ADVERTISEMENT

ADVERTISEMENT

ਐਂਟੀ-ਇਮੀਗ੍ਰੈਂਟ ਪੋਸਟ ‘ਤੇ ਪੂਜਾ ਸੇਠੀ ਦਾ ਤੰਜ, “ਮੈਂ ਵੀ ਆਪਣਾ ਦੇਸ਼ ਵਾਪਸ ਚਾਹੁੰਦੀ ਹਾਂ”

ਗੋਂਜ਼ਾਲੇਸ ਨੇ ਕਿਹਾ ਕਿ ਉਹਨਾਂ ਦਾ ਸ਼ਹਿਰ ਹੁਣ ਪਹਿਚਾਣ ਵਿੱਚ ਨਹੀਂ ਆ ਰਿਹਾ ਅਤੇ ਲਿਖਿਆ ਕਿ “ਮੈਂ ਆਪਣਾ ਦੇਸ਼ ਵਾਪਸ ਚਾਹੁੰਦੀ ਹਾਂ।”

 ਪੂਜਾ ਸੇਠੀ/ ਸਾਰਾ ਗੋਂਜ਼ਾਲੇਸ ਪੂਜਾ ਸੇਠੀ/ ਸਾਰਾ ਗੋਂਜ਼ਾਲੇਸ / X/ Pooja Sethi/ Sara Gonzales

ਟੈਕਸਾਸ ਦੀ ਸਿਆਸਤ ਵਿੱਚ ਇਸ ਸਮੇਂ ਪ੍ਰਵਾਸੀਆਂ ਅਤੇ ਉਨ੍ਹਾਂ ਵਿਰੁੱਧ ਵਰਤੀ ਜਾ ਰਹੀ ਭਾਸ਼ਾ ਨੂੰ ਲੈ ਕੇ ਚਰਚਾ ਗਰਮ ਹੈ। ਟੈਕਸਾਸ ਹਾਊਸ ਡਿਸਟ੍ਰਿਕਟ 47 ਦੀ ਉਮੀਦਵਾਰ ਪੂਜਾ ਸੇਠੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸਾਰਾ ਗੋਂਜ਼ਾਲੇਸ ਵਿਚਕਾਰ ਹੋਈ ਇਹ ਬਹਿਸ ਅਮਰੀਕਾ ਵਿੱਚ ਵੱਧ ਰਹੇ ਸੱਭਿਆਚਾਰਕ ਅਤੇ ਰਾਜਨੀਤਿਕ ਪਾੜੇ ਨੂੰ ਦਰਸਾਉਂਦੀ ਹੈ।

ਦਰਅਸਲ, ਟੈਕਸਾਸ ਦੀ ਯੂਟਿਊਬਰ ਅਤੇ ਪੱਤਰਕਾਰ ਸਾਰਾ ਗੋਂਜ਼ਾਲੇਸ ਨੇ ਪਲਾਨੋ ਦੇ ਇੱਕ ਪਾਰਕ ਵਿੱਚ ਆਪਣੇ ਅਨੁਭਵ ਬਾਰੇ ਲਿਖਿਆ। ਉਨ੍ਹਾਂ ਸ਼ਿਕਾਇਤ ਕੀਤੀ ਕਿ ਪਾਰਕ ਵਿਦੇਸ਼ੀਆਂ ਨਾਲ ਭਰਿਆ ਹੋਇਆ ਸੀ ਅਤੇ ਉੱਥੇ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾ ਰਹੀਆਂ ਸਨ। ਗੋਂਜ਼ਾਲੇਸ ਨੇ ਲਿਖਿਆ ਕਿ ਉਨ੍ਹਾਂ ਦਾ ਸ਼ਹਿਰ ਹੁਣ ਪਛਾਣਿਆ ਨਹੀਂ ਜਾ ਰਿਹਾ ਅਤੇ ਉਨ੍ਹਾਂ ਨੇ ਨਾਅਰਾ ਦਿੱਤਾ, "ਮੈਨੂੰ ਮੇਰਾ ਦੇਸ਼ ਵਾਪਸ ਚਾਹੀਦਾ ਹੈ।"

ਪ੍ਰਵਾਸੀਆਂ ਦੇ ਹੱਕਾਂ ਲਈ ਲੜਨ ਵਾਲੀ ਵਕੀਲ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਆਗੂ ਪੂਜਾ ਸੇਠੀ ਨੇ ਗੋਂਜ਼ਾਲੇਸ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, "ਮੈਨੂੰ ਵੀ ਮੇਰਾ ਦੇਸ਼ ਵਾਪਸ ਚਾਹੀਦਾ ਹੈ। ਉਹ ਦੇਸ਼ ਜਿੱਥੇ ਇਸ ਤਰ੍ਹਾਂ ਦੀਆਂ ਵੰਡ ਪਾਉਣ ਵਾਲੀਆਂ ਪੋਸਟਾਂ ਨਹੀਂ ਲਿਖੀਆਂ ਜਾਂਦੀਆਂ ਸਨ ਅਤੇ ਜਿੱਥੇ ਪਾਰਕ ਵਿੱਚ ਖੇਡਦੇ ਬੱਚਿਆਂ ਜਾਂ ਗੁਆਂਢੀਆਂ ਨੂੰ 'ਖ਼ਤਰੇ' ਵਜੋਂ ਨਹੀਂ ਦੇਖਿਆ ਜਾਂਦਾ ਸੀ।"

ਇਸ ਬਹਿਸ ਤੋਂ ਬਾਅਦ ਲੋਕਾਂ ਦੇ ਦੋ ਸਪੱਸ਼ਟ ਪੱਖ ਸਾਹਮਣੇ ਆਏ ਹਨ।  ਇੱਕ ਯੂਜ਼ਰ ਨੇ ਲਿਖਿਆ ਕਿ ਪ੍ਰਵਾਸੀਆਂ ਦੇ ਬੱਚੇ ਮੁੱਖ ਤੌਰ 'ਤੇ ਅੰਗਰੇਜ਼ੀ ਬੋਲਦੇ ਹਨ ਅਤੇ ਇਹ ਦੇਸ਼ ਸਭ ਦਾ ਸਾਂਝਾ ਹੈ। ਉਨ੍ਹਾਂ ਗੋਂਜ਼ਾਲੇਸ 'ਤੇ ਨਫ਼ਰਤ ਫੈਲਾਉਣ ਦੇ ਦੋਸ਼ ਲਾਏ। ਕਈਆਂ ਨੇ ਸੇਠੀ ਵਿਰੁੱਧ ਵਰਤੀ ਗਈ ਗਲਤ ਭਾਸ਼ਾ ਦੀ ਨਿੰਦਾ ਤਾਂ ਕੀਤੀ, ਪਰ ਨਾਲ ਹੀ ਇਹ ਵੀ ਕਿਹਾ ਕਿ ਇਮੀਗ੍ਰੇਸ਼ਨ ਕਾਰਨ ਆ ਰਹੇ ਜਨਸੰਖਿਆ ਬਦਲਾਅ ਅਤੇ ਭਾਸ਼ਾ ਦੀਆਂ ਚੁਣੌਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

ਸਾਰਾ ਗੋਂਜ਼ਾਲੇਸ ਪਹਿਲਾਂ ਵੀ ਭਾਰਤੀ ਪੇਸ਼ੇਵਰਾਂ ਅਤੇ H-1B ਵੀਜ਼ਾ ਪ੍ਰੋਗਰਾਮ ਦੀ ਆਲੋਚਨਾ ਕਾਰਨ ਚਰਚਾ ਵਿੱਚ ਰਹੀ ਹੈ। ਉਨ੍ਹਾਂ ਨੇ ਭਾਰਤੀ ਮੂਲ ਦੇ ਨਵੀਨ ਤੁੰਮਲਾ 'ਤੇ ਵੀਜ਼ਾ ਧੋਖਾਧੜੀ ਦਾ ਇਲਜ਼ਾਮ ਲਾਇਆ ਹੈ। ਉਹ ਲਗਾਤਾਰ ਟੈਕਸਾਸ ਵਿੱਚ ਭਾਰਤੀਆਂ ਦੀ ਵਧਦੀ ਆਬਾਦੀ 'ਤੇ ਸਵਾਲ ਚੁੱਕ ਰਹੀ ਹੈ।

ਪਿਛਲੇ ਇੱਕ ਦਹਾਕੇ ਵਿੱਚ ਪਲਾਨੋ ਅਤੇ ਫ੍ਰਿਸਕੋ ਵਰਗੇ ਸ਼ਹਿਰਾਂ ਵਿੱਚ ਭਾਰਤੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਪਿਊ ਰਿਸਰਚ ਸੈਂਟਰ (ਮਈ 2025) ਵਿਚ ਕੀਤੇ ਗਏ ਅਧਿਐਨ ਮੁਤਾਬਕ ਟੈਕਸਾਸ ਵਿੱਚ ਲਗਭਗ 5.7 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਇਹ ਅਮਰੀਕਾ ਵਿੱਚ ਭਾਰਤੀਆਂ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਰਾਜਾਂ ਵਿੱਚੋਂ ਇੱਕ ਹੈ।

ਪੂਜਾ ਸੇਠੀ, ਜੋ ਖੁਦ ਇੱਕ ਇਮੀਗ੍ਰੇਸ਼ਨ ਵਕੀਲ ਰਹੀ ਹੈ, ਆਪਣੇ ਚੋਣ ਪ੍ਰਚਾਰ ਵਿੱਚ ਨਾਗਰਿਕ ਅਧਿਕਾਰਾਂ ਅਤੇ ਭਾਈਚਾਰਕ ਸਾਂਝ 'ਤੇ ਜ਼ੋਰ ਦੇ ਰਹੀ ਹੈ। ਦੂਜੇ ਪਾਸੇ, ਗੋਂਜ਼ਾਲੇਸ ਵਰਗੀਆਂ ਆਵਾਜ਼ਾਂ ਇਹ ਦਰਸਾਉਂਦੀਆਂ ਹਨ ਕਿ ਸਥਾਨਕ ਆਬਾਦੀ ਦੇ ਇੱਕ ਹਿੱਸੇ ਵਿੱਚ ਤੇਜ਼ੀ ਨਾਲ ਹੋ ਰਹੇ ਜਨਸੰਖਿਆ ਬਦਲਾਅ ਨੂੰ ਲੈ ਕੇ ਬੇਚੈਨੀ ਹੈ। ਇਹ ਬਹਿਸ ਆਉਣ ਵਾਲੀਆਂ ਚੋਣਾਂ ਵਿੱਚ ਇੱਕ ਵੱਡਾ ਮੁੱਦਾ ਬਣ ਸਕਦੀ ਹੈ।

Comments

Leave A Comment

Required fields are marked (*).

Related

Talk to us?