ਭਾਰਤੀ-ਅਮਰੀਕੀ ਨੇਤਾ / File Photo
ਚੁਣੇ ਹੋਏ ਭਾਰਤੀ-ਅਮਰੀਕੀ ਅਧਿਕਾਰੀਆਂ ਅਤੇ ਕਾਨੂੰਨ ਨਿਰਮਾਤਾਵਾਂ ਨੇ ਵਾਈਟ ਹਾਊਸ ਦੇ ਨੇੜੇ ਦੋ ਨੈਸ਼ਨਲ ਗਾਰਡ ਮੈਂਬਰਾਂ ‘ਤੇ ਹੋਈ ਗੋਲੀਬਾਰੀ ਦੀ ਸਖਤ ਨਿੰਦਾ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਵਰਦੀਧਾਰੀ ਕਰਮਚਾਰੀਆਂ ਨੂੰ ਦਰਪੇਸ਼ ਖਤਰਿਆਂ ਦੀ ਗੰਭੀਰ ਯਾਦ ਹੈ।
ਕੈਲੀਫ਼ੋਰਨੀਆ ਦੇ ਪ੍ਰਤੀਨਿਧੀ ਅਮੀ ਬੇਰਾ ਨੇ ਕਿਹਾ ਕਿ ਇਹ ਘਟਨਾ ਉਹਨਾਂ ਕੁਰਬਾਨੀਆਂ ਨੂੰ ਦਰਸਾਉਂਦੀ ਹੈ ਜੋ ਵਰਦੀ ਵਿੱਚ ਸੇਵਾ ਕਰਨ ਵਾਲੇ ਕਰਮਚਾਰੀ ਰੋਜ਼ਾਨਾ ਕਰਦੇ ਹਨ। ਉਹਨਾਂ ਨੇ ਕਿਹਾ ਕਿ ਇਹ ਹਿੰਸਾ ਅਸਵੀਕਾਰਯੋਗ ਹੈ ਅਤੇ ਸਾਡੇ ਦੇਸ਼ ਵਿੱਚ ਇਸ ਦੀ ਕੋਈ ਥਾਂ ਨਹੀਂ। ਇਲਿਨੋਇਸ ਦੇ ਪ੍ਰਤੀਨਿਧੀ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਹ ਜ਼ਖ਼ਮੀ ਗਾਰਡ ਮੈਂਬਰਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ।
ਵਰਜੀਨੀਆ ਦੇ ਪ੍ਰਤੀਨਿਧੀ ਸੁਹਾਸ ਸੁਬਰਾਮਨੀਅਮ ਨੇ ਵੀ ਚਿੰਤਾ ਜਤਾਈ ਤੇ ਕਿਹਾ, “ਮੇਰੀ ਹਮਦਰਦੀ ਉਹਨਾਂ ਦੋ ਨੈਸ਼ਨਲ ਗਾਰਡ ਮੈਂਬਰਾਂ ਨਾਲ ਹੈ, ਜਿਨ੍ਹਾਂ ਨੂੰ DC ਵਿੱਚ ਗੋਲੀ ਮਾਰੀ ਗਈ ਅਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਸਿਹਤਯਾਬ ਹੋ ਜਾਣ। ਹਿੰਸਾ ਕਦੇ ਵੀ ਹੱਲ ਨਹੀਂ।“
ਰਿਪਬਲਿਕਨ ਨੇਤਾ ਅਤੇ ਗਵਰਨਰ ਲਈ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਇਸ ਗੋਲੀਬਾਰੀ ਨੂੰ “ਦਿਲ ਦੁਖਾਉਣ ਵਾਲੀ” ਘਟਨਾ ਕਿਹਾ ਅਤੇ ਗਾਰਡ ਮੈਂਬਰਾਂ ਨੂੰ ਦੇਸ਼ਭਗਤ ਕਿਹਾ। ਉਨ੍ਹਾਂ ਅੱਗੇ ਕਿਹਾ, “ਹਿੰਸਾ ਬਹੁਤ ਹੀ ਘਿਨਾਉਣੀ ਹਰਕਤ ਹੈ ਅਤੇ ਇਸਦਾ ਅੰਤ ਹੋਣਾ ਚਾਹੀਦਾ ਹੈ।”
ਵਰਜੀਨੀਆ ਦੇ ਲੈਫਟੀਨੈਂਟ ਗਵਰਨਰ-ਚੁਣੀ ਗਈ ਗ਼ਜ਼ਾਲਾ ਹਾਸ਼ਮੀ ਨੇ ਕਿਹਾ ਕਿ ਸਾਡੇ ਨੈਸ਼ਨਲ ਗਾਰਡ ਮੈਂਬਰਾਂ ‘ਤੇ ਹਮਲਾ ਬਹੁਤ ਹੀ ਦਿਲ ਦੁਖਾਉਣ ਵਾਲੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਬੇਹੱਦ ਦੁਖਦਾਈ ਸਮੇਂ ਵਿੱਚ ਉਹ ਆਪਣੀ ਹਮਦਰਦੀ ਉਨ੍ਹਾਂ ਦੇ ਪਿਆਰਿਆਂ ਨਾਲ ਸਾਂਝੀ ਕਰ ਰਹੇ ਹਨ।
ਸੰਘੀ ਅਤੇ ਸਥਾਨਕ ਅਧਿਕਾਰੀਆਂ ਦੇ ਅਨੁਸਾਰ 26 ਨਵੰਬਰ ਨੂੰ ਵਾਈਟ ਹਾਊਸ ਤੋਂ ਲਗਭਗ ਦੋ ਬਲਾਕ ਦੂਰ ਫੈਰਾਗਟ ਵੈਸਟ ਮੈਟਰੋ ਸਟੇਸ਼ਨ ਦੇ ਨੇੜੇ ਕੀਤੀ ਗਈ ਗੋਲੀਬਾਰੀ ਵਿੱਚ ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਮੈਂਬਰ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਦੋਵਾਂ ਸਿਪਾਹੀਆਂ- ਸਪੈਸ਼ਲਿਸਟ ਸਾਰਾਹ ਬੈਕਸਟ੍ਰੋਮ (20) ਅਤੇ ਸਟਾਫ਼ ਸਰਜੈਂਟ ਐਂਡਰਿਊ ਵੁਲਫ (24) ਨੂੰ ਸਿਰਫ਼ ਇੱਕ ਦਿਨ ਪਹਿਲਾਂ ਰਾਜਧਾਨੀ–ਸੁਰੱਖਿਆ ਮੁਹਿੰਮ ਹੇਠ ਨਿਗਰਾਨੀ ਡਿਊਟੀ ਲਈ ਤਾਇਨਾਤ ਕੀਤਾ ਗਿਆ ਸੀ।
ਸ਼ੱਕੀ ਹਮਲਾਵਰ ਜਿਸਦੀ ਪਛਾਣ 29 ਸਾਲਾ ਰਹਮਾਨਉੱਲ੍ਹਾ ਲਕਨਵਾਲ ਵਜੋਂ ਹੋਈ, 2021 ਵਿੱਚ “ਆਪਰੇਸ਼ਨ ਅਲਾਈਜ਼ ਵੈਲਕਮ” ਪ੍ਰੋਗਰਾਮ ਤਹਿਤ ਅਮਰੀਕਾ ਆਇਆ ਸੀ, ਉਸ ਨੂੰ ਘਟਨਾ ਸਥਾਨ ‘ਤੇ ਹੀ ਹੋਰ ਨੈਸ਼ਨਲ ਗਾਰਡ ਕਰਮਚਾਰੀਆਂ ਨੇ ਗੋਲੀ ਮਾਰ ਕੇ ਕਾਬੂ ਕਰ ਲਿਆ।
ਜਾਂਚਕਰਤਾਵਾਂ ਨੇ ਅੱਤਵਾਦ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵਾਸ਼ਿੰਗਟਨ ਸੂਬੇ ਅਤੇ ਸੈਨ ਡੀਏਗੋ ਵਿੱਚ ਉਸ ਨਾਲ ਸੰਬੰਧਤ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਡਿਜ਼ਿਟਲ ਡਿਵਾਈਸਾਂ ਦੀ ਜਾਂਚ ਅਤੇ ਰਿਸ਼ਤੇਦਾਰਾਂ ਨਾਲ ਪੁੱਛਗਿੱਛ ਵੀ ਜਾਰੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login