ਗੁਰਿੰਦਰ ਵੀਰ / staff reporter
ਜਲੰਧਰ ਦੇ ਨੌਜਵਾਨ ਧਾਵਕ ਗੁਰਿੰਦਰ ਵੀਰ ਸਿੰਘ ਨੇ ਭਾਰਤੀ ਐਥਲੈਟਿਕਸ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। ਰਾਂਚੀ ਵਿੱਚ ਹੋਏ 29ਵੇਂ ਨੈਸ਼ਨਲ ਸੀਨੀਅਰ ਫੈਡਰੇਸ਼ਨ ਕੱਪ ਮੁਕਾਬਲੇ ਦੌਰਾਨ ਪੰਜਾਬ ਦੇ ਇਸ ਖਿਡਾਰੀ ਨੇ 100 ਮੀਟਰ ਦੀ ਦੌੜ ਸਿਰਫ਼ 10.09 ਸਕਿੰਟ ਵਿੱਚ ਪੂਰੀ ਕਰਕੇ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਲਿਆ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੁਰਿੰਦਰ ਵੀਰ ਹੁਣ ਦੇਸ਼ ਭਰ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਉਪਲਬਧੀ ਭਾਰਤੀ ਐਥਲੈਟਿਕਸ ਲਈ ਵੱਡੀ ਕਾਮਯਾਬੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੇਸ਼ ਦਾ ਨਾਮ ਰੌਸ਼ਨ ਕਰ ਸਕਦਾ ਹੈ।
ਗੁਰਿੰਦਰ ਵੀਰ ਨੇ ਇਹ ਰਿਕਾਰਡ ਬਣਾਕੇ ਭਾਰਤ ਦੇ ਸਭ ਤੋਂ ਤੇਜ਼ ਦੌੜਾਕਾਂ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਦੌੜ ਪੂਰੀ ਕਰਨ ਤੋਂ ਬਾਅਦ ਉਸਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ। ਜਿੱਤ ਤੋਂ ਬਾਅਦ ਉਸਨੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਫੋਨ ‘ਤੇ ਗੱਲ ਕੀਤੀ। ਗੁਰਿੰਦਰ ਦੀ ਮਾਤਾ ਗੁਰਵਿੰਦਰ ਕੌਰ ਨੇ ਦੱਸਿਆ ਕਿ ਪੁੱਤਰ ਨੇ ਫੋਨ ਕਰਕੇ ਪੁੱਛਿਆ, “ਮੰਮੀ ਮੇਰੀ ਰੇਸ ਦੇਖੀ?” ਜਿਸ ‘ਤੇ ਉਨ੍ਹਾਂ ਨੇ ਮਾਣ ਨਾਲ ਕਿਹਾ, “ਹਾਂ, ਤੂੰ ਅੱਜ ਕਮਾਲ ਕਰ ਦਿੱਤਾ।” ਪਰਿਵਾਰ ਮੁਤਾਬਕ ਗੁਰਿੰਦਰ ਬਚਪਨ ਤੋਂ ਹੀ ਖੇਡਾਂ ਪ੍ਰਤੀ ਬਹੁਤ ਜ਼ਿਆਦਾ ਜਜ਼ਬਾ ਰੱਖਦਾ ਸੀ ਅਤੇ ਹਮੇਸ਼ਾਂ ਆਪਣੇ ਲਈ ਵੱਡੇ ਟੀਚੇ ਤੈਅ ਕਰਦਾ ਸੀ।
ਗੁਰਿੰਦਰ ਦੇ ਪਿਤਾ ਕਮਲਜੀਤ ਸਿੰਘ ਨੇ ਦੱਸਿਆ ਕਿ ਉਸਨੇ 12 ਸਾਲ ਦੀ ਉਮਰ ਵਿੱਚ ਦੌੜ ਦੀ ਪ੍ਰੈਕਟਿਸ ਸ਼ੁਰੂ ਕੀਤੀ ਸੀ। ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਉਹ ਘੰਟਿਆਂ ਮੈਦਾਨ ਵਿੱਚ ਪਸੀਨਾ ਵਗਾਉਂਦਾ ਸੀ। ਉਨ੍ਹਾਂ ਕਿਹਾ ਕਿ ਗੁਰਿੰਦਰ ਨੇ ਪਹਿਲਾਂ ਹੀ ਆਪਣੇ ਮਨ ਵਿੱਚ 10.10 ਸਕਿੰਟ ਦਾ ਟੀਚਾ ਬਣਾਇਆ ਹੋਇਆ ਸੀ ਅਤੇ ਉਸਨੇ ਆਪਣੀ ਜਰਸੀ ‘ਤੇ ਵੀ ਇਹ ਨੰਬਰ ਲਿਖਿਆ ਸੀ। ਪਿਤਾ ਨੇ ਕਿਹਾ ਕਿ ਇਹ ਰਿਕਾਰਡ ਉਸਦੀ ਸਾਲਾਂ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ।
ਗੁਰਿੰਦਰ ਦੀ ਇਸ ਉਪਲਬਧੀ ਤੋਂ ਬਾਅਦ ਜਲੰਧਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਨੇ ਦੱਸਿਆ ਕਿ ਰਿਕਾਰਡ ਬਣਨ ਦੀ ਖ਼ਬਰ ਮਿਲਦੇ ਹੀ ਘਰ ਦੇ ਬਾਹਰ ਲੋਕ ਇਕੱਠੇ ਹੋਣ ਲੱਗ ਪਏ ਅਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਗੁਰਿੰਦਰ ਦੀ ਦਾਦੀ ਨੇ ਵੀ ਪੋਤੇ ਦੀ ਕਾਮਯਾਬੀ ‘ਤੇ ਖੁਸ਼ੀ ਜਤਾਈ ਅਤੇ ਕਿਹਾ ਕਿ ਉਹ ਇੱਕ ਦਿਨ ਦੇਸ਼ ਲਈ ਵੱਡੇ ਪੱਧਰ ‘ਤੇ ਮਾਣ ਲਿਆਏਗਾ।
ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਗੁਰਿੰਦਰ ਵੀਰ ਇਸੇ ਤਰ੍ਹਾਂ ਲਗਾਤਾਰ ਮਿਹਨਤ ਕਰਦਾ ਰਿਹਾ ਤਾਂ ਉਹ ਕਾਮਨਵੈਲਥ ਗੇਮਜ਼ ਅਤੇ ਏਸ਼ੀਆਈ ਖੇਡਾਂ ਵਿੱਚ ਵੀ ਭਾਰਤ ਲਈ ਸੋਨ ਤਗਮਾ ਜਿੱਤ ਸਕਦਾ ਹੈ। ਪੰਜਾਬ ਦੇ ਨੌਜਵਾਨਾਂ ਲਈ ਵੀ ਗੁਰਿੰਦਰ ਦੀ ਇਹ ਕਾਮਯਾਬੀ ਇੱਕ ਵੱਡੀ ਪ੍ਰੇਰਣਾ ਬਣ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login