'ਟਰਬਨ ਟੋਰਨਾਡੋ' ਦੇ ਨਾਂ ਨਾਲ ਜਾਣੇ ਜਾਣ ਵਾਲੇ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ 23 ਜੁਲਾਈ ਨੂੰ ਉਨਾਂ ਦੇ ਜੱਦੀ ਪਿੰਡ ਬਿਆਸ ਵਿਖੇ ਅੰਤਿਮ ਅਰਦਾਸ ਕੀਤੀ ਗਈ। ਫੌਜਾ ਸਿੰਘ ਨਮਿੱਤ ਪਾਠ ਦਾ ਭੋਗ ਪਠਾਨਕੋਟ-ਜਲੰਧਰ ਹਾਈਵੇਅ ‘ਤੇ ਸਥਿਤ ਗੁਰਦੁਆਰਾ ਸ੍ਰੀ ਬਾਬੇ ਸ਼ਹੀਦਾ ਸਮਰਾਟਪੁਰ ਵਿਖੇ ਪਾਇਆ ਗਿਆ। ਅੰਤਿਮ ਅਰਦਾਸ ਦੇ ਮੌਕੇ ‘ਤੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਅਤੇ ਪੰਜਾਬ ਭਰ ਤੋਂ ਪਹੁੰਚੀਆਂ ਪ੍ਰਮੁੱਖ ਧਾਰਮਿਕ ਤੇ ਸਿਪਾਹੀ ਸ਼ਖਸ਼ੀਅਤਾਂ ਨੇ ਭਾਰੀ ਸੰਗਤ ਸਮੇਤ ਹਾਜ਼ਰੀ ਭਰੀ।
ਐਡਵੋਕੇਟ ਧਾਮੀ ਨੇ ਭਾਈ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, "ਉਹ ਸਿਰਫ ਇੱਕ ਦੌੜਾਕ ਨਹੀਂ ਸਨ, ਸਗੋਂ ਸਾਬਤ ਸੂਰ ਸਿੱਖ ਵਿਰਾਸਤ ਦੇ ਸੰਚਾਲਕ ਸਨ। ਉਨ੍ਹਾਂ ਨੇ ਸਾਦਾ ਜੀਵਨ ਤੇ ਉੱਚੇ ਵਿਚਾਰਾਂ ਦੀ ਮਿਸਾਲ ਪੇਸ਼ ਕੀਤੀ। ਉਹ ਸਾਡੇ ਲਈ ਪ੍ਰੇਰਨਾ ਸਰੋਤ ਸਨ – ਜਿਸ ਉਮਰ ਵਿੱਚ ਲੋਕ ਕਮਜ਼ੋਰੀ ਮਹਿਸੂਸ ਕਰਦੇ ਹਨ, ਉਸ ਉਮਰ ਵਿੱਚ ਉਹ ਦੌੜਦੇ ਸਨ। ਉਨ੍ਹਾਂ ਦਾ ਸਧਾਰਨ ਖਾਣਾ, ਨਿਰਮਲ ਆਚਰਨ ਅਤੇ ਅਟੁੱਟ ਸਿੱਖੀ ਪਿਆਰ ਹੀ ਉਨ੍ਹਾਂ ਦੀ ਲੰਮੀ ਉਮਰ ਦਾ ਰਾਜ ਸੀ।"
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ, "'ਗੁਰਮੁਖ ਬੁੱਢੇ ਕਦੇ ਨਾਹੀ' – ਇਹ ਸ਼ਬਦ ਬਾਪੂ ਫੌਜਾ ਸਿੰਘ ਉੱਤੇ ਪੂਰੇ ਉਤਰਦੇ ਹਨ। 114 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਅੰਤ ਤੱਕ ਦੌੜਦੇ ਰਹੇ। ਉਹਨਾਂ ਨੇ ਸਿੱਖ ਆਡੈਂਟੀ ਲਈ ਕਦੇ ਵੀ ਸਮਝੌਤਾ ਨਹੀਂ ਕੀਤਾ। ਇੱਕ ਦੌੜ ਦੌਰਾਨ ਜਦੋਂ ਉਨ੍ਹਾਂ ਨੂੰ ਦਸਤਾਰ ਉਤਾਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਨੇ ਦੌੜ ਛੱਡਣ ਨੂੰ ਤਿਆਰ ਹੋ ਗਏ, ਪਰ ਦਸਤਾਰ ਨਹੀਂ ਉਤਾਰੀ।"
ਜਥੇਦਾਰ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ "ਅਸੀਂ ਫੌਜਾ ਸਿੰਘ ਵਰਗੇ ਸ਼ਖਸ਼ੀਅਤਾਂ ਤੋਂ ਸਿੱਖਣਾ ਚਾਹੀਦਾ ਹੈ। ਅੱਜ ਦੇ ਨੌਜਵਾਨ ਨਸ਼ਿਆਂ ਵੱਲ ਤੁਰ ਰਹੇ ਹਨ, ਜਦਕਿ ਉਨ੍ਹਾਂ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਨੂੰ ਪ੍ਰੇਰਕ ਅਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ।" ਅੰਤਿਮ ਅਰਦਾਸ ਦੌਰਾਨ ਕੀਰਤਨ, ਅਖੰਡ ਪਾਠ ਅਤੇ ਅਰਦਾਸਾਂ ਦੀ ਗੂੰਜ ਵਿਚ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਲਾ ਕੇ ਬਾਪੂ ਨੂੰ ਵਿਦਾਈ ਦਿੱਤੀ। ਸਾਰੀਆਂ ਸ਼ਖਸ਼ੀਅਤਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਬਾਪੂ ਫੌਜਾ ਸਿੰਘ ਦੀ ਜ਼ਿੰਦਗੀ ਨੌਜਵਾਨੀ ਲਈ ਸਦਾ ਇਕ ਚਮਕਦਾ ਚਾਨਣ ਰਹੇਗੀ, ਜੋ ਸਿੱਖੀ, ਸਾਦਗੀ, ਸਿਹਤ ਅਤੇ ਜਿਉਣ ਦੇ ਅਸਲ ਢੰਗ ਨੂੰ ਸਿਖਾਉਂਦੀ ਹੈ।
ਦੱਸ ਦੇਈਏ ਕਿ ਫ਼ੌਜਾ ਸਿੰਘ ਦੀ ਉਨ੍ਹਾਂ ਦੇ ਘਰ ਤੋਂ ਹੀ ਕੁਝ ਦੂਰੀ 'ਤੇ ਸੜਕ ਹਾਦਸੇ ਦੌਰਾਨ ਜਾਨ ਚਲੀ ਗਈ ਸੀ। ਉਨ੍ਹਾਂ ਨੂੰ ਫਾਰਚਿਊਨਰ ਕਾਰ ਸਵਾਰ ਐੱਨ.ਆਰ. ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੇ ਟੱਕਰ ਮਾਰ ਦਿੱਤੀ ਸੀ। ਟੱਕਰ ਤੋਂ ਬਾਅਦ ਫ਼ੌਜਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਫੌਜਾ ਸਿੰਘ ਦਾ 20 ਜੁਲਾਈ ਨੂੰ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਪਿੰਡ ਵਿਖੇ ਕੀਤਾ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ, ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਫੌਜਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਸੀ।
ਬਜ਼ੁਰਗ ਦੌੜਾਕ ਵੱਜੋਂ ਮਾਰੀਆਂ ਮੱਲਾਂ
114 ਸਾਲਾ ਫੌਜਾ ਸਿੰਘ ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਸਨ, ਜਿਨ੍ਹਾਂ ਨੇ 80 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਅਤੇ 90 ਸਾਲ ਦੀ ਉਮਰ ਵਿੱਚ ਇੰਗਲੈਂਡ ਵਿੱਚ ਆਪਣੀ ਪਹਿਲੀ ਮੈਰਾਥਨ ਪੂਰੀ ਕੀਤੀ।100 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਟੋਰਾਂਟੋ ਵਿੱਚ ਹੋਈ ਮੈਰਾਥਨ ਵਿੱਚ ਵਿਸ਼ਵ ਰਿਕਾਰਡ ਬਣਾਇਆ ਅਤੇ ਆਪਣਾ ਨਾਮ ਵਰਲਡ ਰਿਕਾਰਡ ਬੁੱਕ ਵਿੱਚ ਦਰਜ ਕਰਵਾਇਆ।
ਫੌਜਾ ਸਿੰਘ ਦੀ 2003 ਟੋਰਾਂਟੋ ਵਾਟਰਫਰੰਟ ਮੈਰਾਥਨ ‘ਚ ਸਭ ਤੋਂ ਵਧੀਆ ਮੈਰਾਥਨ ਸੀ। ਇਸ ਮੈਰਾਥਨ ‘ਚ ਉਨ੍ਹਾਂ ਨੇ ’90 ਤੋਂ ਵੱਧ’ ਉਮਰ ਵਾਲੀ ਸ਼੍ਰੇਣੀ ‘ਚ 5 ਘੰਟੇ 40 ਮਿੰਟ ‘ਚ ਦੌੜ ਪੂਰੀ ਕਰਕੇ ਸਭ ਦਾ ਧਿਆਨ ਖਿੱਚਿਆ। ਆਪਣੀ ਪ੍ਰਤੀਯੋਗੀ ਦੌੜ ਤੋਂ ਇਲਾਵਾ, ਫੌਜਾ ਸਿੰਘ ਨੇ ਵੱਖ-ਵੱਖ ਚੈਰਿਟੀਆਂ ਲਈ ਸਰਗਰਮੀ ਨਾਲ ਫੰਡ ਇਕੱਠੇ ਕੀਤੇ ਅਤੇ ਮੈਰਾਥਨ ‘ਚ ਆਪਣੀ ਭਾਗੀਦਾਰੀ ਰਾਹੀਂ ਵਿਸ਼ਵ ਪੱਧਰ ‘ਤੇ ਸਿੱਖੀ ਦੀ ਸ਼ਾਨ ਦਸਤਾਰ ਦਾ ਮਾਣ ਵਧਾਇਆ।
2011 ‘ਚ 100 ਸਾਲ ਦੀ ਉਮਰ ‘ਚ ਫੌਜਾ ਸਿੰਘ ਨੇ ਟੋਰਾਂਟੋ, ਕੈਨੇਡਾ ਦੇ ਬਿਰਚਮਾਉਂਟ ਸਟੇਡੀਅਮ ਵਿਖੇ ਵਿਸ਼ੇਸ਼ ਓਨਟਾਰੀਓ ਮਾਸਟਰਜ਼ ਐਸੋਸੀਏਸ਼ਨ ਫੌਜਾ ਸਿੰਘ ਇਨਵੀਟੇਸ਼ਨਲ ਮੀਟ ‘ਚ ਇੱਕ ਦਿਨ ‘ਚ ਅੱਠ ਵਿਸ਼ਵ ਰਿਕਾਰਡ ਬਣਾਏ।ਉਸਨੇ ਇੱਕ ਦਿਨ ਵਿੱਚ ਆਪਣੇ ਉਮਰ ਸਮੂਹ ਲਈ ਪੰਜ ਵਿਸ਼ਵ ਰਿਕਾਰਡ ਤੋੜੇ ਅਤੇ ਕਈ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਜੋ ਉਸਦੀ ਉਮਰ ਦੇ ਵਿਅਕਤੀਆਂ ਨੇ ਕਦੇ ਕਰਨ ਦੀ ਸੋਚੀ ਵੀ ਨਹੀ ਸੀ।
ਤੋੜੇ ਵਿਸ਼ਵ ਰਿਕਾਰਡਾਂ ਦੀ ਸੂਚੀ
100 ਮੀਟਰ: 23.40 ਸਕਿੰਟ
200 ਮੀਟਰ: 52.23 ਸਕਿੰਟ
400 ਮੀਟਰ: 2:13.48
ਨਵੇਂ ਬਣਾਏ ਰਿਕਾਰਡ
800 ਮੀਟਰ: 5:32.18
1,500 ਮੀਟਰ: 11:27.00
1 ਮੀਲ: 11:53.45
3,000 ਮੀਟਰ: 24:52.47
5,000 ਮੀਟਰ: 49:57.39
ਫੌਜਾ ਸਿੰਘ ਨੇ ਲੰਡਨ 2012 ਓਲੰਪਿਕ ਲਈ ਮਸ਼ਾਲ ਵੀ ਰੁਸ਼ਨਾਈ ਸੀ।ਉਨ੍ਹਾਂ ਨੇ 101 ਸਾਲ ਦੀ ਉਮਰ ‘ਚ ਲੰਬੀ ਦੂਰੀ ਦੀ ਦੌੜ ਤੋਂ ਅਧਿਕਾਰਤ ਤੌਰ ‘ਤੇ ਸੰਨਿਆਸ ਲੈ ਲਿਆ ਸੀ। ਉਨ੍ਹਾਂ ਆਪਣੀ ਆਖਰੀ ਦੌੜ, ਹਾਂਗ ਕਾਂਗ, ਚੀਨ ‘ਚ ਦੌੜੀ, ਜਿੱਥੇ 10 ਕਿਲੋਮੀਟਰ ਦੌੜ, 1 ਘੰਟਾ, 32 ਮਿੰਟ ਅਤੇ 28 ਸਕਿੰਟ ‘ਚ ਪੂਰੀ ਕੀਤੀ।
ਮੈਰਾਥਨ ਦੇ ਰਿਕਾਰਡ
2000 ਲੰਡਨ ਮੈਰਾਥਨ: 6 ਘੰਟੇ 54 ਮਿੰਟ
2001 ਲੰਡਨ ਮੈਰਾਥਨ: 6 ਘੰਟੇ 54 ਮਿੰਟ
2002 ਲੰਡਨ ਮੈਰਾਥਨ: 6 ਘੰਟੇ 45 ਮਿੰਟ
2003 ਲੰਡਨ ਮੈਰਾਥਨ: 6 ਘੰਟੇ 2 ਮਿੰਟ
2003 ਟੋਰਾਂਟੋ ਵਾਟਰਫਰੰਟ ਮੈਰਾਥਨ: 5 ਘੰਟੇ 40 ਮਿੰਟ
2003 ਨਿਊਯਾਰਕ ਸਿਟੀ ਮੈਰਾਥਨ: 7 ਘੰਟੇ 35 ਮਿੰਟ
2004 ਲੰਡਨ ਮੈਰਾਥਨ: 6 ਘੰਟੇ 7 ਮਿੰਟ
2004 ਗਲਾਸਗੋ ਸਿਟੀ ਹਾਫ ਮੈਰਾਥਨ: 2 ਘੰਟੇ 33 ਮਿੰਟ
2004 ਟੋਰਾਂਟੋ ਵਾਟਰਫਰੰਟ ਹਾਫ ਮੈਰਾਥਨ: 2 ਘੰਟੇ 29 ਮਿੰਟ 59 ਸਕਿੰਟ
2011 ਟੋਰਾਂਟੋ ਵਾਟਰਫਰੰਟ ਮੈਰਾਥਨ: 8 ਘੰਟੇ 11 ਮਿੰਟ
2012 ਲੰਡਨ ਮੈਰਾਥਨ: 7 ਘੰਟੇ 49 ਮਿੰਟ 21 ਸਕਿੰਟ
2012 ਹਾਂਗ ਕਾਂਗ ਮੈਰਾਥਨ: 1 ਘੰਟਾ 34 ਮਿੰਟ
2013 ਹਾਂਗ ਕਾਂਗ ਮੈਰਾਥਨ: 1 ਘੰਟਾ 32 ਮਿੰਟ 28 ਸਕਿੰਟ
2011 ‘ਚ ਫੌਜਾ ਸਿੰਘ ਦੀ ਜੀਵਨੀ ਟਰਬਨੇਡ ਟੋਰਨਾਡੋ ‘ਚ ਖੁਸ਼ਵੰਤ ਸਿੰਘ ਨੇ ਫੌਜਾ ਸਿੰਘ ਦੇ ਜੀਵਨ ਸੰਘਰਸ਼ਾਂ ਬਾਰੇ ਚਾਨਣਾ ਪਾਇਆ ਸੀ। ਸਾਲ 2021 ਦੌਰਾਨ ਨਿਰਦੇਸ਼ਕ ਓਮੰਗ ਕੁਮਾਰ ਬੀ ਨੇ 13 ਨਵੰਬਰ 2003 ਨੂੰ ਫੌਜਾ ਸਿੰਘ ਦੇ ਜੀਵਨ ‘ਤੇ ਇੱਕ ਬਾਇਓਪਿਕ ਬਣਾਉਣ ਦਾ ਐਲਾਨ ਕੀਤਾ ਸੀ।
ਵਡੇਰੀ ਉਮਰੇ ਨਰੋਈ ਸਿਹਤ ਦਾ ਰਾਜ
ਫੌਜਾ ਸਿੰਘ ਨੂੰ ਅਕਸਰ ਹੀ ਉਨ੍ਹਾਂ ਦੀ ਸਿਹਤ ਬਾਰੇ ਸਵਾਲ ਕੀਤਾ ਜਾਂਦਾ ਸੀ।ਕਿਉਂਕਿ ਲੋਕ ਵਡੇਰੀ ਉਮਰ ਵਿੱਚ ਉਨ੍ਹਾਂ ਦੀ ਚੁਸਤੀ ਫੁਰਤੀ ਤੋਂ ਹੈਰਾਨ ਹੁੰਦੇ ਸਨ। ਆਪਣੀ ਸਿਹਤ ਦਾ ਰਾਜ਼ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਉਮਰ ਵਿੱਚ ਵੀ ਉਹ ਕਿਸੇ ਮਸ਼ੀਨ 'ਤੇ ਨਿਰਭਰ ਨਹੀਂ ਸਨ। ਉਹ ਰੋਜ਼ਾਨਾ ਦੌੜਦੇ ਅਤੇ ਲਗਭਗ ਸਾਰਾ ਕੰਮ ਖੁਦ ਕਰਦੇ। ਉਹ ਆਪਣੀ ਖੁਰਾਕ ਵੱਲ ਵੀ ਵਿਸ਼ੇਸ਼ ਧਿਆਨ ਦਿੰਦੇ ਸਨ। ਫੌਜਾ ਸਿੰਘ ਦੀ ਸਿਹਤ ਦਾ ਇੱਕ ਰਾਜ ਇਹ ਵੀ ਸੀ ਕਿ ਉਨ੍ਹਾਂ ਜੰਕ ਫੂਡ ਕਦੇ ਨਹੀਂ ਖਾਂਦਾ ਸੀ। ਉਹ ਸਭ ਨੂੰ ਇਹ ਸੰਦੇਸ਼ ਦਿੰਦੇ ਸੀ ਕਿ ਜੇਕਰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜਿਉਣੀ ਹੈ, ਤਾਂ ਨਿਯਮਤ ਰੂਪ ਵਿੱਚ ਸੈਰ ਅਤੇ ਕਸਰਤ ਜਰੂਰ ਕਰੋ, ਇਸਦੇ ਨਾਲ ਹੀ ਜੰਕ ਫੂਡ ਤੋਂ ਬਚੇ ਰਹੋ। ਫੌਜਾ ਸਿੰਘ ਦੇ ਦੇਹਾਂਤ ਨਾਲ ਇੱਕ ਯੁੱਗ ਖਤਮ ਹੋ ਗਿਆ ਹੈ। ਇਸ ਮਹਾਨ ਸਿੱਖ ਦੌੜਾਕ ਦਾ ਸਫ਼ਰ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਨਾਦਾਇਕ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login