ADVERTISEMENTs

ਡਬਲਿਨ 'ਚ ਭਾਰਤੀ ਡਾਟਾ ਸਾਇੰਟਿਸਟ 'ਤੇ ਨਸਲੀ ਹਮਲਾ, ਸੁਰੱਖਿਆ ਨੂੰ ਲੈਕੇ ਵਧੀਆਂ ਚਿੰਤਾਵਾਂ

ਇਹ ਘਟਨਾ ਡਬਲਿਨ 'ਚ ਇੱਕ ਭਾਰਤੀ ਵਿਦਿਆਰਥੀ 'ਤੇ ਹੋਏ ਹਮਲੇ ਤੋਂ ਸਿਰਫ ਕੁਝ ਦਿਨਾਂ ਬਾਅਦ ਸਾਹਮਣੇ ਆਈ ਹੈ

ਸੰਤੋਸ਼ ਯਾਦਵ ਨੇ ਜ਼ਖਮਾਂ ਦੀਆਂ ਤਸਵੀਰਾਂ ਕੀਤੀਆਂ ਸੇਅਰ / courtesy photo

ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ, ਆਇਰਲੈਂਡ ਦੇ ਡਬਲਿਨ ਸ਼ਹਿਰ ਵਿੱਚ ਇੱਕ ਭਾਰਤੀ ਡਾਟਾ ਸਾਇੰਟਿਸਟ ਸੰਤੋਸ਼ ਯਾਦਵ 'ਤੇ 27 ਜੁਲਾਈ ਨੂੰ ਨਸਲੀ ਹਮਲਾ ਹੋਇਆ ਹੈ। ਇਸ ਹਮਲੇ ਨੇ ਆਇਰਲੈਂਡ ਵਿੱਚ ਵਧ ਰਹੀ ਨਸਲੀ ਹਿੰਸਾ ਦੀਆਂ ਘਟਨਾਵਾਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।

ਯਾਦਵ, ਜੋ ਕਿ ਆਇਰਲੈਂਡ ਵਿੱਚ ਰਹਿ ਰਿਹਾ ਇੱਕ ਭਾਰਤੀ ਪ੍ਰਵਾਸੀ ਹੈ, ਉਸਨੇ ਭਾਰਤ ਵਿੱਚ ਆਪਣੀ ਸਿੱਖਿਆ ਅਤੇ ਪੀਐਚਡੀ ਪੂਰੀ ਕਰਨ ਤੋਂ ਬਾਅਦ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਲਿੰਕਡਇਨ (LinkedIn) 'ਤੇ ਇੱਕ ਪੋਸਟ ਵਿੱਚ ਇਸ ਹਮਲੇ ਨੂੰ "ਬੇਹੱਦ ਹਿੰਸਕ ਅਤੇ ਬਿਲਕੁਲ ਉਕਸਾਏ ਬਿਨਾਂ ਹੋਇਆ ਹਮਲਾ" ਦੱਸਿਆ।

ਇਹ ਘਟਨਾ ਡਬਲਿਨ ਦੇ ਟੈਲਾਘਟ (Tallaght) ਇਲਾਕੇ ਵਿੱਚ 19 ਜੁਲਾਈ ਨੂੰ ਇੱਕ ਭਾਰਤੀ ਵਿਦਿਆਰਥੀ 'ਤੇ ਹੋਏ ਹਮਲੇ ਤੋਂ ਕੁਝ ਹੀ ਦਿਨਾਂ ਬਾਅਦ ਸਾਹਮਣੇ ਆਈ ਹੈ।

ਯਾਦਵ ਨੇ ਦੱਸਿਆ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਕਿ ਉਸੇ ਸਮੇਂ ਛੇ ਨੌਜਵਾਨਾਂ ਦੇ ਇੱਕ ਸਮੂਹ ਨੇ ਉਸ 'ਤੇ ਪਿੱਛੋਂ ਹਮਲਾ ਕਰ ਦਿੱਤਾ। ਉਸਦੇ ਚਿਹਰੇ, ਸਿਰ, ਗਰਦਨ, ਛਾਤੀ, ਹੱਥਾਂ ਅਤੇ ਲੱਤਾਂ 'ਤੇ ਅਟੈਕ ਕੀਤਾ ਗਿਆ, ਜਿਸ ਕਾਰਨ ਉਹ ਸੜਕ 'ਤੇ ਖੂਨ ਨਾਲ ਲੱਥਪੱਥ ਹੋ ਗਿਆ।

ਯਾਦਵ ਕਿਸੇ ਤਰ੍ਹਾਂ ਪੁਲਿਸ ਨੂੰ ਬੁਲਾਉਣ ਵਿੱਚ ਕਾਮਯਾਬ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਪੁਸ਼ਟੀ ਹੋਈ ਕਿ ਉਸਦੀ ਗੱਲ੍ਹ ਦੀ ਹੱਡੀ ਫ੍ਰੈਕਚਰ ਹੋ ਗਈ ਅਤੇ ਉਸਨੂੰ ਹੋਰ ਵੀ ਸੱਟਾਂ ਲੱਗੀਆਂ।

ਆਇਰਲੈਂਡ ਵਿੱਚ ਵਧ ਰਹੀ ਨਸਲੀ ਹਿੰਸਾ ਬਾਰੇ ਗੱਲ ਕਰਦੇ ਹੋਏ, ਯਾਦਵ ਨੇ ਕਿਹਾ, "ਇਹ ਕੋਈ ਇਕੱਲੀ ਘਟਨਾ ਨਹੀਂ ਹੈ। ਭਾਰਤੀ ਅਤੇ ਹੋਰ ਘੱਟ ਗਿਣਤੀਆਂ 'ਤੇ ਬੱਸਾਂ ਵਿੱਚ, ਹਾਊਸਿੰਗ ਅਸਟੇਟਾਂ ਵਿੱਚ ਅਤੇ ਸੜਕਾਂ 'ਤੇ ਨਸਲੀ ਹਮਲੇ ਡਬਲਿਨ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ।"

ਯਾਦਵ ਨੇ ਅਧਿਕਾਰੀਆਂ ਦੀ ਚੁੱਪ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ, "ਸਰਕਾਰ ਚੁੱਪ ਹੈ। ਇਨ੍ਹਾਂ ਅਪਰਾਧੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਉਨ੍ਹਾਂ ਦਾ ਹੌਂਸਲਾ ਵਧ ਰਿਹਾ ਹੈ ਜਿਸ ਕਰਕੇ ਉਹ ਦੁਬਾਰਾ ਹਮਲਾ ਕਰ ਸਕਦੇ ਹਨ।"

ਉਹਨਾਂ ਅੱਗੇ ਕਿਹਾ, "ਅਸੀਂ ਸੁਰੱਖਿਅਤ ਮਹਿਸੂਸ ਕਰਨ ਦੇ ਹੱਕਦਾਰ ਹਾਂ। ਅਸੀਂ ਬਿਨਾਂ ਡਰ ਦੇ ਸੜਕਾਂ 'ਤੇ ਚੱਲਣ ਦੇ ਹੱਕਦਾਰ ਹਾਂ। ਮੈਂ ਆਇਰਲੈਂਡ ਸਰਕਾਰ, ਡਬਲਿਨ ਵਿੱਚ ਭਾਰਤੀ ਦੂਤਾਵਾਸ, ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਅਖਿਲੇਸ਼ ਮਿਸ਼ਰਾ (ਆਇਰਲੈਂਡ ਵਿੱਚ ਭਾਰਤੀ ਰਾਜਦੂਤ) ਨੂੰ ਸਾਡੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਦੀ ਬੇਨਤੀ ਕਰਦਾ ਹਾਂ।"

Comments

Related

ADVERTISEMENT

 

 

 

ADVERTISEMENT

 

 

E Paper

 

 

 

Video