰਿਹਾਇਸ਼ ਲੱਭਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿਰਾਏ ਦਾ ਸਮਝੌਤਾ ਕਰਨ ਜਾਂ ਕੋਈ ਅਗਾਊਂ ਰਕਮ ਭੇਜਣ ਤੋਂ ਪਹਿਲਾਂ ਮਕਾਨ ਮਾਲਕ ਦੀ ਪਛਾਣ ਅਤੇ ਜਾਇਦਾਦ ਦੀ ਪੂਰੀ ਤਸਦੀਕ ਕਰਨੀ ਚਾਹੀਦੀ ਹੈ।

ਪੁਲੀਸ ਨੇ ਇਹ ਵੀ ਕਿਹਾ ਕਿ ਕਿਰਾਏਦਾਰਾਂ ਨੂੰ ਆਨਲਾਈਨ ਸਮਝੌਤਾ ਕਰਨ ਜਾਂ ਤਸਦੀਕ ਤੋਂ ਪਹਿਲਾਂ ਪੈਸੇ ਭੇਜਣ ਲਈ ਕਿਸੇ ਤਰ੍ਹਾਂ ਦੇ ਦਬਾਅ ਵਿੱਚ ਨਹੀਂ ਆਉਣਾ ਚਾਹੀਦਾ। ਧੋਖਾਧੜੀ ਤੋਂ ਬਚਾਅ ਸਬੰਧੀ ਹੋਰ ਜਾਣਕਾਰੀ ਲਈ ਲੋਕਾਂ ਨੂੰ ਕੈਨੇਡੀਅਨ ਐਂਟੀ-ਫਰਾਡ ਸੈਂਟਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।

Comments

Leave A Comment

Required fields are marked (*).

Related

Talk to us?