ADVERTISEMENT

ADVERTISEMENT

ਆਸਟਰੇਲੀਆ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਭਿਆਨਕ ਅੱਗ

ਲੰਗਰ ਹਾਲ ਦੀ ਰਸੋਈ ਤੋਂ ਲੱਗੀ ਅੱਗ ਨੇ ਮਿੰਟਾਂ ਵਿੱਚ ਧਾਰਿਆ ਭਿਆਨਕ ਰੂਪ; ਜਾਂਚ ਜਾਰੀ

 ਆਸਟਰੇਲੀਆ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਭਿਆਨਕ ਅੱਗ ਆਸਟਰੇਲੀਆ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਭਿਆਨਕ ਅੱਗ / Photo Courtesy

ਦੱਖਣੀ ਆਸਟਰੇਲੀਆ ਦੇ ਐਡਲੇਡ ਸ਼ਹਿਰ ਵਿੱਚ ਐਤਵਾਰ ਰਾਤ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਵਿਸ਼ਾਲ ਇਮਾਰਤ ਭਿਆਨਕ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਇਸ ਅਗਨਕਾਂਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਜਿਸ ਕਾਰਨ ਵਿਸ਼ਵ ਭਰ ਦੀ ਸਿੱਖ ਸੰਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

 

ਗੁਰਦੁਆਰਾ ਪ੍ਰਬੰਧਕ ਕਮੇਟੀ ਮੁਤਾਬਕ, ਮੁੱਖ ਦੀਵਾਨ ਹਾਲ ਦੀ ਛੱਤ ਪਾਲਕੀ ਸਾਹਿਬ ਉੱਪਰ ਡਿੱਗਣ ਕਾਰਨ ਪਾਵਨ ਸਰੂਪਾਂ ਦੀ ਮੌਜੂਦਾ ਸਥਿਤੀ ਬਾਰੇ ਫਿਲਹਾਲ ਕੁਝ ਵੀ ਸਪੱਸ਼ਟ ਕਹਿਣਾ ਜਲਦਬਾਜ਼ੀ ਹੋਵੇਗੀ। ਰਾਹਤ ਅਤੇ ਬਚਾਅ ਟੀਮਾਂ ਡਿੱਗੀ ਹੋਈ ਛੱਤ ਨੂੰ ਕੱਟ ਕੇ ਹਟਾਉਣ ਦੇ ਯਤਨਾਂ ਵਿੱਚ ਲੱਗੀਆਂ ਹੋਈਆਂ ਹਨ। ਇਸ ਤੋਂ ਬਾਅਦ ਹੀ ਪਾਵਨ ਸਰੂਪਾਂ ਦੀ ਅਸਲ ਸਥਿਤੀ ਬਾਰੇ ਜਾਣਕਾਰੀ ਮਿਲ ਸਕੇਗੀ। ਦੂਜੇ ਪਾਸੇ, ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੇ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਮਿਲੀ ਜਾਣਕਾਰੀ ਅਨੁਸਾਰ, ਐਤਵਾਰ ਰਾਤ ਕਰੀਬ 10.30 ਵਜੇ (ਆਸਟਰੇਲੀਆਈ ਸਮੇਂ ਅਨੁਸਾਰ) ਲੰਗਰ ਹਾਲ ਦੀ ਰਸੋਈ ਵਿੱਚੋਂ ਅੱਗ ਲੱਗੀ। ਕੁਝ ਹੀ ਮਿੰਟਾਂ ਵਿੱਚ ਅੱਗ ਦੀਆਂ ਭਿਆਨਕ ਲਪਟਾਂ ਲੰਗਰ ਹਾਲ ਤੋਂ ਹੁੰਦੀਆਂ ਹੋਈਆਂ ਗੁਰਦੁਆਰਾ ਸਾਹਿਬ ਦੇ ਮੁੱਖ ਦੀਵਾਨ ਹਾਲ ਤੱਕ ਪਹੁੰਚ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਕੁਝ ਸਮਾਂ ਪਹਿਲਾਂ, ਕਰੀਬ ਰਾਤ 9.30 ਵਜੇ, ਐਤਵਾਰ ਦਾ ਰਾਤਰੀ ਦੀਵਾਨ ਸਮਾਪਤ ਹੋਇਆ ਸੀ।

 

ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਲੰਗਰ ਹਾਲ ਦੀ ਇਮਾਰਤ ਦੇ ਅੰਦਰੋਂ ਕਈ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਵੀ ਸੁਣੀਆਂ ਗਈਆਂ। ਅੱਗ ਦੀਆਂ ਲਪਟਾਂ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਕੁਝ ਹੀ ਸਮੇਂ ਵਿੱਚ ਢਹਿ-ਢੇਰੀ ਹੋ ਗਿਆ।

 

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਸੁਰੱਖਿਆ ਦੇ ਮੱਦੇਨਜ਼ਰ ਕਿਸੇ ਵੀ ਵਿਅਕਤੀ ਨੂੰ ਗੁਰਦੁਆਰਾ ਕੰਪਲੈਕਸ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ, ਪਰ ਜਾਂਚ ਅਧਿਕਾਰੀ ਇਮਾਰਤ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। ਇਸ ਸਮੇਂ ਪੂਰੀ ਸਿੱਖ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੀ ਹੈ।

Comments

Leave A Comment

Required fields are marked (*).

Related

Talk to us?