ADVERTISEMENTs

ਪੰਜਾਬੀ ਫਿਲਮ ‘ਗੁਰੂ ਨਾਨਕ ਜਹਾਜ਼’ ਦੀ ਹਰ ਪੱਖੋਂ ਹੋ ਰਹੀ ਹੈ ਤਾਰੀਫ 

‘ਗੁਰੂ ਨਾਨਕ ਜਹਾਜ਼’ ’ਚ ਤਰਸੇਮ ਜੱਸੜ ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਭੂਮਿਕਾ ਨਿਭਾਅ ਕੇ ਇਕ ਇਤਿਹਾਸਕ ਪਾਤਰ ਨੂੰ ਜ਼ਿੰਦਗੀ ਦਿੱਤੀ ਹੈ। ਉਨ੍ਹਾਂ ਦਾ ਅਭਿਨੈ ਸਿਰਫ਼ ਨਾਟਕੀ ਨਹੀਂ, ਸੱਚਾਈ ਨਾਲ ਭਰਪੂਰ ਹੈ।

ਪੰਜਾਬੀ ਇਤਿਹਾਸਕ ਫਿਲਮ ‘ਗੁਰੂ ਨਾਨਕ ਜਹਾਜ਼’ ਦੀ ਹਰ ਪੱਖੋਂ ਤਾਰੀਫ ਹੋ ਰਹੀ ਹੈ ਤੇ ਇਹ ਫਿਲਮ ਪਰਿਵਾਰਾਂ ਸਮੇਤ, ਖਾਸ ਕਰ ਕੇ ਬੱਚਿਆਂ ਨਾਲ ਮਿਲਕੇ ਦੇਖਣ ਵਾਲੀ ਫਿਲਮ ਬਣ ਗਈ ਹੈ।ਇਹ ਫਿਲਮ ਇਤਿਹਾਸ ਦੇ ਇਕ ਅਜਿਹੇ ਅਧਿਆਇ ਨੂੰ ਸਿਨੇਮਾਈ ਪਰਦੇ ’ਤੇ ਲਿਆਈ ਹੈ, ਜੋ ਪਰਵਾਸੀ ਹੱਕਾਂ, ਨਸਲੀ ਭੇਦਭਾਵ ਤੇ ਬਹਾਦਰੀ ਦੇ ਪੂਰੇ ਅਹਿਸਾਸ ਨਾਲ ਭਰਪੂਰ ਹੈ। ਫ਼ਿਲਮ ਕਾਮਾਗਾਟਾ ਮਾਰੂ ਘਟਨਾ ਤੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ’ਤੇ ਆਧਾਰਿਤ ਹੈ। ਇਸ ’ਚ ਤਰਸੇਮ ਜੱਸੜ ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਭੂਮਿਕਾ ਨਿਭਾਈ ਹੈ।

‘ਗੁਰੂ ਨਾਨਕ ਜਹਾਜ਼’ ਫਿਲਮ ਜਿੱਥੇ ਦਰਸ਼ਕਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੀ ਹੈ ਉਥੇ ਹੀ ਇਹ ਫਿਲਮ ਤੁਹਾਨੂੰ ਭਾਵੁਕ ਵੀ ਕਰਦੀ ਹੈ।ਸ਼ਰਨ ਆਰਟ ਦੁਆਰਾ ਫਿਲਮ ਦੀ ਡਾਇਰੈਕਸ਼ਨ ਕਮਾਲ ਦੀ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ। ਫਿਲਮ ’ਚ ਵੀਐੱਫਐਕਸ, ਐਕਸ਼ਨ ਤੇ ਮਿਊਜ਼ਿਕ ਦਾ ਕੰਮ ਵੀ ਬਹੁਤ ਵਧੀਆ ਹੈ।

ਫਿਲਮ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਦੇ ਸ਼ੁਰੂਅਤੀ ਸੀਨ ਹੀ ਫਿਲਮ ਦੀ ਕਹਾਣੀ ਨੂੰ ਜਾਨਣ ਦੀ ਲਾਲਸਾ ਪੈਦਾ ਕਰ ਦਿੰਦੇ ਹਨ ਤੇ ਇਕ-ਇਕ ਸੀਨ ਤੁਹਾਨੂੰ ਉਸੇ ਸਮੇਂ ਦੇ ਹਾਲਤ ਤੇ ਮਾਹੌਲ ’ਚ ਲੈ ਜਾਂਦਾ ਹੈ। ਫਿਲਮ ਦੇਖਦਿਆਂ ਤੁਹਾਨੂੰ ਇੰਝ ਮਹਿਸੂਸ ਹੋਵੇਗਾ ਕੀ ਤੁਸੀਂ ਆਪ ਉਸ ਸਮੇਂ ਵਿਚ ਪਹੁੰਚ ਗਏ ਹੋ। ਫਿਲਮ ’ਚ ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਬਲਵਿੰਦਰ ਬੁੱਲਟ ਸਮੇਤ ਹਰੇਕ ਕਲਾਕਾਰ ਦਾ ਕੰਮ ਬਾ-ਕਮਾਲ ਹੈ।

ਇਤਿਹਾਸਿਕ ਪਿਛੋਕੜ
ਇਹ ਫਿਲਮ ਇੱਕ ਇਤਿਹਾਸਿਕ ਘਟਨਾ ‘ਤੇ ਅਧਾਰਿਤ ਹੈ। 1914 ਵਿੱਚ ਜਪਾਨ ਤੋਂ ਜਹਾਜ਼ ਰਾਹੀਂ 376 ਭਾਰਤੀ ਪਰਵਾਸੀ, ਜ਼ਿਆਦਾਤਰ ਪੰਜਾਬੀ ਸਿੱਖ, ਕੈਨੇਡਾ ਦੇ ਵੈਨਕੂਵਰ ਪਹੁੰਚੇ। ਉਹ ਉਮੀਦ ਕਰ ਰਹੇ ਸਨ ਕਿ ਉਨ੍ਹਾਂ ਨੂੰ ਨਵੇਂ ਮੁਲਕ ਵਿੱਚ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲੇਗਾ। ਪਰ ਕੈਨੇਡੀਅਨ ਸਰਕਾਰ ਨੇ ਨਸਲੀ ਭੇਦਭਾਵ ਵਾਲਾ ਰਵੱਈਆ ਅਪਣਾਉਂਦੇ ਹੋਏ ਜਹਾਜ਼ ਨੂੰ ਬੰਦਰਗਾਹ 'ਤੇ ਹੀ ਰੋਕ ਲਿਆ। ਹਫ਼ਤਿਆਂ ਤੱਕ ਉਨ੍ਹਾਂ ਨੂੰ ਉਤਰਣ ਦੀ ਇਜਾਜ਼ਤ ਨਾ ਮਿਲੀ। ਅੰਤ ਵਿੱਚ ਜਹਾਜ਼ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਕੋਲਕਾਤਾ ਪਹੁੰਚਣ ’ਤੇ, ਬਰਤਾਨਵੀ ਹਕੂਮਤ ਨੇ ਉਨ੍ਹਾਂ ’ਤੇ ਜ਼ਬਰਦਸਤੀ ਹਮਲਾ ਕੀਤਾ, ਜਿਸ ਦੌਰਾਨ ਕਈ ਬੇਦੋਸ਼ੇ ਮਾਰੇ ਗਏ।

ਸ਼ਹੀਦ ਮੇਵਾ ਸਿੰਘ 
ਇਹ ਘਟਨਾ ਸਿਰਫ਼ ਇਕ ਜਹਾਜ਼ ਦਾ ਰੋਕਿਆ ਜਾਣਾ ਨਹੀਂ ਸੀ, ਇਹ ਅਨਿਆਂ ਦੇ ਖ਼ਿਲਾਫ਼ ਇਕ ਸੰਘਰਸ਼ ਸੀ। ਕੈਨੇਡਾ ’ਚ ਗਦਰੀ ਲਹਿਰ ਨਾਲ ਜੁੜੇ ਕਈ ਪੰਜਾਬੀ ਇਸ ਘਟਨਾ ਤੋਂ ਭੜਕ ਉਠੇ। ਉਨ੍ਹਾਂ ’ਚੋਂ ਇਕ ਮੇਵਾ ਸਿੰਘ ਲੋਪੋਕੇ ਵੀ ਸਨ, ਜੋ ਗਦਰ ਪਾਰਟੀ ਦੇ ਸਰਗਰਮ ਮੈਂਬਰ ਸਨ। ਜਦੋਂ ਉਨ੍ਹਾਂ ਨੇ ਦੇਖਿਆ ਕਿ ਕੈਨੇਡੀਅਨ ਸਰਕਾਰ ਮਨੁੱਖੀ ਹੱਕਾਂ ਨੂੰ ਰੌਂਦ ਰਹੀ ਹੈ ਤਾਂ ਉਨ੍ਹਾਂ ਨੇ 1915 ’ਚ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਵਿਲੀਅਮ ਚਾਰਲਸ ਹੋਪਕਿੰਸਨ ਦਾ ਕਤਲ ਕਰ ਦਿੱਤਾ। ਉਨ੍ਹਾਂ ਨੂੰ ਇਸ ਕਾਰਵਾਈ ਲਈ ਫ਼ਾਂਸੀ ਦੀ ਸਜ਼ਾ ਦਿੱਤੀ ਗਈ। ਮੇਵਾ ਸਿੰਘ ਕੈਨੇਡਾ ਦੀ ਧਰਤੀ ’ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਸਨ।

ਇਤਿਹਾਸਕ ਪਾਤਰ
‘ਗੁਰੂ ਨਾਨਕ ਜਹਾਜ਼’ ’ਚ ਤਰਸੇਮ ਜੱਸੜ ਨੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਭੂਮਿਕਾ ਨਿਭਾਅ ਕੇ ਇਕ ਇਤਿਹਾਸਕ ਪਾਤਰ ਨੂੰ ਜ਼ਿੰਦਗੀ ਦਿੱਤੀ ਹੈ। ਉਨ੍ਹਾਂ ਦਾ ਅਭਿਨੈ ਸਿਰਫ਼ ਨਾਟਕੀ ਨਹੀਂ, ਸੱਚਾਈ ਨਾਲ ਭਰਪੂਰ ਹੈ। ਫ਼ਿਲਮ ’ਚ ਕਾਮਾਗਾਟਾ ਮਾਰੂ ਦੀ ਹਕੀਕਤ, ਉਨ੍ਹਾਂ ਦੀ ਲੜਾਈ ਤੇ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਨੂੰ ਬੜੀ ਸੰਵੇਦਨਸ਼ੀਲਤਾ ਤੇ ਇੱਜ਼ਤ ਨਾਲ ਦਰਸਾਇਆ ਹੈ।
ਫ਼ਿਲਮ ’ਚ ਤਰਸੇਮ ਜੱਸੜ ਦੇ ਨਾਲ ਗੁਰਪ੍ਰੀਤ ਘੁੱਗੀ, ਮਾਰਕ ਬੈਨਿੰਗਟਨ, ਐਡਵਰਡ ਸੋਨਿਨਬਲਿਕ, ਬਲਵਿੰਦਰ ਬੁਲੇਟ, ਹਰਸ਼ਰਨ ਸਿੰਘ, ਸਤਿੰਦਰ ਕਸੋਆਣਾ ਤੇ ਹੋਰ ਕਈ ਸਿਤਾਰੇ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਨੂੰ ਸ਼ਰਨ ਆਰਟ ਨੇ ਡਾਇਰੈਕਟ ਕੀਤਾ ਹੈ, ਜੋ ਮਨਪ੍ਰੀਤ ਜੌਹਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਦਕਿ ਕਰਮਜੀਤ ਸਿੰਘ ਜੌਹਲ ਇਸ ਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ ਦੀ ਕਹਾਣੀ ਹਰਨਵ ਬੀਰ ਸਿੰਘ ਤੇ ਸ਼ਰਨ ਆਰਟ ਵਲੋਂ ਲਿਖੀ ਗਈ ਹੈ। ਫ਼ਿਲਮ ਓਮਜੀ ਸਿਨੇ ਵਰਲਡ ਵਲੋਂ ਦੁਨੀਆ ਭਰ ’ਚ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ।
ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ‘ਗੁਰੂ ਨਾਨਕ ਜਹਾਜ਼’ ਸਿਰਫ਼ ਇਕ ਫ਼ਿਲਮ ਨਹੀਂ, ਇਹ ਇਕ ਇਤਿਹਾਸਕ ਸਬਕ ਹੈ। ਇਹ ਅਜਿਹੇ ਨਾਇਕਾਂ ਦੀ ਯਾਦ ਤਾਜ਼ਾ ਕਰਦੀ ਹੈ, ਜੋ ਇਨਸਾਫ਼ ਲਈ ਲੜੇ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video

 

//