ADVERTISEMENT

ADVERTISEMENT

ਵਰਜੀਨੀਆ ਵਿੱਚ ਮੇਲਾ ਪੰਜਾਬਣਾਂ ਦਾ-2025’ ਸਭਿਆਚਾਰਕ ਛਾਪ ਨਾਲ ਸੰਪੰਨ 

ਸਾਜ਼-ਸੰਗੀਤ, ਸੁਆਦੀ ਭੋਜਨ ਤੇ ਪੰਜਾਬੀ ਪਹਿਰਾਵਿਆਂ ਨੇ ਹਰ ਕਿਸੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਸੁਨੇਹਾ ਦਿੱਤਾ

ਪੰਜਾਬੀ ਸੱਭਿਆਚਾਰ ਵਿਚ ਤਿਉਹਾਰ ਅਤੇ ਮੇਲੇ ਹਮੇਸ਼ਾਂ ਹੀ ਲੋਕਾਂ ਦੀਆਂ ਭਾਵਨਾਵਾਂ, ਰਸਮਾਂ ਅਤੇ ਰੰਗਾਂ ਦੇ ਪ੍ਰਤੀਕ ਰਹੇ ਹਨ। ਵਿਸ਼ੇਸ਼ ਤੌਰ ‘ਤੇ ਸਾਵਣ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਪੰਜਾਬਣਾਂ ਦੇ ਮਨ ਦਾ ਤਿਉਹਾਰ ਮੰਨਿਆ ਜਾਂਦਾ ਹੈ, ਜਿੱਥੇ ਔਰਤਾਂ ਇਕੱਠੀਆਂ ਹੋ ਕੇ ਖੇਡ-ਰਸ, ਗੀਤ-ਸੰਗੀਤ ਤੇ ਪੀਘਾਂ ਪਾ ਕੇ ਖ਼ੁਸ਼ੀਆਂ ਸਾਂਝੀਆਂ ਕਰਦੀਆਂ ਹਨ। ਇਸੇ ਪਰੰਪਰਾ ਨੂੰ ਜ਼ਿੰਦਾ ਰੱਖਦਿਆਂ ਪੰਜਾਬੀ ਪ੍ਰਵਾਸੀ ਭਾਈਚਾਰੇ ਨੇ ਅਮਰੀਕਾ ਦੀ ਧਰਤੀ ‘ਤੇ ਵੀ ਆਪਣੀ ਰੂਹਾਨੀ ਜੁੜਤ ਕਾਇਮ ਰੱਖੀ ਹੈ।

ਇਸੇ ਕੜੀ ਅੰਦਰ ਮਨਾਸਿਸ (ਵਰਜੀਨੀਆ) ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਮੇਲਾ ਪੰਜਾਬਣਾਂ ਦਾ-2025’ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ।  ਪ੍ਰਬੰਧਕਾਂ ਵਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਅਨੁਸਾਰ ਅਮੇਜ਼ਿੰਗ ਟੀਵੀ ਅਤੇ 'ਮੇਲਾ ਪੰਜਾਬਣਾਂ ਦਾ' ਦੀ ਪ੍ਰਬਧਕ ਜਸਵੀਰ ਕੌਰ ਵੱਲੋਂ ਸਾਂਝੇ ਤੌਰ ‘ਤੇ ਇਸ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੇਲੇ ਵਿੱਚ ਇਕੱਠੀਆਂ ਹੋਈਆਂ ਪੰਜਾਬਣਾਂ ਵੱਲੋਂ ਗਿੱਧੇ, ਭੰਗੜੇ, ਟੱਪਿਆਂ ਅਤੇ ਲੋਕ-ਗੀਤਾਂ ਨਾਲ ਪੰਜਾਬੀ ਸੱਭਿਆਚਾਰ ਦਾ ਰੰਗ ਬੰਨ੍ਹਿਆ ਗਿਆ। ਇਸਦੇ ਨਾਲ ਹੀ ਵੱਖ-ਵੱਖ ਸਟਾਲਾਂ ਨੇ ਮੇਲੇ ਦੀ ਰੌਣਕ ਵਧਾਈ। ਸਾਜ਼-ਸੰਗੀਤ, ਸੁਆਦੀ ਭੋਜਨ ਤੇ ਪੰਜਾਬੀ ਪਹਿਰਾਵਿਆਂ ਨੇ ਹਰ ਕਿਸੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਸੁਨੇਹਾ ਦਿੱਤਾ।

ਜਾਰੀ ਪ੍ਰੈਸ ਬਿਆਨ ਅਨੁਸਾਰ 'ਇਹ ਮੇਲਾ ਲਗਭਗ 14 ਸਾਲਾਂ ਤੋਂ ਇਥੇ ਨਿਰੰਤਰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੀ ਪ੍ਰਚਾਰ-ਪ੍ਰਸਾਰ ਅਤੇ ਉਤਸ਼ਾਹਜਨਕ ਭੂਮਿਕਾ ਲਈ ਸਿੱਖਸ ਆਫ ਅਮੈਰਿਕਾ ਦੇ ਪ੍ਰਧਾਨ ਸ. ਜਸਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਮਾਣਯੋਗ ਹਨ। ਇਸ ਸਾਲ ਵੀ ਉਨ੍ਹਾਂ ਦੀ ਅਗਵਾਈ ਹੇਠ ਮੇਲਾ ਕਾਬਿਲ-ਏ-ਤਾਰੀਫ਼ ਤਰੀਕੇ ਨਾਲ ਮਨਾਇਆ ਗਿਆ।'

ਮੇਲਾ ਪ੍ਰਬੰਧਕ ਜਸਵੀਰ ਕੌਰ ਅਤੇ ਵਰਿੰਦਰ ਸਿੰਘ ਨੇ ਕਿਹਾ ਕਿ 'ਮੇਲੇ ਵਿੱਚ ਪੰਜਾਬਣਾਂ ਨੇ ਆਪਣੀ ਕਲਾ ਅਤੇ ਲੋਕ-ਵਿਰਸੇ ਨਾਲ ਖੂਬ ਮਨਮੋਹਣੀ ਛਾਪ ਛੱਡੀ। ਉਨ੍ਹਾਂ ਉਹਨਾਂ ਸਾਰੀਆਂ ਪੰਜਾਬਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੇਲੇ ਨੂੰ ਚਾਰ ਚੰਨ ਲਗਾਏ'। ਅੰਤ ਵਿੱਚ, ਮਿਲਣ-ਮਿਲਾਉ ਅਤੇ ਖੁਸ਼ੀਆਂ ਨਾਲ ਭਰਪੂਰ ਇਹ ਮੇਲਾ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਖੁਸ਼ਗਵਾਰ ਅੰਦਾਜ਼ ਵਿੱਚ ਸੰਪੰਨ ਹੋਇਆ।

Comments

Related