ADVERTISEMENT

ADVERTISEMENT

ਭਾਰਤੀ-ਅਮਰੀਕੀ Gen Z ਉਮੀਦਵਾਰ ਨਿਊ ਜਰਸੀ ਦੀ ਇਤਿਹਾਸਕ ਕਾਂਗਰਸ ਸੀਟ ਦੀ ਦੌੜ ਵਿੱਚ

ਉਨ੍ਹਾਂ ਨੇ ਦਲੀਲ ਦਿੱਤੀ ਕਿ ਦੇਸ਼ ਨੂੰ ਸਾਫ਼-ਸੁਥਰੀ ਊਰਜਾ ਤਕਨੀਕਾਂ ਵਿੱਚ ਵੱਡੇ ਨਿਵੇਸ਼ ਦੀ ਲੋੜ ਹੈ

 ਜੈ ਵੈਨਗਨਕਰ ਜੈ ਵੈਨਗਨਕਰ / Jay Vaingankar via X

ਵ੍ਹਾਈਟ ਹਾਊਸ ਅਤੇ ਊਰਜਾ ਵਿਭਾਗ ਦੇ ਇੱਕ 28 ਸਾਲਾ ਸਾਬਕਾ ਅਧਿਕਾਰੀ ਨਿਊ ਜਰਸੀ ਵਿੱਚ ਸੂਬੇ ਦੇ ਪਹਿਲੇ Gen Z (ਨਵੀਂ ਪੀੜ੍ਹੀ) ਅਤੇ ਪਹਿਲੇ ਭਾਰਤੀ-ਅਮਰੀਕੀ ਕਾਂਗਰਸ ਮੈਂਬਰ ਬਣ ਕੇ ਇਤਿਹਾਸ ਰਚਣ ਦੀ ਤਿਆਰੀ ਵਿੱਚ ਹਨ। ਉਨ੍ਹਾਂ ਦਾ ਤਰਕ ਹੈ ਕਿ ਵੋਟਰ ਸਿਆਸੀ ਖੜੋਤ ਤੋਂ ਨਿਰਾਸ਼ ਹਨ ਅਤੇ ਲੀਡਰਸ਼ਿਪ ਵਿੱਚ ਇੱਕ ਨਵੀਂ ਪੀੜ੍ਹੀ ਨੂੰ ਦੇਖਣਾ ਚਾਹੁੰਦੇ ਹਨ।
ਮੁੰਬਈ ਤੋਂ ਆਏ ਪ੍ਰਵਾਸੀਆਂ ਦੇ ਪੁੱਤਰ, ਜੈ ਵੈਨਗਨਕਰ, ਨਿਊ ਜਰਸੀ ਦੇ 12ਵੇਂ ਕਾਂਗਰਸ ਹਲਕੇ ਲਈ ਡੈਮੋਕ੍ਰੇਟਿਕ ਪ੍ਰਾਇਮਰੀ (ਪਾਰਟੀ ਚੋਣ) ਵਿੱਚ ਕਿਸਮਤ ਅਜ਼ਮਾ ਰਹੇ ਕਈ ਉਮੀਦਵਾਰਾਂ ਵਿੱਚੋਂ ਇੱਕ ਹਨ। ਇਹ ਓਪਨ ਸੀਟ ਅਨੁਭਵੀ ਡੈਮੋਕ੍ਰੇਟਿਕ ਪ੍ਰਤੀਨਿਧ ਬੌਨੀ ਵਾਟਸਨ ਕੋਲਮੈਨ ਦੀ ਸੇਵਾਮੁਕਤੀ ਕਾਰਨ ਖਾਲੀ ਹੋਈ ਹੈ।

ਪ੍ਰਾਇਮਰੀ ਚੋਣਾਂ ਵਿੱਚ ਹੁਣ ਸਿਰਫ਼ ਕੁਝ ਹੀ ਦਿਨ ਬਾਕੀ ਹਨ। ਵੈਨਗਨਕਰ ਨੇ ਆਈਏਐਨਐਸ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਦੀ ਮੁਹਿੰਮ ਮੁੱਖ ਤੌਰ 'ਤੇ ਲੋਕਾਂ ਦੀ ਪਹੁੰਚ ਵਾਲੇ ਖਰਚਿਆਂ, ਸਾਫ਼-ਸੁਥਰੀ ਊਰਜਾ ਵਿੱਚ ਨਿਵੇਸ਼ ਅਤੇ ਸਿਆਸੀ ਸੁਧਾਰਾਂ 'ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ, "ਮੈਂ ਨਿਊ ਜਰਸੀ ਦੇ 12ਵੇਂ ਕਾਂਗਰਸ ਹਲਕੇ ਤੋਂ ਚੋਣ ਲੜ ਰਿਹਾ ਹਾਂ ਕਿਉਂਕਿ ਸਾਡੀ ਮਸ਼ਹੂਰ ਕਾਂਗਰਸ ਮਹਿਲਾ ਬੌਨੀ ਵਾਟਸਨ ਕੋਲਮੈਨ 81 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋ ਰਹੀ ਹਨ। ਮੈਨੂੰ ਲੱਗਦਾ ਹੈ ਕਿ ਹੁਣ ਸਾਡੀ ਰਾਜਨੀਤੀ ਵਿੱਚ ਇੱਕ ਨਵੀਂ ਪੀੜ੍ਹੀ ਦੇ ਆਉਣ ਦਾ ਸਮਾਂ ਆ ਗਿਆ ਹੈ। ਜੇਕਰ ਮੈਂ ਚੁਣਿਆ ਜਾਂਦਾ ਹਾਂ, ਤਾਂ ਮੈਂ ਨਿਊ ਜਰਸੀ ਦਾ ਪਹਿਲਾ ਜੈਨ ਜ਼ੈੱਡ ਅਤੇ ਪਹਿਲਾ ਦੱਖਣੀ ਏਸ਼ੀਆਈ ਕਾਂਗਰਸ ਮੈਂਬਰ ਹੋਵਾਂਗਾ।"
ਵੈਨਗਨਕਰ ਨੇ ਦੱਸਿਆ ਕਿ ਪਿਛਲੇ ਸਾਲ ਵਾਟਸਨ ਕੋਲਮੈਨ ਦੀ ਸੇਵਾਮੁਕਤੀ ਦੇ ਐਲਾਨ ਤੋਂ ਬਾਅਦ, ਭਾਈਚਾਰੇ ਦੇ ਲੋਕਾਂ ਵੱਲੋਂ ਮਿਲੇ ਹੌਸਲੇ ਤੋਂ ਬਾਅਦ ਉਹ ਇਸ ਚੋਣ ਮੈਦਾਨ ਵਿੱਚ ਉਤਰੇ ਹਨ।

ਉਨ੍ਹਾਂ ਕਿਹਾ, "ਕਈ ਲੋਕਾਂ ਨੇ ਕਿਹਾ ਕਿ ਅਸੀਂ ਵਾਰ-ਵਾਰ ਉਹੀ ਪੁਰਾਣੇ ਸਿਆਸਤਦਾਨਾਂ ਨੂੰ ਨਹੀਂ ਚੁਣ ਸਕਦੇ ਅਤੇ ਅਸੀਂ ਕਿਸੇ ਨੂੰ ਸਿਰਫ਼ ਇਸ ਲਈ ਨਹੀਂ ਚੁਣ ਸਕਦੇ ਕਿਉਂਕਿ ਹੁਣ ਉਸਦੀ ਵਾਰੀ ਹੈ। ਸਾਨੂੰ ਉਨ੍ਹਾਂ ਲੋਕਾਂ ਨੂੰ ਚੁਣਨਾ ਹੋਵੇਗਾ ਜੋ ਸਾਡੇ ਸਮਾਜ ਦੀ ਆਵਾਜ਼ ਦਾ ਜਵਾਬ ਦੇਣ।" ਉਮੀਦਵਾਰ ਜੈ ਨੇ ਕਿਹਾ ਕਿ ਵਾਸ਼ਿੰਗਟਨ ਵਿੱਚ ਬਿਤਾਏ ਸਾਲਾਂ ਨੇ ਉਨ੍ਹਾਂ ਦੇ ਸਿਆਸੀ ਦ੍ਰਿਸ਼ਟੀਕੋਣ ਨੂੰ ਨਵਾਂ ਰੂਪ ਦਿੱਤਾ ਹੈ। ਬਾਈਡੇਨ ਪ੍ਰਸ਼ਾਸਨ ਵਿੱਚ ਸੇਵਾ ਨਿਭਾਉਂਦੇ ਹੋਏ, ਉਹ ਅਕਸਰ ਨਿਊ ਜਰਸੀ ਆਉਂਦੇ-ਜਾਂਦੇ ਰਹਿੰਦੇ ਸਨ ਅਤੇ ਉਨ੍ਹਾਂ ਨੇ ਆਮ ਪਰਿਵਾਰਾਂ 'ਤੇ ਪੈ ਰਹੇ ਆਰਥਿਕ ਬੋਝ ਨੂੰ ਬਹੁਤ ਨੇੜਿਓਂ ਦੇਖਿਆ। ਉਨ੍ਹਾਂ ਦੱਸਿਆ, "ਜਦੋਂ ਮੈਂ ਵ੍ਹਾਈਟ ਹਾਊਸ ਅਤੇ ਊਰਜਾ ਵਿਭਾਗ ਵਿੱਚ ਕੰਮ ਕਰ ਰਿਹਾ ਸੀ, ਤਾਂ ਮੈਂ ਹਰ ਦੂਜੇ ਹਫ਼ਤੇ ਐਮਟ੍ਰੈਕ (ਟ੍ਰੇਨ) ਰਾਹੀਂ ਸੈਂਟਰਲ ਨਿਊ ਜਰਸੀ ਆਪਣੇ ਘਰ ਆਉਂਦਾ ਹੁੰਦਾ ਸੀ। ਮੈਂ ਦੇਖਿਆ ਕਿ ਹਰ ਹਫ਼ਤੇ ਕਰਿਆਨੇ ਦੀਆਂ ਦੁਕਾਨਾਂ 'ਤੇ ਕੀਮਤਾਂ ਵਧ ਰਹੀਆਂ ਸਨ। ਮੈਂ ਇਹ ਵੀ ਮਹਿਸੂਸ ਕੀਤਾ ਕਿ ਲੋਕ ਵਾਸ਼ਿੰਗਟਨ ਦੀ ਲੀਡਰਸ਼ਿਪ ਵਿੱਚ ਆਪਣੀ ਸਹੀ ਨੁਮਾਇੰਦਗੀ ਮਹਿਸੂਸ ਨਹੀਂ ਕਰ ਰਹੇ ਸਨ।" 

ਵੈਨਗਨਕਰ ਲਈ ਵਧਦੀ ਮਹਿੰਗਾਈ ਅਤੇ ਖਰਚੇ ਇਸ ਮੁਹਿੰਮ ਦਾ ਸਭ ਤੋਂ ਵੱਡਾ ਮੁੱਦਾ ਹਨ। ਉਨ੍ਹਾਂ ਕਿਹਾ, "ਹਾਲਤ ਇਹ ਹੈ ਕਿ ਹਰ ਹਫ਼ਤੇ ਜਦੋਂ ਤੁਸੀਂ ਕਰਿਆਨੇ ਦੀ ਦੁਕਾਨ 'ਤੇ ਜਾਂਦੇ ਹੋ, ਪ੍ਰਾਪਰਟੀ ਟੈਕਸ ਭਰਦੇ ਹੋ ਜਾਂ ਆਪਣੇ ਬਿੱਲ ਦੇਖਦੇ ਹੋ, ਤਾਂ ਉਹ ਹਰ ਮਹੀਨੇ ਵਧਦੇ ਜਾ ਰਹੇ ਹਨ ਅਤੇ ਅਜਿਹਾ ਵੀ ਨਹੀਂ ਹੈ ਕਿ ਉਨ੍ਹਾਂ ਚੀਜ਼ਾਂ ਜਾਂ ਸੇਵਾਵਾਂ ਦੀ ਗੁਣਵੱਤਾ ਵਿੱਚ ਕੋਈ ਸੁਧਾਰ ਹੋ ਰਿਹਾ ਹੋਵੇ।" ਉਨ੍ਹਾਂ ਨੇ ਦਲੀਲ ਦਿੱਤੀ ਕਿ ਦੇਸ਼ ਨੂੰ ਸਾਫ਼-ਸੁਥਰੀ ਊਰਜਾ ਤਕਨੀਕਾਂ ਵਿੱਚ ਵੱਡੇ ਨਿਵੇਸ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵਿਆਉਣਯੋਗ ਅਤੇ ਵਿਕਲਪਿਕ ਊਰਜਾ ਸਰੋਤਾਂ ਵੱਲ ਵਧਣ ਨਾਲ ਨਵੇਂ ਰੁਜ਼ਗਾਰ ਪੈਦਾ ਹੋ ਸਕਦੇ ਹਨ ਅਤੇ ਖਪਤਕਾਰਾਂ ਲਈ ਲਾਗਤਾਂ ਵੀ ਘਟਾਈਆਂ ਜਾ ਸਕਦੀਆਂ ਹਨ। 

ਉਨ੍ਹਾਂ ਕਿਹਾ, "ਸਾਨੂੰ ਰੁਜ਼ਗਾਰ ਪੈਦਾ ਕਰਨ ਦੀ ਲੋੜ ਹੈ, ਸਾਨੂੰ ਆਪਣੇ ਬਿਜਲੀ-ਪਾਣੀ ਦੇ ਬਿੱਲ ਘਟਾਉਣ ਦੀ ਲੋੜ ਹੈ, ਅਤੇ ਸਾਨੂੰ ਜਲਵਾਯੂ ਪਰਿਵਰਤਨ ਦੇ ਖਿਲਾਫ਼ ਲੜਨਾ ਹੋਵੇਗਾ। ਮੇਰਾ ਮੰਨਣਾ ਹੈ ਕਿ ਅਮਰੀਕਾ ਗ੍ਰੀਨ-ਟੈਕ ਕ੍ਰਾਂਤੀ ਦੀ ਅਗਵਾਈ ਕਰ ਸਕਦਾ ਹੈ।" ਵੈਨਗਨਕਰ ਨੇ ਉਸ ਵਿਚਾਰ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਸਸਤੀ ਊਰਜਾ ਅਤੇ ਵਾਤਾਵਰਣ ਦੇ ਟੀਚਿਆਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪਵੇਗਾ। ਉਨ੍ਹਾਂ ਕਿਹਾ, "ਮੈਂ ਇਸ ਗਲਤ ਧਾਰਨਾ ਤੋਂ ਤੰਗ ਆ ਚੁੱਕਾ ਹਾਂ ਕਿ ਊਰਜਾ ਸਿਰਫ਼ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ਜਾਂ ਸਿਰਫ਼ ਸਸਤੀ ਹੋਣੀ ਚਾਹੀਦੀ ਹੈ।"।

ਡੈਮੋਕ੍ਰੇਟਿਕ ਪ੍ਰਾਇਮਰੀ ਦੀ ਇਸ ਚੋਣ ਵਿੱਚ 12 ਉਮੀਦਵਾਰ ਮੈਦਾਨ ਵਿੱਚ ਹਨ, ਜਿਸ ਕਾਰਨ ਇਹ ਮੁਕਾਬਲਾ ਕਾਫ਼ੀ ਦਿਲਚਸਪ ਹੋ ਗਿਆ ਹੈ ਅਤੇ ਵੋਟਾਂ ਦੀ ਵੰਡ ਇੱਥੇ ਫੈਸਲਾਕੁੰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ, "ਸਾਡੇ ਸਾਹਮਣੇ 11 ਵਿਰੋਧੀ ਹਨ। ਕੋਈ ਵੀ ਵਿਅਕਤੀ ਮਹਿਜ਼ 15% ਵੋਟਾਂ ਲੈ ਕੇ ਵੀ ਇਹ ਚੋਣ ਜਿੱਤ ਸਕਦਾ ਹੈ।" ਇਸ ਵੱਡੇ ਮੁਕਾਬਲੇ ਦੇ ਬਾਵਜੂਦ, ਵੈਨਗਨਕਰ ਦਾ ਮੰਨਣਾ ਹੈ ਕਿ ਵੋਟਰ ਹੁਣ ਨੌਜਵਾਨ ਉਮੀਦਵਾਰਾਂ ਅਤੇ ਵੱਖੋ-ਵੱਖਰੇ ਪਿਛੋਕੜ ਵਾਲੀ ਨੁਮਾਇੰਦਗੀ ਨੂੰ ਸਵੀਕਾਰ ਕਰ ਰਹੇ ਹਨ। ਉਨ੍ਹਾਂ ਕਿਹਾ, "ਸਾਡਾ ਸਭ ਤੋਂ ਵੱਡਾ ਮੁਕਾਬਲਾ ਇਸ ਨਕਾਰਾਤਮਕ ਸੋਚ ਨਾਲ ਹੈ ਕਿ ਨਿਊ ਜਰਸੀ ਅਜੇ ਕਿਸੇ ਨੌਜਵਾਨ ਜਾਂ ਕਿਸੇ ਦੱਖਣੀ ਏਸ਼ੀਆਈ ਉਮੀਦਵਾਰ ਨੂੰ ਚੁਣਨ ਲਈ ਤਿਆਰ ਨਹੀਂ ਹੈ।" ਉਨ੍ਹਾਂ ਨੇ ਭਾਰਤੀ-ਅਮਰੀਕੀਆਂ ਅਤੇ ਨੌਜਵਾਨ ਵੋਟਰਾਂ ਵਿੱਚ ਵਧ ਰਹੀ ਸਿਆਸੀ ਜਾਗਰੂਕਤਾ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, "ਸਾਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਹਜ਼ਾਰਾਂ ਭਾਰਤੀ ਅਮਰੀਕੀ ਪਹਿਲੀ ਵਾਰ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾ ਰਹੇ ਹਨ।"

ਇਹ ਪੁੱਛੇ ਜਾਣ 'ਤੇ ਕਿ ਅਮਰੀਕਾ ਵਿੱਚ ਸਭ ਤੋਂ ਵੱਧ ਦੱਖਣੀ ਏਸ਼ੀਆਈ ਆਬਾਦੀ ਹੋਣ ਦੇ ਬਾਵਜੂਦ ਨਿਊ ਜਰਸੀ ਨੇ ਕਦੇ ਵੀ ਕਿਸੇ ਭਾਰਤੀ ਅਮਰੀਕੀ ਨੂੰ ਕਾਂਗਰਸ ਜਾਂ ਕਿਸੇ ਵੱਡੇ ਸੰਘੀ ਅਹੁਦੇ ਲਈ ਕਿਉਂ ਨਹੀਂ ਚੁਣਿਆ, ਵੈਨਗਨਕਰ ਨੇ ਕਿਹਾ ਕਿ ਇਸ ਵਿੱਚ ਸਿਸਟਮ ਦੀਆਂ ਰੁਕਾਵਟਾਂ ਅਤੇ ਸਮਾਜਿਕ ਸੋਚ ਦੋਵਾਂ ਦੀ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ, "ਸਾਡੇ ਕੋਲ ਦੇਸ਼ ਦੀ ਸਭ ਤੋਂ ਵੱਡੀ ਦੱਖਣੀ ਏਸ਼ੀਆਈ ਆਬਾਦੀ ਵਿੱਚੋਂ ਇੱਕ ਹੈ, ਪਰ ਅਸੀਂ ਕਦੇ ਵੀ ਕਿਸੇ ਦੱਖਣੀ ਏਸ਼ੀਆਈ ਨੂੰ ਸੂਬਾ ਪੱਧਰੀ ਜਾਂ ਸੰਘੀ ਅਹੁਦੇ 'ਤੇ ਨਹੀਂ ਚੁਣਿਆ। ਮੇਰਾ ਮੰਨਣਾ ਹੈ ਕਿ ਜਦੋਂ ਦੱਖਣੀ ਏਸ਼ੀਆਈ ਭਾਈਚਾਰਾ ਸਫ਼ਲ ਹੁੰਦਾ ਹੈ, ਤਾਂ ਅਮਰੀਕਾ ਦਾ ਹਰ ਭਾਈਚਾਰਾ ਸਫ਼ਲ ਹੁੰਦਾ ਹੈ।" ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੁਹਿੰਮ ਨੂੰ ਕਈ ਏਸ਼ੀਅਨ ਅਮਰੀਕਨ ਸਿਆਸੀ ਸੰਗਠਨਾਂ ਅਤੇ ਪ੍ਰਮੁੱਖ ਭਾਰਤੀ ਅਮਰੀਕੀ ਆਗੂਆਂ ਦਾ ਸਮਰਥਨ ਮਿਲ ਰਿਹਾ ਹੈ, ਜਦਕਿ ਵੱਡੀ ਗਿਣਤੀ ਵਿੱਚ ਨੌਜਵਾਨ ਵਲੰਟੀਅਰ ਵੀ ਇਸ ਵਿੱਚ ਹਿੱਸਾ ਲੈ ਰਹੇ ਹਨ। ਵੈਨਗਨਕਰ ਨੇ ਕਿਹਾ, "ਸਾਡੀ ਮੁਹਿੰਮ ਵਿੱਚ ਵਲੰਟੀਅਰ ਵਜੋਂ ਸੇਵਾ ਕਰਨ ਲਈ ਹਰ ਵਰਗ ਦੇ ਸੈਂਕੜੇ ਹਾਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ ਹੈ।"

ਜੈ ਵੈਨਗਨਕਰ ਦੀ ਨਿੱਜੀ ਕਹਾਣੀ ਨਿਊ ਜਰਸੀ ਦੇ ਕਈ ਭਾਰਤੀ ਅਮਰੀਕੀ ਪਰਿਵਾਰਾਂ ਨਾਲ ਮਿਲਦੀ-ਜੁਲਦੀ ਹੈ। ਉਨ੍ਹਾਂ ਦੇ ਪਿਤਾ H-1B ਵੀਜ਼ਾ 'ਤੇ ਅਮਰੀਕਾ ਆਏ ਸਨ ਅਤੇ ਮੁੰਬਈ ਦੇ ਰਹਿਣ ਵਾਲੇ ਉਨ੍ਹਾਂ ਦੇ ਮਾਤਾ-ਪਿਤਾ ਆਖਰਕਾਰ ਨਿਊ ਜਰਸੀ ਵਿੱਚ ਵੱਸ ਗਏ। ਜੈ ਦਾ ਜਨਮ ਟ੍ਰੈਂਟਨ ਵਿੱਚ ਹੋਇਆ ਸੀ, ਉਹ ਈਸਟ ਵਿੰਡਸਰ ਅਤੇ ਹਾਈਟਸਟਾਊਨ ਵਿੱਚ ਵੱਡੇ ਹੋਏ, ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ ਦੇ ਵਾਰਟਨ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਵਾਸ਼ਿੰਗਟਨ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਵਾਪਸ ਆਪਣੇ ਘਰ ਪਰਤ ਆਏ।

ਬੌਨੀ ਵਾਟਸਨ ਕੋਲਮੈਨ ਦੀ ਸੇਵਾਮੁਕਤੀ ਤੋਂ ਬਾਅਦ, ਇਸ ਮੁਕਾਬਲੇ ਨੇ ਪਾਰਟੀ ਦੀ ਅਗਲੀ ਪੀੜ੍ਹੀ ਦੀ ਲੀਡਰਸ਼ਿਪ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਡੈਮੋਕ੍ਰੇਟਸ ਦਾ ਕਾਫ਼ੀ ਧਿਆਨ ਖਿੱਚਿਆ ਹੈ। ਇਸ ਹਲਕੇ ਵਿੱਚ ਸੈਂਟਰਲ ਨਿਊ ਜਰਸੀ ਦੇ ਹਿੱਸੇ ਸ਼ਾਮਲ ਹਨ, ਜੋ ਦੇਸ਼ ਦੀ ਸਭ ਤੋਂ ਵੱਡੀ ਅਤੇ ਸਿਆਸੀ ਤੌਰ 'ਤੇ ਸਰਗਰਮ ਭਾਰਤੀ ਅਮਰੀਕੀ ਆਬਾਦੀ ਦਾ ਘਰ ਹੈ।

Comments

Related