ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੇ 6 ਅਕਤੂਬਰ ਨੂੰ ਕਿਹਾ ਕਿ ਉਹ ਸੁਬਰਾਮਨੀਅਮ “ਸੁਬੂ” ਵੇਦਮ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾ ਰਹੇ ਹਨ। ਵੇਦਮ 64 ਸਾਲਾ ਭਾਰਤੀ ਮੂਲ ਦੇ ਨਾਗਰਿਕ ਹਨ, ਜਿਨ੍ਹਾਂ ਨੂੰ ਪਿਛਲੇ ਹਫ਼ਤੇ 40 ਸਾਲ ਤੋਂ ਵੱਧ ਜੇਲ੍ਹ ਕੱਟਣ ਤੋਂ ਬਾਅਦ ਰਿਹਾਅ ਕੀਤਾ ਗਿਆ ਸੀ। ਉਹ ਕਤਲ ਦੇ ਇਕ ਮਾਮਲੇ 'ਚ ਸਜ਼ਾ ਭੁਗਤ ਰਹੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ ਸਟੇਟ ਕਾਲਜ ਨਿਊਜ਼ ਵੈੱਬਸਾਈਟ ਵੱਲੋਂ ਦਿੱਤੀ ਗਈ।
3 ਅਕਤੂਬਰ ਦੀ ਦੁਪਹਿਰ, ਜਦੋਂ ਉਹ ਹੰਟਿੰਗਡਨ ਸਟੇਟ ਜੇਲ੍ਹ ਤੋਂ ਰਿਹਾਅ ਹੋਏ, ਉਸ ਸਮੇਂ ਤੁਰੰਤ ਹੀ ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਗ੍ਰਿਫ਼ਤਾਰੀ 1988 ਵਿੱਚ ਜਾਰੀ ਕੀਤੇ ਗਏ ਇਕ ਡੀਟੇਨਰ ਦੇ ਆਧਾਰ 'ਤੇ ਹੋਈ, ਜਿਸ ਦੀ ਪੁਸ਼ਟੀ ਅਧਿਕਾਰੀਆਂ ਨੇ ਕੀਤੀ। ਉਨ੍ਹਾਂ ਦੀ ਰਿਹਾਈ ਉਸ ਸਮੇਂ ਹੋਈ ਜਦੋਂ ਸੈਂਟਰ ਕਾਊਂਟੀ ਦੇ ਇਕ ਜੱਜ ਨੇ ਅਗਸਤ ਵਿੱਚ 1983 ਦੀ ਉਨ੍ਹਾਂ ਦੀ ਸਜ਼ਾ ਰੱਦ ਕਰ ਦਿੱਤੀ ਅਤੇ ਡਿਸਟ੍ਰਿਕਟ ਅਟਾਰਨੀ ਬਰਨੀ ਕੈਂਟੋਨਾ ਨੇ ਪਿਛਲੇ ਹਫ਼ਤੇ ਨਵੀਂ ਸੁਣਵਾਈ ਦੀ ਮੰਗ ਕਰਨ ਦੀ ਬਜਾਏ ਸਾਰੇ ਦੋਸ਼ ਰੱਦ ਕਰਨ ਦੀ ਮੰਗ ਕੀਤੀ।
ਵੇਦਮ ਦਾ ਜਨਮ ਭਾਰਤ ਵਿੱਚ ਹੋਇਆ ਸੀ, ਜਦ ਉਨ੍ਹਾਂ ਦੇ ਮਾਤਾ-ਪਿਤਾ ਥੋੜੇ ਸਮੇਂ ਲਈ ਵਾਪਸ ਆਪਣੇ ਦੇਸ਼ ਗਏ ਹੋਏ ਸਨ। ਬੈਲੀਸਾਰੀਓ ਕਾਲਜ ਆਫ਼ ਕਮਿਊਨਿਕੇਸ਼ਨਜ਼ ਮੁਤਾਬਕ, ਉਹਨਾਂ ਦਾ ਪਰਿਵਾਰ 1962 ਵਿੱਚ ਪੈਨਸਿਲਵੇਨੀਆ ਦੇ ਸਟੇਟ ਕਾਲਜ ਵਾਪਸ ਆ ਗਿਆ, ਜਦੋਂ ਉਹ ਕੇਵਲ 9 ਮਹੀਨੇ ਦੇ ਸਨ। ਉਨ੍ਹਾਂ ਦਾ ਪਾਲਣ-ਪੋਸ਼ਣ ਉੱਥੇ ਹੋਇਆ ਅਤੇ ਉਹ ਉਦੋਂ ਤੋਂ ਕਾਨੂੰਨੀ ਸਥਾਈ ਨਿਵਾਸੀ (lawful permanent resident) ਵਜੋਂ ਅਮਰੀਕਾ ਵਿੱਚ ਰਹਿ ਰਹੇ ਸੀ।
ਉਹ 21 ਸਾਲ ਦੇ ਸਨ ਜਦੋਂ ਉਨ੍ਹਾਂ ਨੂੰ 1981 ਵਿੱਚ ਟੌਮ ਕਿਨਸਰ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਉਨ੍ਹਾਂ ਨੇ ਹਮੇਸ਼ਾਂ ਆਪਣੀ ਬੇਗੁਨਾਹੀ ਦਾ ਦਾਅਵਾ ਕੀਤਾ ਅਤੇ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਕੱਟਦੇ ਰਹੇ, ਜਦ ਤੱਕ ਉਨ੍ਹਾਂ ਦੀ ਸਜ਼ਾ ਰੱਦ ਨਹੀਂ ਹੋਈ।
ਕਮਿਊਨਿਟੀ ਵੈੱਬਸਾਈਟ ‘Free Subu’ ਅਨੁਸਾਰ, 2022 ਵਿੱਚ ਜਾਰੀ ਕੀਤੇ ਗਏ ਦਸਤਾਵੇਜ਼ਾਂ ਨੇ ਦਰਸਾਇਆ ਕਿ 1980 ਦੇ ਦਹਾਕੇ ਵਿੱਚ ਪ੍ਰੌਸੀਕਿਊਟਰਾਂ ਨੇ ਮਹੱਤਵਪੂਰਨ ਸਬੂਤ ਲੁਕਾ ਦਿੱਤੇ, ਜੋ ਉਨ੍ਹਾਂ ਨੂੰ ਬੇਗੁਨਾਹ ਸਾਬਤ ਕਰ ਸਕਦੇ ਸਨ। FBI ਦੀ ਇੱਕ ਰਿਪੋਰਟ ਮੁਤਾਬਕ, ਜਿਸ ਬੰਦੂਕ ਨਾਲ ਕਿਨਸਰ ਦੀ ਹੱਤਿਆ ਹੋਈ, ਉਹ ਉਨ੍ਹਾਂ ਦੀ ਬੰਦੂਕ ਨਾਲ ਮੇਲ ਨਹੀਂ ਖਾਂਦੀ ਜਿਸ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ ਵੇਦਮ ਦੀ ਸੀ।
ਹੋਰ ਖੋਜਾਂ ਵਿੱਚ ਪਤਾ ਲੱਗਿਆ ਕਿ ਕਤਲ ਵਿੱਚ ਹੋਰ ਹਥਿਆਰ ਵਰਤੇ ਗਏ ਅਤੇ ਇੱਕ ਮੁੱਖ ਗਵਾਹ ਨੇ ਹਲਫ ਲੈ ਕੇ ਵੀ ਝੂਠ ਬੋਲਿਆ ਸੀ। ਇਹ ਜਾਣਕਾਰੀ ਕਈ ਦਹਾਕਿਆਂ ਤੱਕ ਲੁਕਾਈ ਗਈ, ਜਦ ਤੱਕ ਮੌਜੂਦਾ ਡਿਸਟ੍ਰਿਕਟ ਅਟਾਰਨੀ ਨੇ ਮਾਮਲੇ ਦੀਆਂ ਫਾਈਲਾਂ ਨਾ ਖੋਲ੍ਹੀਆਂ। ਵੱਧ ਤੋਂ ਵੱਧ-ਸੁਰੱਖਿਆ ਵਾਲੀ ਜੇਲ੍ਹ ਵਿੱਚ ਚਾਰ ਦਹਾਕਿਆਂ ਤੋਂ ਵੱਧ ਸਮਾਂ ਬਿਤਾਉਣ ਦੇ ਬਾਵਜੂਦ, ਵੇਦਮ ਨੂੰ ਕੈਦੀਆਂ ਦੀ ਸਿੱਖਿਆ ਅਤੇ ਪੁਨਰਵਾਸ ਪ੍ਰੋਗਰਾਮਾਂ ਵਿੱਚ ਯੋਗਦਾਨ ਲਈ ਜਾਣਿਆ ਜਾਂਦਾ ਹੈ। ‘Free Subu’ ਵੈੱਬਸਾਈਟ ਅਨੁਸਾਰ, ਉਨ੍ਹਾਂ ਨੇ ਤਿੰਨ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੇ ਕਈ ਮੁਹਿੰਮਾਂ ਦੀ ਅਗਵਾਈ ਕੀਤੀ।
ਉਨ੍ਹਾਂ ਨੇ ਕੈਦੀਆਂ ਦੀ ਮਦਦ ਕਰਨ, ਉਹਨਾਂ ਦੇ ਸਲਾਹਕਾਰ ਬਣਨ ਅਤੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਫੰਡਰੇਜ਼ਰ ਆਯੋਜਿਤ ਕਰਨ ਲਈ 50 ਤੋਂ ਵੱਧ ਇਨਾਮ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ। ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਆਦਰਸ਼ ਕੈਦੀ ਦੱਸਦੇ ਹਨ, ਜੋ "Honor Block" ਵਿੱਚ ਰਹਿੰਦੇ ਸਨ ਅਤੇ ਹਰ ਰੋਜ਼ ਮੈਡੀਟੇਸ਼ਨ ਤੇ ਯੋਗਾ ਕਰਦੇ ਸਨ।
ਵੇਦਮ ਦੇ ਵਕੀਲਾਂ ਨੇ ਫੈਡਰਲ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੇ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਸਲੀ ਕੇਸ ਵਿੱਚ ਪ੍ਰੌਸੀਕਿਊਟਰਾਂ ਨੇ ਧੋਖਾਧੜੀ ਕੀਤੀ। ਭਾਵੇਂ ਸੈਂਟਰ ਕਾਉਂਟੀ ਦੀ ਅਦਾਲਤ ਨੇ ਉਨ੍ਹਾਂ ਦੀ ਸਜ਼ਾ ਰੱਦ ਕਰ ਦਿੱਤੀ, ਪਰ ICE ਨੇ ਪੁਸ਼ਟੀ ਕੀਤੀ ਹੈ ਕਿ ਦੇਸ਼ ਨਿਕਾਲੇ ਦੀ ਕਾਰਵਾਈ ਜਾਰੀ ਹੈ। ਹਾਲਾਂਕਿ, ਦੇਸ਼ ਨਿਕਾਲੇ ਦੀ ਮਿਤੀ ਹਾਲੇ ਤੱਕ ਘੋਸ਼ਿਤ ਨਹੀਂ ਕੀਤੀ ਗਈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login