ਕੇਵਲ ਸਿੰਘ ਢਿੱਲੋਂ / staff reporter
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਫੇਰਬਦਲ ਹੁੰਦੇ ਵਿਖਾਈ ਦੇ ਰਹੇ ਹਨ। ਇਸ ਦਰਮਿਆਨ ਭਾਜਪਾ ਨੇ ਵੱਡਾ ਦਾਅ ਖੇਡਦਿਆਂ ਪੰਜਾਬ ਵਿਚ ਨਵੇਂ ਪ੍ਰਧਾਨ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਹਾਈਕਮਾਨ ਨੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਸਨ। ਪਰ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਸੁਨੀਲ ਜਾਖੜ ਦਾ ਕਾਰਜਕਾਲ ਪੂਰਾ ਹੋਣ 'ਤੇ ਕੇਵਲ ਸਿੰਘ ਢਿੱਲੋਂ ਨੂੰ ਨਵਾਂ ਪੰਜਾਬ ਪ੍ਰਧਾਨ ਥਾਪ ਦਿੱਤਾ ਗਿਆ ਹੈ।
ਪ੍ਰਧਾਨ ਬਣਦਿਆਂ ਸਾਰ ਕੇਵਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ 2027 ਵਿਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦਾ ਕਮਲ ਖਿੜੇਗਾ ਤੇ ਸੂਬੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ। ਉਹ ਚਾਹੁੰਦੇ ਹਨ ਕਿ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵਾਪਸ ਆਵੇ। ਇਸ ਦੇ ਨਾਲ ਹੀ ਉਹ ਵਿਰੋਧੀਆਂ 'ਤੇ ਤੰਜ ਕੱਸਦੇ ਵੀ ਨਜ਼ਰ ਆਏ।
ਨਿਯੁਕਤੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਨੂੰ ਨਾ ਤਾਂ ਚੁਟਕਲੇ ਸੁਣਾਉਣੇ ਆਉਂਦੇ ਹਨ ਤੇ ਨਾ ਹੀ ਸ਼ੇਅਰੋ-ਸ਼ਾਇਰੀ ਆਉਂਦੀ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਡਰਾਮੇਬਾਜ਼ੀ ਕਰਨੀ ਨਹੀਂ ਆਉਂਦੀ, ਸਿਰਫ਼ ਮਿਹਨਤ ਕਰਨੀ ਆਉਂਦੀ ਹੈ। ਉਨ੍ਹਾਂ ਦਾ ਇੱਕੋ-ਇਕ ਮੁੱਦਾ ਪੰਜਾਬ ਦਾ ਵਿਕਾਸ ਰਿਹਾ ਹੈ ਤੇ ਉਹ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹਨ।
ਢਿੱਲੋਂ ਨੇ ਕਿਹਾ ਕਿ ਅੱਜ ਵਿਚ ਪੰਜਾਬ ਵਿਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ। ਬੇਰੋਜ਼ਗਾਰੀ ਅਤੇ ਗੈਂਗਸਟਰਵਾਦ ਕਾਰਨ ਲੋਕ ਬਹੁਤ ਦੁਖੀ ਹਨ। ਸੂਬੇ ਦੀ ਮਾਲੀ ਹਾਲਤ ਬਹੁਤ ਮਾੜੀ ਹੈ ਤੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਉਹ ਪੰਜਾਬ ਨੂੰ ਮੁੜ ਤੋਂ ਵਿਕਾਸ ਦੇ ਰਾਹ 'ਤੇ ਤੋਰਨਾ ਚਾਹੁੰਦੇ ਹਨ। ਢਿੱਲੋਂ ਨੇ ਆਖਿਆ ਕਿ ਪੰਜਾਬ ਥੱਕਿਆ ਜ਼ਰੂਰ ਹੈ, ਪਰ ਟੁੱਟਿਆ ਨਹੀਂ। ਪੰਜਾਬ ਵਾਪਸ ਵਿਕਾਸ ਦੀਆਂ ਲੀਹਾਂ 'ਤੇ ਆਵੇਗਾ ਤੇ ਅਸੀਂ ਪੰਜਾਬ ਨੂੰ ਨੰਬਰ-1 ਸੂਬਾ ਬਣਾਵਾਂਗੇ।
ਪ੍ਰਧਾਨਗੀ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਸੁਨੀਲ ਜਾਖੜ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਲਈ ਪੰਜਾਬ, ਪੰਜਾਬ ਦੇ ਲੋਕਾਂ ਅਤੇ ਸੰਗਠਨ ਨਾਲ ਰਿਸ਼ਤਾ ਹਮੇਸ਼ਾ ਕਿਸੇ ਵੀ ਅਹੁਦੇ ਜਾਂ ਜ਼ਿੰਮੇਵਾਰੀ ਤੋਂ ਕਾਫ਼ੀ ਉੱਪਰ ਰਿਹਾ ਹੈ ਅਤੇ ਇਹ ਨਾਤਾ ਅੱਗੇ ਵੀ ਉਸੇ ਪਿਆਰ, ਵਚਨਬੱਧਤਾ ਅਤੇ ਸਮਰਪਣ ਨਾਲ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਵੀ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਉਨ੍ਹਾਂ ਲਈ ਬਹੁਤ ਵੱਡੇ ਮਾਣ ਅਤੇ ਜ਼ਿੰਮੇਵਾਰੀ ਦੀ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਜਤਾਇਆ ਗਿਆ ਵਿਸ਼ਵਾਸ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲਗਾਤਾਰ ਮਿਲਿਆ ਮਾਰਗਦਰਸ਼ਨ ਇਸ ਪੂਰੇ ਸਫ਼ਰ ਦੌਰਾਨ ਉਨ੍ਹਾਂ ਲਈ ਤਾਕਤ ਦਾ ਸਥਾਈ ਸਰੋਤ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ, "ਹੁਣ ਜਦੋਂ ਇਹ ਜ਼ਿੰਮੇਵਾਰੀ ਕੇਵਲ ਢਿੱਲੋਂ ਨੂੰ ਸੌਂਪੀ ਜਾ ਰਹੀ ਹੈ, ਤਾਂ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ ਅਤੇ ਪੂਰਾ ਸਹਿਯੋਗ ਕੇਵਲ ਢਿੱਲੋਂ ਦੇ ਨਾਲ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਸੰਗਠਨ ਹੋਰ ਮਜ਼ਬੂਤ ਹੋਵੇਗਾ ਅਤੇ ਪੰਜਾਬ ਦੀ ਸੇਵਾ ਨੂੰ ਹੋਰ ਵੱਧ ਸਮਰਪਣ ਨਾਲ ਅੱਗੇ ਵਧਾਏਗਾ।”
ਇਸ ਨਿਯੁਕਤੀ ਦੇ ਸਿਆਸੀ ਮਾਇਨੇ ਬਹੁਤ ਡੂੰਘੇ ਹਨ। ਕੇਵਲ ਢਿੱਲੋਂ ਦਾ ਮਾਲਵਾ ਦੀ ਸਿਆਸਤ ਵਿਚ ਵੱਡਾ ਆਧਾਰ ਹੈ ਅਤੇ ਮਾਲਵਾ ਦੀ ਸਿਆਸਤ ਹੀ ਪੰਜਾਬ ਵਿਚ ਅਸਲ ਦਿਸ਼ਾ ਤੈਅ ਕਰਦੀ ਹੈ। ਇਕ ਸਿੱਖ ਚਿਹਰੇ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਮਾਲਵਾ ਸਮੇਤ ਪੂਰੇ ਪੰਜਾਬ ਵਿਚ ਆਪਣਾ ਅਕਸ ਸੁਧਾਰਨ ਅਤੇ ਕਿਸਾਨੀ ਹਲਕਿਆਂ ਵਿਚ ਪਹੁੰਚ ਬਣਾਉਣ ਵਿਚ ਮਦਦ ਮਿਲੇਗੀ। ਕੇਵਲ ਸਿੰਘ ਢਿੱਲੋਂ ਜੂਨ 2022 ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ, 2007 ਤੋਂ 2017 ਤੱਕ ਬਰਨਾਲਾ ਦੇ ਵਿਧਾਇਕ ਰਹਿ ਚੁੱਕੇ ਹਨ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ। ਸਿਆਸਤ ਦੇ ਨਾਲ-ਨਾਲ ਉਹ ਇਕ ਸਫਲ ਅਤੇ ਵੱਡੇ ਕਾਰੋਬਾਰੀ ਵਜੋਂ ਵੀ ਜਾਣੇ ਜਾਂਦੇ ਹਨ।
ਪੰਜਾਬ ਵਿਚ ਭਾਜਪਾ ਇਸ ਵੇਲੇ ਆਪਣੇ ਦਮ 'ਤੇ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਵਿਚ ਕੇਵਲ ਸਿੰਘ ਢਿੱਲੋਂ ਦੇ ਮੋਢਿਆਂ 'ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਪਾਰਟੀ ਦੇ ਕਾਡਰ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਹੋਵੇਗੀ। ਸਭ ਤੋਂ ਵੱਡੀ ਚੁਣੌਤੀ ਪਿੰਡਾਂ ਅਤੇ ਕਸਬਿਆਂ ਵਿਚ ਭਾਜਪਾ ਦੇ ਆਧਾਰ ਨੂੰ ਵਧਾਉਣਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login