ਵਰਲਡ ਕੱਪ ਮੈਚਾਂ ਨੇੜੇ 600 ਤੋਂ ਵੱਧ ਡਰੋਨ ਜ਼ਬਤ / Photo Courtesy
ਅਮਰੀਕਾ ਵਿੱਚ ਚੱਲ ਰਹੇ ਫੀਫਾ ਕਲੱਬ ਵਰਲਡ ਕੱਪ ਦੌਰਾਨ ਸੁਰੱਖਿਆ ਨੂੰ ਲੈ ਕੇ ਐਫਬੀਆਈ ਨੇ ਵੱਡਾ ਖੁਲਾਸਾ ਕੀਤਾ ਹੈ। ਐਫਬੀਆਈ ਮੁਤਾਬਕ 11 ਜੂਨ ਤੋਂ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਵਰਲਡ ਕੱਪ ਮੈਚਾਂ ਅਤੇ ਫੈਨ ਫੈਸਟ ਸਮਾਗਮਾਂ ਦੇ ਨੇੜੇ 600 ਤੋਂ ਵੱਧ ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਜ਼ਬਤ ਕੀਤੇ ਗਏ ਡਰੋਨਾਂ ਦੀ ਗਿਣਤੀ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਦੋਗੁਣੀ ਹੋ ਗਈ ਹੈ, ਜਿਸ ਕਾਰਨ ਸੁਰੱਖਿਆ ਏਜੰਸੀਆਂ ਨੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ।
ਐਫਬੀਆਈ ਨੇ ਕਿਹਾ ਕਿ ਉਹ ਸਥਾਨਕ ਅਤੇ ਰਾਜ ਪੁਲਿਸ ਦੇ ਨਾਲ ਮਿਲ ਕੇ ਵਰਲਡ ਕੱਪ ਮੈਚਾਂ ਅਤੇ ਉਨ੍ਹਾਂ ਨਾਲ ਜੁੜੇ ਫੈਨ ਫੈਸਟ ਸਮਾਗਮਾਂ ਦੇ ਆਲੇ-ਦੁਆਲੇ ਡਰੋਨ ਗਤੀਵਿਧੀਆਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਵੱਲੋਂ ਇਨ੍ਹਾਂ ਖੇਤਰਾਂ ਵਿੱਚ ਅਸਥਾਈ ਹਵਾਈ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ ਅਤੇ ਡਰੋਨ ਮਾਲਕਾਂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਜ਼ਿਆਦਾਤਰ ਉਲੰਘਣਾਵਾਂ ਵਿੱਚ ਡਰੋਨ ਜ਼ਬਤ ਕਰਨ ਦੇ ਨਾਲ-ਨਾਲ ਚਲਾਨ ਵੀ ਜਾਰੀ ਕੀਤੇ ਗਏ ਹਨ।
ਐਫਬੀਆਈ ਨੇ ਇਹ ਵੀ ਦੱਸਿਆ ਕਿ ਸਿਰਫ਼ ਕੈਨਸਸ ਸਿਟੀ ਵਿੱਚ ਹੀ ਵਰਲਡ ਕੱਪ ਸਮਾਗਮਾਂ ਦੇ ਬਾਹਰ ਹੁਣ ਤੱਕ 32 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ। ਉੱਥੇ ਹੀ ਡਲਾਸ ਵਿੱਚ ਜੂਨ ਦੇ ਅੱਧ ਦੌਰਾਨ ਇੱਕ ਹੋਂਡੂਰਾਸੀ ਨਾਗਰਿਕ 'ਤੇ ਡਲਾਸ ਸਟੇਡੀਅਮ ਦੇ ਨੇੜੇ ਗੈਰ-ਰਜਿਸਟਰਡ ਡਰੋਨ ਉਡਾਉਣ ਦੇ ਦੋਸ਼ ਹੇਠ ਸੰਘੀ ਕੇਸ ਦਰਜ ਕੀਤਾ ਗਿਆ। ਜਾਂਚ ਮੁਤਾਬਕ, ਮੈਚ ਦੌਰਾਨ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਉਡ ਰਹੇ ਡਰੋਨ ਦਾ ਐਫਬੀਆਈ ਨੇ ਕੁਝ ਹੀ ਸਕਿੰਟਾਂ ਵਿੱਚ ਪਤਾ ਲਗਾ ਲਿਆ ਅਤੇ ਟਾਸਕ ਫੋਰਸ ਦੇ ਅਧਿਕਾਰੀਆਂ ਨੇ ਤੁਰੰਤ ਡਰੋਨ ਆਪਰੇਟਰ ਤੱਕ ਪਹੁੰਚ ਕੀਤੀ। ਦੋਸ਼ੀ ਇਸ ਵੇਲੇ ਮੁਕੱਦਮੇ ਦੀ ਉਡੀਕ ਵਿੱਚ ਹਿਰਾਸਤ ਵਿੱਚ ਹੈ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹਰ ਵਰਲਡ ਕੱਪ ਮੈਚ ਤੋਂ ਤਿੰਨ ਘੰਟੇ ਪਹਿਲਾਂ ਅਤੇ ਤਿੰਨ ਘੰਟੇ ਬਾਅਦ ਤੱਕ ਸਟੇਡੀਅਮ ਦੇ ਆਲੇ-ਦੁਆਲੇ 'ਨੋ-ਫਲਾਈ ਜ਼ੋਨ' ਲਾਗੂ ਰਹਿੰਦਾ ਹੈ। ਇਸ ਦੌਰਾਨ ਬਿਨਾਂ ਇਜਾਜ਼ਤ ਡਰੋਨ ਉਡਾਉਣਾ ਸੰਘੀ ਕਾਨੂੰਨ ਦੀ ਉਲੰਘਣਾ ਹੈ।
ਅਮਰੀਕੀ ਅਟਾਰਨੀ ਆਰ. ਮੈਥਿਊ ਪ੍ਰਾਈਸ ਨੇ ਕਿਹਾ ਕਿ ਨੋ-ਫਲਾਈ ਜ਼ੋਨ ਵਿੱਚ ਡਰੋਨ ਉਡਾਉਣਾ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਜਨਤਕ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਡਰੋਨ ਨਜ਼ਰ ਆਵੇ ਤਾਂ ਤੁਰੰਤ ਸੂਚਨਾ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਅਮਰੀਕੀ ਨਿਆਂ ਵਿਭਾਗ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login