ਐਟਲਾਂਟਾ ਵਿਖੇ ਸਿਆਨਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2026 ਦਾ ਆਯੋਜਨ / Photo Courtesy
ਹਾਲ ਹੀ ਵਿੱਚ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵੱਲੋਂ ਕਰਵਾਏ ਗਏ ਚਾਰ ਰੋਜ਼ਾ ਸਾਲਾਨਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2026 ਦੇ ਫਾਈਨਲ ਮੁਕਾਬਲੇ ਅਮਰੀਕਾ ਦੇ ਸੂਬੇ ਜਾਰਜੀਆ ਦੇ ਸ਼ਹਿਰ ਐਟਲਾਂਟਾ (ਸਟੋਨ ਮਾਊਂਟੇਨ) ਸਥਿਤ ਸਿੱਖ ਸਟੱਡੀ ਸਰਕਲ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਗਏ। ਐਟਲਾਂਟਾ ਵਿੱਚ 13 ਸਾਲਾਂ ਦੇ ਲੰਬੇ ਵਕਫ਼ੇ ਮਗਰੋਂ ਹੋਏ ਇਸ ਅੰਤਰਰਾਸ਼ਟਰੀ ਸਮਾਗਮ ਵਿੱਚ ਅਮਰੀਕਾ ਅਤੇ ਕੈਨੇਡਾ ਦੇ 14 ਵੱਖ-ਵੱਖ ਰੀਜਨਾਂ ਤੋਂ 6 ਤੋਂ 22 ਸਾਲ ਦੀ ਉਮਰ ਦੇ 73 ਬੱਚਿਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਪ੍ਰਤੀਭਾਗੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਪ੍ਰਬੰਧਕਾਂ ਸਮੇਤ 300 ਤੋਂ ਵੱਧ ਸੰਗਤਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ।
ਸਿਮਪੋਜ਼ੀਅਮ ਦੀ ਪ੍ਰਕਿਰਿਆ ਸਥਾਨਕ, ਰੀਜਨਲ ਅਤੇ ਫਿਰ ਅੰਤਰਰਾਸ਼ਟਰੀ ਪੱਧਰ ’ਤੇ ਅੱਗੇ ਵਧਦੀ ਹੈ। ਇਸ ਤਹਿਤ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਾਨਕ ਪੱਧਰ ’ਤੇ ਸਿਮਪੋਜ਼ੀਅਮ ਕਰਵਾਏ ਜਾਂਦੇ ਹਨ। ਇਨ੍ਹਾਂ ਦੇ ਜੇਤੂ ਰੀਜਨਲ ਪੱਧਰ ’ਤੇ ਪਹੁੰਚਦੇ ਹਨ ਅਤੇ ਰੀਜਨਲ ਫਾਈਨਲ ਦੇ ਜੇਤੂ ਬੱਚੇ ਅੰਤਰਰਾਸ਼ਟਰੀ ਫਾਈਨਲ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ।
ਇਸ ਸਾਲ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਦੇ ਆਧਾਰ ’ਤੇ ਪੰਜ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਪਹਿਲੇ ਗਰੁੱਪ ਲਈ “ਮਾਈ ਗੁਰੂਜ਼ ਬਲੈਸਿੰਗਜ਼ - ਬੁੱਕ 6”, ਦੂਜੇ ਲਈ “ਦੀ ਵਾਰੀਅਰ ਪ੍ਰਿੰਸੈਸ - ਪਾਰਟ 2”, ਤੀਜੇ ਲਈ “ਟੀਚਿੰਗ ਸਿੱਖ ਹੈਰੀਟੇਜ ਟੂ ਦੀ ਯੂਥ” ਅਤੇ ਚੌਥੇ ਲਈ “ਦੀ ਮੈਸੇਜ ਆਫ ਗੁਰਬਾਣੀ - ਆਨੰਦ” ਪੁਸਤਕਾਂ ਨਿਰਧਾਰਤ ਕੀਤੀਆਂ ਗਈਆਂ ਸਨ। ਬੱਚਿਆਂ ਨੇ ਦਿੱਤੇ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਦੇ ਭਾਸ਼ਣ ਰਾਹੀਂ ਪੇਸ਼ ਕੀਤੇ। ਪੰਜਵੇਂ ਗਰੁੱਪ (16 ਤੋਂ 22 ਸਾਲ) ਦਾ ਵਿਸ਼ਾ “ਗੁਰੂਜ਼ ਵੀਊ ਆਫ ਏ ਜਸਟ ਵਰਲਡ – ਬੇਗਮਪੁਰਾ ਸਹਰ ਕੋ ਨਾਉ” ਸੀ। ਇਸ ਵਿਸ਼ੇ ’ਤੇ ਨੌਜਵਾਨਾਂ ਨੇ ਬਰਾਬਰੀ, ਮਨੁੱਖੀ ਮਰਿਆਦਾ, ਸਮਾਜਿਕ ਨਿਆਂ, ਲੰਗਰ ਅਤੇ ਨਿਆਂਪੂਰਨ ਸੰਸਾਰ ਸਬੰਧੀ ਗੁਰੂ ਸਾਹਿਬ ਦੀ ਦ੍ਰਿਸ਼ਟੀ ’ਤੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ।
ਸਮਾਗਮ ਦੌਰਾਨ ਮਈ 2026 ਵਿੱਚ ਇੱਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਏ ‘ਸਿਆਨਾ’ ਦੇ ਰਾਸ਼ਟਰੀ ਕਨਵੀਨਰ ਸ. ਕੁਲਦੀਪ ਸਿੰਘ ਜੀ ਨੂੰ ਭਾਵਪੂਰਤ ਸ਼ਰਧਾਂਜਲੀ ਦਿੱਤੀ ਗਈ। ਸੰਗਤ ਅਤੇ ਪ੍ਰਬੰਧਕਾਂ ਨੇ ਉੱਤਰੀ ਅਮਰੀਕਾ ਵਿੱਚ ਗੁਰਮਤਿ ਕੈਂਪ ਅਤੇ ਸਿਮਪੋਜ਼ੀਅਮ ਦੀ ਸਥਾਪਨਾ ਕਰਨ ਦੇ ਨਾਲ-ਨਾਲ ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ।
ਹਰ ਸਾਲ ਦੀ ਤਰ੍ਹਾਂ ਅੰਤਰਰਾਸ਼ਟਰੀ ਫਾਈਨਲ ਵਿੱਚ ਪਹੁੰਚਣ ਵਾਲੇ ਸਾਰੇ ਬੱਚਿਆਂ ਲਈ ਵਿਸ਼ੇਸ਼ ਸਨਮਾਨ ਸਮਾਰੋਹ (ਬੈਂਕੁਇਟ) ਵੀ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਦੀ ਮਿਹਨਤ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ ਗਈ।
ਅਖੀਰਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਉਪਰੰਤ ਨਤੀਜਿਆਂ ਦਾ ਐਲਾਨ ਕੀਤਾ ਗਿਆ। ਪਹਿਲੇ ਗਰੁੱਪ ਵਿੱਚ ਜਲਨਿਧ ਕੌਰ, ਦੂਜੇ ਵਿੱਚ ਸਰਬੱਤ ਸਿੰਘ, ਤੀਜੇ ਵਿੱਚ ਕੇਸਰ ਸਿੰਘ, ਚੌਥੇ ਵਿੱਚ ਸੁਹਾਵੀ ਕੌਰ ਅਤੇ ਪੰਜਵੇਂ ਗਰੁੱਪ ਵਿੱਚ ਸਹਿਜਵੀਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਦੇ ਜੇਤੂਆਂ ਤੋਂ ਇਲਾਵਾ ਫਾਈਨਲ ਵਿੱਚ ਪਹੁੰਚੇ ਸਾਰੇ ਬੱਚਿਆਂ ਨੂੰ “ਡਿਸਟਿੰਗੂਇਸ਼ਡ ਸਪੀਕਰ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਐਟਲਾਂਟਾ ਵਿੱਚ ਸਮਾਗਮ ਦੀ ਅਗਵਾਈ ਕਰਨ ਵਾਲੇ ਮੁੱਖ ਪ੍ਰਬੰਧਕਾਂ ਮਨਪ੍ਰੀਤ ਸਿੰਘ ਜੀ ਅਤੇ ਪਰਮਿੰਦਰ ਸਿੰਘ ਜੀ ਨੇ ਚਾਰ ਰੋਜ਼ਾ ਸਾਲਾਨਾ ਸਮਾਗਮ ਨੂੰ ਸਫਲ ਬਣਾਉਣ ਲਈ ਪਹੁੰਚੀ ਸਮੁੱਚੀ ਸੰਗਤ, ਸੇਵਾਦਾਰਾਂ, ਬੱਚਿਆਂ, ਮਾਪਿਆਂ ਅਤੇ ਸਿੱਖ ਸਟੱਡੀ ਸਰਕਲ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਸੇਵਾਦਾਰਾਂ ਵੱਲੋਂ ਤਨ, ਮਨ ਅਤੇ ਧਨ ਨਾਲ ਰਹਿਣ-ਸਹਿਣ ਅਤੇ ਲੰਗਰ ਦੀਆਂ ਸੇਵਾਵਾਂ ਨਿਭਾਈਆਂ ਗਈਆਂ।
ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਅਗਲਾ ‘ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ 2027’ ਅਗਸਤ 2027 ਦੇ ਪਹਿਲੇ ਵੀਕਐਂਡ (ਹਫ਼ਤੇ ਦੇ ਅੰਤ) ਦੌਰਾਨ ਨਿਊ ਜਰਸੀ ਵਿਖੇ ਕਰਵਾਇਆ ਜਾਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login