ADVERTISEMENT

ADVERTISEMENT

ਸਰੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਉਲੀਕੇ ਵਿਸ਼ੇਸ਼ ਸਮਾਗਮ ਵਿੱਚ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ

ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੀ ਸੰਭਾਲ ਲਈ ਹੋ ਰਹੇ ਉਪਰਾਲਿਆਂ ਦੀ ਸ਼ਲਾਘਾ, ਵਿਰਾਸਤ ਤੇ ਪੰਥਕ ਸੇਵਾ ਨੂੰ ਸਮਰਪਿਤ ਹਸਤੀਆਂ ਨੂੰ ਕੀਤਾ ਗਿਆ ਸਨਮਾਨਿਤ

 ਸ. ਬਹਾਦਰ ਸਿੰਘ ਜੀ ਡਿਸਟਿੰਗਵਿਸ਼ਡ ਪੰਥਕ ਸੇਵਾ ਸਨਮਾਨ ਪ੍ਰਾਪਤ ਕਰਦੇ ਹੋਏ ਸ. ਬਹਾਦਰ ਸਿੰਘ ਜੀ ਡਿਸਟਿੰਗਵਿਸ਼ਡ ਪੰਥਕ ਸੇਵਾ ਸਨਮਾਨ ਪ੍ਰਾਪਤ ਕਰਦੇ ਹੋਏ / Photo Courtesy

ਕੈਨੇਡਾ ਦੇ ਸਰੀ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਵਿਸ਼ੇਸ਼ ਧਾਰਮਿਕ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖ ਵਿਰਾਸਤ ਦੀ ਸੰਭਾਲ, ਪੰਥਕ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

 

ਸਮਾਗਮ ਦੀ ਅਗਵਾਈ ਮੁੱਖ ਸੇਵਾਦਾਰ ਭਾਈ ਗੁਰਮੀਤ ਸਿੰਘ ਧਾਲੀਵਾਲ, ਬਲਬੀਰ ਸਿੰਘ ਨਿੱਝਰ, ਜਸਵਿੰਦਰ ਸਿੰਘ ਖਹਿਰਾ, ਸਕੱਤਰ ਰੁਪਿੰਦਰਜੀਤ ਸਿੰਘ ਕਾਹਲੋਂ, ਪ੍ਰੇਮ ਸਿੰਘ ਵਿਨਿੰਗ ਅਤੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰਾਂ ਨੇ ਕੀਤੀ।

ਸਮਾਰੋਹ ਦੌਰਾਨ ਸ. ਨਿਰਮਲ ਸਿੰਘ ਚੰਦੀ ਸਨਮਾਨ ਪ੍ਰਾਪਤ ਕਰਦੇ ਹੋਏ / Photo Courtesy

ਸਮਾਗਮ ਦਾ ਮੁੱਖ ਕੇਂਦਰ ਸਰਹਿੰਦ ਵਿਖੇ ਸਥਿਤ ਦੀਵਾਨ ਟੋਡਰ ਮੱਲ ਦੀ ਇਤਿਹਾਸਕ ‘ਜਹਾਜ਼ ਹਵੇਲੀ’ ਦੀ ਸੰਭਾਲ, ਸੰਰੱਖਣ ਅਤੇ ਪੁਨਰ-ਸਥਾਪਨਾ ਲਈ ਚੱਲ ਰਹੇ ਕਾਰਜ ਰਹੇ। ਇਸ ਮੌਕੇ ਦੱਸਿਆ ਗਿਆ ਕਿ ਦੀਵਾਨ ਟੋਡਰ ਮੱਲ ਹੈਰੀਟੇਜ ਫਾਊਂਡੇਸ਼ਨ ਪੰਜਾਬ ਦੇ ਮੁਖੀ ਸ. ਲਖਵਿੰਦਰ ਸਿੰਘ ਕਾਹਨੇਕੇ ਦੀ ਅਗਵਾਈ ਹੇਠ ਇਹ ਵਿਰਾਸਤੀ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਗੁਰਦੁਆਰਾ ਕਮੇਟੀ ਵੱਲੋਂ ਸ. ਲਖਵਿੰਦਰ ਸਿੰਘ ਕਾਹਨੇਕੇ ਨੂੰ 'ਵਿਰਾਸਤ ਗੌਰਵ ਸਨਮਾਨ' ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਸ. ਬਹਾਦਰ ਸਿੰਘ, ਬੀਬੀ ਪਰਵਿੰਦਰ ਕੌਰ ਅਤੇ ਸ. ਨਿਰਮਲ ਸਿੰਘ ਚੰਦੀ ਨੂੰ 'ਡਿਸਟਿੰਗਵਿਸ਼ਡ ਪੰਥਕ ਸੇਵਾ ਸਨਮਾਨ', ਜਦਕਿ ਸ. ਜੋਗਾ ਸਿੰਘ ਬਾਠ ਨੂੰ 'ਪੰਥਕ ਸੇਵਾ ਸਨਮਾਨ' ਭੇਟ ਕੀਤਾ ਗਿਆ।

ਸ. ਲਖਵਿੰਦਰ ਸਿੰਘ ਕਾਹਨੇਕੇ ਵਿਰਾਸਤ ਗੌਰਵ ਸਨਮਾਨ ਪ੍ਰਾਪਤ ਕਰਦੇ ਹੋਏ / Photo Courtesy

ਇਸ ਮੌਕੇ ਵਿਸ਼ਵ ਸਿੱਖ ਸੰਸਥਾ (ਡਬਲਿਊਐੱਸਓ) ਦੇ ਕਾਨੂੰਨੀ ਸਲਾਹਕਾਰ ਸ. ਬਲਪ੍ਰੀਤ ਸਿੰਘ ਨੇ ਕੈਨੇਡਾ ਅਤੇ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਸਥਾ ਸਿੱਖਾਂ ਦੇ ਧਾਰਮਿਕ, ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦੌਰਾਨ ਡਬਲਿਊਐੱਸਓ ਵੱਲੋਂ ਬੀ.ਸੀ. ਫੈਰੀ ਦੇ ਕੈਪਟਨ ਸ. ਗੁਰਪ੍ਰੀਤ ਸਿੰਘ ਬਾਜਵਾ ਅਤੇ ਇੰਜੀਨੀਅਰ ਕਰਮਬੀਰ ਸਿੰਘ ਕੰਗ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ 'ਐਵਾਰਡ ਆਫ਼ ਆਨਰ' ਨਾਲ ਸਨਮਾਨਿਤ ਕੀਤਾ ਗਿਆ।

 

ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਦੇ ਸੰਸਥਾਪਕ ਪ੍ਰਧਾਨ ਅਤੇ ਸੀਈਓ ਸ. ਗਿਆਨ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ ਦੇ ਪੁਨਰ-ਸਥਾਪਨਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਦੀ ਸੰਭਾਲ ਲਈ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਪ੍ਰੋਜੈਕਟ ਦੇ ਮੁੱਖ ਵਿੱਤੀ ਸਹਿਯੋਗੀਆਂ ਟਰੇਸੀ (ਅਮਰੀਕਾ) ਨਿਵਾਸੀ ਸ. ਸਤਨਾਮ ਸਿੰਘ ਸੰਧੂ ਅਤੇ ਸ. ਕਰਨੈਲ ਸਿੰਘ ਸੰਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸ. ਲਖਵਿੰਦਰ ਸਿੰਘ ਕਹਨੇਕੇ ਸਮੇਤ ਸਮੂਹ ਸੇਵਾਦਾਰਾਂ ਦੀ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਕੀਤੀ।

ਸਨਮਾਨ ਸਮਾਰੋਹ ਦੀਆਂ ਝਲਕੀਆਂ / Photo Courtesy

ਸ. ਬਹਾਦਰ ਸਿੰਘ ਨੇ ਵਿਸ਼ਵ ਪੱਧਰ 'ਤੇ ਸਿੱਖ ਪਹਿਚਾਣ ਅਤੇ ਕਕਾਰਾਂ ਦੀ ਮਰਿਆਦਾ ਨਾਲ ਜੁੜੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਸਿੱਖ ਵਿਰਾਸਤ ਨਾਲ ਜੋੜਨ ਲਈ ਸਾਂਝੇ ਉਪਰਾਲਿਆਂ ਦੀ ਲੋੜ 'ਤੇ ਜ਼ੋਰ ਦਿੱਤਾ। ਹੋਰ ਬੁਲਾਰਿਆਂ ਨੇ ਵੀ ਸਿੱਖ ਇਤਿਹਾਸ, ਵਿਰਾਸਤ ਦੀ ਸੰਭਾਲ ਅਤੇ ਪੰਥਕ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।

 

ਸਮਾਗਮ ਵਿੱਚ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਚੜ੍ਹਦੀਕਲਾ ਟਾਈਮ ਟੀਵੀ ਤੋਂ ਰਵੀ ਕਾਂਤ ਸ਼ਰਮਾ, ਸਮਾਜਿਕ ਆਗੂਆਂ, ਪੰਥਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਮਹਿਮਾਨਾਂ, ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਸਿੱਖ ਵਿਰਾਸਤ ਅਤੇ ਪੰਥਕ ਸੇਵਾ ਦੇ ਅਜਿਹੇ ਉਪਰਾਲਿਆਂ ਨੂੰ ਅੱਗੇ ਵੀ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।

Comments

Leave A Comment

Required fields are marked (*).

Related

Talk to us?