ਜਲੰਧਰ ਵਿੱਚ ਇੱਕ ਜ਼ਮੀਨੀ ਵਿਵਾਦ ਨੇ ਰਾਜਨੀਤੀ ਅਤੇ ਪ੍ਰਸ਼ਾਸਨ ਦੋਵਾਂ ਵਿੱਚ ਹਲਚਲ ਮਚਾ ਦਿੱਤੀ ਹੈ। ਇੱਕ ਪਾਸੇ ਪੰਜਾਬ ਦੀ ਸੀਨੀਅਰ ਆਈਏਐਸ ਅਧਿਕਾਰੀ ਬਬੀਤਾ ਕਲੇਰ ਅਤੇ ਉਨ੍ਹਾਂ ਦੇ ਪਤੀ ਸਟੀਫਨ ਕਲੇਰ ਹਨ, ਅਤੇ ਦੂਜੇ ਪਾਸੇ ਪ੍ਰਬਲ ਸਰੀਆ ਕੰਪਨੀ ਨਾਲ ਜੁੜੀ ਧਿਰ ਹੈ। ਜਿਸਦਾ ਦੋਸ਼ ਹੈ ਕਿ ਆਈਏਐਸ ਅਧਿਕਾਰੀ ਬਬੀਤਾ ਕਲੇਰ ਅਤੇ ਉਸਦੇ ਪਤੀ ਵੱਲੋਂ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਗਈ ਹੈ। ਪੰਜਾਬ ਵਿੱਚ ਪਹਿਲਾਂ ਤੋਂ ਹੀ ਲਾਅ ਐਂਡ ਆਰਡਰ ਦੀ ਨਿਘਰੀ ਹੋਈ ਸਥਿਤੀ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਵਿਵਾਦਿਤ ਆਗੂ ਸਟੀਫਨ ਕਲੇਰ ਅਤੇ ਆਈ ਏ ਐਸ ਬਬੀਤਾ ਕਲੇਰ ਦੇ ਕਥਿਤ ਤੌਰ ਤੇ ਹੁਕਮਾਂ ਤੇ ਚਲਾਈ ਗਈ ਗੋਲੀ ਨਾਲ ਐਨ ਆਰ ਆਈ ਨਿਵੇਸ਼ਕਾਂ ਵਲੋਂ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਬਾਰੇ ਦੁਬਿਧਾ ਹੋਣੀ ਸੁਭਾਵਿਕ ਹੈ।
ਦਰਅਸਲ ਮਾਮਲਾ ਇਹ ਹੈ ਕਿ ਆਈਏਐਸ ਅਧਿਕਾਰੀ ਬਬੀਤਾ ਕਲੇਰ ਦੇ ਗੰਨਮੈਨ ਨੇ ਉਸਦੇ ਘਰ ਦੇ ਨਾਲ ਲੱਗਦੇ ਪਲਾਟ ਵਿੱਚ ਮਿੱਟੀ ਭਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਪ੍ਰਬਲ ਟੀਐਮਟੀ ਦੇ ਮੈਨੇਜਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇਹ ਘਟਨਾ ਜਲੰਧਰ ਦੇ ਛੋਟੀ ਬਰਾਂਦਰੀ ਇਲਾਕੇ ਦੀ ਹੈ। ਬਬੀਤਾ, ਉਸਦੇ ਪਤੀ ਸਟੀਵਨ ਕਲੇਰ (ਆਮ ਆਦਮੀ ਪਾਰਟੀ ਦੀ ਜਲੰਧਰ ਰੁਰਲ ਯੂਨਿਟ ਦੇ ਸਾਬਕਾ ਪ੍ਰਧਾਨ) ਅਤੇ ਕਾਂਸਟੇਬਲ ਸੁਖਕਰਨ ਸਿੰਘ ਵਿਰੁੱਧ ਕਤਲ ਦੀ ਕੋਸ਼ਿਸ਼, ਸਾਜ਼ਿਸ਼ ਅਤੇ ਆਰਮਜ਼ ਐਕਟ ਹੇਠ ਐਫਆਈਆਰ ਦਰਜ ਕੀਤੀ ਗਈ ਹੈ।
ਕਰਨਜੀਤ ਸਿੰਘ ਕੰਗ, ਜਿਸਦਾ ਪਰਿਵਾਰ ਪ੍ਰਬਲ ਟੀਐਮਟੀ ਨਾਂ ਦੀ ਸਟੀਲ ਕੰਪਨੀ ਚਲਾਉਂਦਾ ਹੈ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਆਪਣੇ ਵਰਕਰਾਂ ਨੂੰ ਛੋਟੀ ਬਰਾਂਦਰੀ ਵਿੱਚ ਮਿੱਟੀ ਭਰਨ ਦੇ ਕੰਮ ਲਈ ਭੇਜਿਆ, ਜੋ ਕਿ ਆਈਏਐਸ ਅਧਿਕਾਰੀ ਅਤੇ ਉਸਦੇ ਪਤੀ ਦੇ ਘਰ ਨਾਲ ਲੱਗਦਾ ਪਲਾਟ ਹੈ। ਉਨ੍ਹਾਂ ਦੱਸਿਆ, "ਜਦੋਂ ਸਾਡੇ ਲੋਕ ਮਿੱਟੀ ਨਾਲ ਭਰੀ ਟਰੈਕਟਰ-ਟ੍ਰਾਲੀ ਲੈ ਕੇ ਪਲਾਟ 'ਤੇ ਪਹੁੰਚੇ, ਤਾਂ ਸਟੀਵਨ ਨੇ ਰੋਕਿਆ ਅਤੇ ਕਿਹਾ ਕਿ ਪਹਿਲਾਂ ਪਲਾਟ ਦੇ ਮਾਲਕ ਨਾਲ ਗੱਲ ਕਰਵਾਓ। ਫਿਰ ਸਾਡੇ ਵਰਕਰਾਂ ਨੇ ਮੇਰੇ ਪਿਤਾ ਸੁਲੱਖਣ ਸਿੰਘ ਨੂੰ ਫੋਨ ਕੀਤਾ, ਉਨ੍ਹਾਂ ਨੇ ਸਟੀਫਨ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਇਹ ਪਲਾਟ ਉਨ੍ਹਾਂ ਦੇ ਪਰਿਵਾਰ ਦਾ ਹੈ। ਫਿਰ ਮੇਰੇ ਪਿਤਾ ਨੇ ਸਾਡੇ ਮੈਨੇਜਰ ਹਰਪ੍ਰੀਤ ਸਿੰਘ ਨੂੰ ਉਥੇ ਭੇਜਿਆ। ਪਰ ਫਿਰ ਵੀ ਸਟੀਫਨ ਅਤੇ ਉਸ ਦੀ ਪਤਨੀ ਨੇ ਮਿੱਟੀ ਵਾਲੀ ਟਰਾਲੀ ਉਤਰਨ ਨਹੀਂ ਦਿੱਤੀ। ਝਗੜੇ ਦੌਰਾਨ, ਉਨ੍ਹਾਂ ਨੇ ਬਬੀਤਾ ਦੇ ਗੰਨਮੈਨ ਨੂੰ ਹਰਪ੍ਰੀਤ ਉੱਤੇ ਗੋਲੀ ਚਲਾਉਣ ਲਈ ਆਖਿਆ। ਗੰਨਮੈਨ ਨੇ ਪਿਸਤੌਲ ਨਾਲ ਗੋਲੀ ਮਾਰੀ ਜੋ ਹਰਪ੍ਰੀਤ ਦੇ ਦੋਵੇਂ ਪੈਰਾਂ ਵਿੱਚ ਲੱਗੀ। ਅਸੀਂ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲੈ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ।"
ਸਟੀਫਨ ਕਲੇਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਸਨੇ ਵਰਕਰਾਂ ਨੂੰ ਰੋਕ ਕੇ ਪਹਿਲਾਂ ਮਾਲਿਕ ਨਾਲ ਗੱਲ ਕਰਵਾਉਣ ਲਈ ਕਿਹਾ ਸੀ। ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕਿਸ ਦੇ ਕਹਿਣ 'ਤੇ ਆਏ ਹਨ। ਉਸਨੇ ਕਿਹਾ ਕਿ ਮੇਰੇ ਘਰ ਅੰਦਰ ਜਾਣ ਤੋਂ ਬਾਅਦ ਇਹ ਘਟਨਾ ਹੋਈ । ਪਰ ਇਸ ਬਿਆਨ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।
ਓਧਰ ਘਟਨਾ ਤੋਂ ਬਾਅਦ ਸ਼ਿਕਾਇਤਕਰਤਾ ਸੁਲੱਖਣ ਸਿੰਘ ਅਤੇ ਉਨ੍ਹਾਂ ਦੇ ਮੈਨੇਜਰ ਹਰਪ੍ਰੀਤ ਸਿੰਘ ਵੱਲੋਂ ਬੜੀ ਜੱਦੋ-ਜਹਿਦ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ। ਬੇਸ਼ੱਕ ਪ੍ਰਸ਼ਾਸ਼ਨ ਕਲੇਰ ਜੋੜੇ ਦੇ ਦਬਾਅ ਹੇਠ ਨਜ਼ਰ ਆ ਰਿਹਾ ਸੀ। ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸਿੱਧੇ ਤੌਰ 'ਤੇ ਦਖਲ ਦੇਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਥਾਣਾ-7 ਦੀ ਏਸੀਪੀ ਰੂਪਦੀਪ ਕੌਰ ਨੇ ਬਬੀਤਾ ਕਲੇਰ ਅਤੇ ਉਨ੍ਹਾਂ ਦੇ ਪਤੀ ਅਤੇ ਗੰਨਮੈਨ ਵਿਰੁੱਧ ਕੇਸ ਦਰਜ ਕਰ ਲਿਆ ਹੈ। ਦੋਸ਼ ਹੈ ਕਿ ਕਲੇਰ ਪਰਿਵਾਰ ਨੇ ਆਪਣੇ ਸਰਕਾਰੀ ਗੰਨਮੈਨ ਨੂੰ ਸਰਕਾਰੀ ਹਥਿਆਰ ਦੀ ਵਰਤੋਂ ਕਰਨ ਅਤੇ ਗੋਲੀ ਚਲਾਉਣ ਲਈ ਕਿਹਾ।
ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਗੋਲੀਬਾਰੀ ਕਲੇਰ ਜੋੜੇ ਦੇ ਇਸ਼ਾਰੇ 'ਤੇ ਹੋਈ। ਉਸਦੇ ਬਿਆਨ ਦੇ ਆਧਾਰ 'ਤੇ ਬਬੀਤਾ, ਸਟੀਵਨ ਅਤੇ ਗੰਨਮੈਨ ਵਿਰੁੱਧ ਧਾਰਾ 109, 61(2), 115(2) ਅਤੇ ਆਰਮਜ਼ ਐਕਟ ਦੀ ਧਾਰਾ 27 ਹੇਠ ਕੇਸ ਦਰਜ ਕੀਤਾ ਗਿਆ ਹੈ"। ਉਹਨਾਂ ਕਿਹਾ ਕਿ,"ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਹੋਰ ਗੱਲਾਂ ਜਾਂਚ ਦੌਰਾਨ ਸਾਫ ਹੋਣਗੀਆਂ,"।
ਫਿਲਹਾਲ, ਐਫਆਈਆਰ ਦਰਜ ਹੋਣ ਦੇ ਬਾਵਜੂਦ, ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰ ਸ਼ਿਕਾਇਤਕਰਤਾ ਵੱਲੋਂ ਦੱਸਿਆ ਗਿਆ ਹੈ ਕਿ ਆਈਏਐਸ ਪ੍ਰਸ਼ਾਸ਼ਨ ਵੱਲੋਂ ਸ਼ਿਕਾਇਤਕਰਤਾ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਆਸ ਹੈ ਕਿ ਮੁੱਖ ਮੰਤਰੀ ਪੰਜਾਬ ਇਸ ਮਾਮਲੇ ਵਿੱਚ ਪੀੜਤ ਧਿਰ ਦਾ ਸਾਥ ਦੇਣਗੇ ਤਾਂ ਜੋ ਐਨਆਰਆਈ ਪੰਜਾਬ ਵਿੱਚ ਲਗਾਤਾਰ ਨਿਵੇਸ਼ ਲਈ ਰੁਚੀ ਰੱਖਦੇ ਰਹਿਣ। ਜ਼ਿਕਰਯੋਗ ਹੈ ਕਿ ਕੰਗ ਪਰਿਵਾਰ ਅਮਰੀਕਾ ਦੇ ਬੇਹੱਦ ਸਫਲ ਕਾਰੋਬਾਰੀਆਂ ਵਿੱਚੋਂ ਇੱਕ ਹਨ। ਕੰਗ ਭਰਾਵਾਂ ਨੂੰ ਆਪਣੇ ਨਿੱਘੇ ਅਤੇ ਨਿਮਰ ਸੁਭਾਅ ਕਾਰਨ ਭਾਈਚਾਰੇ ਵਿੱਚ ਸਤਿਕਾਰਤ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ।
ਐਨਆਰਆਈ ਪਰਿਵਾਰ ਵੱਲੋਂ ਪੰਜਾਬ ਵਿੱਚ ਕੀਤੇ ਵੱਡੇ ਨਿਵੇਸ਼ ਤੋਂ ਬਾਅਦ ਪੰਜਾਬ ਦੀ ਬਿਓਰੋਕ੍ਰੇਸੀ ਵੱਲੋਂ ਕੀਤੇ ਗਏ ਇਸ ਧੱਕੇ ਨਾਲ ਐਨਆਰਆਈ ਨਿਵੇਸ਼ਕਾਂ ਦੇ ਮਨਾ ਵਿੱਚ ਪੰਜਾਬ ਵਿੱਚ ਵੱਡੇ ਪ੍ਰੋਜੈਕਟ ਸ਼ੁਰੂ ਕਰਨ ਨੂੰ ਲੈਕੇ ਸਵਾਲ ਜ਼ਰੂਰ ਖੜ੍ਹੇ ਹੋ ਗਏ ਹਨ, ਜਿਨ੍ਹਾਂ ਦਾ ਜਵਾਬ ਇਸ ਘਟਨਾ ਦੇ ਪੀੜਤਾਂ ਨੂੰ ਮਿਲੇ ਇਨਸਾਫ 'ਤੇ ਨਿਰਭਰ ਕਰੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login