ਕੋਲਕਾਤਾ ਵਿਖੇ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਵੱਲੋਂ ਇੱਕ ਸਿੱਖ ਦੀ ਦਸਤਾਰ ’ਤੇ ਚੱਪਲ ਸੁੱਟਣ ਦੀ ਘਟਨਾ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜੋ ਜਾਣ ਬੁੱਝ ਕੇ ਅੰਜਾਮ ਦਿੱਤੀ ਜਾਪਦੀ ਹੈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਦੇ ਮਨਾਂ ਵਿੱਚ ਕੇਂਦਰੀ ਮੰਤਰੀ ਦਾ ਵਿਵਹਾਰ ਨਫਰਤ ਪ੍ਰੇਰਿਤ ਪ੍ਰਤੀਤ ਹੋ ਰਿਹਾ ਹੈ। ਘਟਨਾ ਦੀ ਅਸਲ ਸੱਚਾਈ ਜਾਂ ਸੁਕਾਂਤਾ ਮਜੂਮਦਾਰ ਵੱਲੋਂ ਇਸ ਤਰਾਂ ਦੀ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਦਾ ਮਕਸਦ ਜਾਂ ਕਾਰਨ ਤਾਂ ਸਪੱਸ਼ਟ ਨਹੀ, ਅਤੇ ਨਾਂ ਹੀ ਕੇਂਦਰੀ ਮੰਤਰੀ ਵੱਲੋਂ ਕੋਈ ਸਪੱਸ਼ਟੀਕਰਨ ਆਇਆ ਹੈ, ਪਰ ਵਾਇਰਲ ਵੀਡੀਓ ਨਾਲ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਕੇਂਦਰੀ ਮੰਤਰੀ ਦੇ ਇਸ ਵਿਵਹਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾ ਕਿਹਾ ਕਿ ਇਹ ਘਟਨਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ। ਦਸਤਾਰ ਸਿੱਖ ਧਰਮ ਦਾ ਅਟੁੱਟ ਅੰਗ ਅਤੇ ਸਿੱਖ ਪਛਾਣ ਦਾ ਪ੍ਰਤੀਕ ਹੈ, ਜਿਸ ਦੀ ਇਸ ਤਰਾਂ ਬੇਅਦਬੀ ਕਰਨਾ ਸਮੁੱਚੀ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਸੱਟ ਮਾਰਨ ਦੇ ਬਰਾਬਰ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰ ਦੇ ਮੰਤਰੀਆਂ ਦਾ ਫਰਜ਼ ਹੈ ਕਿ ਉਹ ਹਰ ਧਰਮ ਦੇ ਲੋਕਾਂ ਦਾ ਸਤਿਕਾਰ ਅਤੇ ਇਜ਼ਤਮਾਣ ਕਰਨ ਅਤੇ ਸਮਾਜ ਵਿਰੋਧੀ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ। ਪਰ ਜਦੋਂ ਸਿਖਰਲੇ ਅਹੁਦਿਆਂ ’ਤੇ ਬੈਠੇ ਲੋਕ ਹੀ ਅਜਿਹੀਆਂ ਨਿੰਦਣਯੋਗ ਹਰਕਤਾਂ ਕਰਨਗੇ, ਤਾਂ ਆਮ ਲੋਕਾਂ ਦਾ ਸਰਕਾਰ ਅਤੇ ਸਮਾਜਿਕ ਨਿਆਂ ’ਤੇ ਭਰੋਸਾ ਕਿਵੇਂ ਕਾਇਮ ਰਹੇਗਾ?
ਉਨ੍ਹਾ ਆਪਣਾ ਰੋਸ ਪ੍ਰਗਟ ਕਰਦਿਆਂ ਅੱਗੇ ਕਿਹਾ ਕਿ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਅਤੇ ਅਖੰਡਤਾ ਲਈ ਅਣਮੁੱਲੀਆਂ ਕੁਰਬਾਨੀਆਂ ਦਿੱਤੀਆਂ ਹਨ।ਭੂਚਾਲ, ਹੜ੍ਹ ਜਾਂ ਹੋਰ ਕੁਦਰਤੀ ਆਫ਼ਤਾਂ ਸਮੇਂ ਸਿੱਖਾਂ ਨੇ ਲੰਗਰਾਂ ਸਮੇਤ ਹੋਰ ਸੇਵਾਵਾਂ ਵਿਚ ਵੱਡਾ ਯੋਗਦਾਨ ਪਾਉਂਦਿਆਂ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਸਾਕਾਰ ਕੀਤਾ। ਪਰੰਤੂ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਇਕ ਜ਼ਿੰਮੇਵਾਰ ਤੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਵੱਲੋਂ ਨਫ਼ਰਤੀ ਸੋਚ ਦਾ ਪ੍ਰਗਟਾਵਾ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਆਹਤ ਕੀਤੀਆਂ ਗਈਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login