ਜਰਮਨ ਰਾਜਦੂਤ ਡਾ. ਫਿਲਿਪ ਐਕਰਮੈਨ / Ishani Duttagupta
ਭਾਰਤੀਆਂ ਲਈ ਨਵੇਂ ਮੌਕੇ ਖੋਲ੍ਹ ਰਿਹਾ ਜਰਮਨ, ਰਾਜਦੂਤ ਐਕਰਮੈਨ ਨੇ ਵੀਜ਼ਾ ਮੁੱਦਿਆਂ ‘ਤੇ ਕੀਤੀ ਚਰਚਾ
——
ਜਰਮਨ ਯੂਨੀਵਰਸਿਟੀਆਂ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਪ੍ਰਾਥਮਿਕਤਾ ਦੇ ਰਹੀਆਂ ਹਨ
—-
ਈਸ਼ਾਨੀ ਦੱਤਾਗੁਪਤਾ
ਕੀ ਜਰਮਨੀ ਨਵਾਂ ਅਮਰੀਕਾ ਹੈ? ਭਾਰਤ ਵਿੱਚ ਜਰਮਨ ਰਾਜਦੂਤ ਡਾ. ਫਿਲਿਪ ਐਕਰਮੈਨ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿੱਚ STEM (ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ) ਖੇਤਰਾਂ ਵਿੱਚ ਬਹੁਤ ਸਾਰੇ ਦਿਲਚਸਪ ਮੌਕੇ ਪੇਸ਼ ਕੀਤੇ ਜਾ ਰਹੇ ਹਨ, ਜਿਨ੍ਹਾਂ 'ਤੇ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਈਸ਼ਾਨੀ ਦੱਤਾਗੁਪਤਾ ਨਾਲ ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਘੱਟ ਫੀਸਾਂ, ਹੋਰਾਂ ਦੇਸ਼ਾਂ ਦੇ ਮੁਕਾਬਲੇ ਸਸਤੀ ਸਿੱਖਿਆ ਅਤੇ ਪੜ੍ਹਾਈ ਤੋਂ ਬਾਅਦ ਨੌਕਰੀ ਲੱਭਣ ਲਈ ਦਿੱਤੇ ਜਾਣ ਵਾਲੇ ਲੰਮੇ ਵੀਜ਼ਾ ਸਮੇਂ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਰਮਨੀ ਭਾਰਤੀ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਸਿੱਖਿਆ ਮੰਜ਼ਿਲ ਬਣ ਕੇ ਉਭਰਿਆ ਹੈ ਤਾਂ ਕੀ ਤੁਸੀਂ ਹੋਰ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਲਈ ਕਦਮ ਚੁੱਕ ਰਹੇ ਹੋ?
ਇਸ ਦੇ ਜਵਾਬ ਵਿਚ ਡਾ. ਫਿਲਿਪ ਐਕਰਮੈਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਰਮਨੀ ਵੱਲ ਆਕਰਸ਼ਿਤ ਕਰਨ ਵਾਲਾ ਮੁੱਖ ਕਾਰਨ STEM ਸਮੇਤ ਸਾਰੇ ਵਿਸ਼ਿਆਂ ਵਿੱਚ ਵਿਸ਼ਵ ਪੱਧਰੀ ਸਿੱਖਿਆ ਹੈ। ਸਾਡੀਆਂ ਤਕਨੀਕੀ ਯੂਨੀਵਰਸਿਟੀਆਂ ਬਹੁਤ ਵਧੀਆ ਹਨ ਅਤੇ ਮੁਫ਼ਤ ਹਨ। ਇਹੀ ਚੀਜ਼ ਸਾਨੂੰ ਕੈਨੇਡਾ, ਅਮਰੀਕਾ, ਯੂਕੇ ਅਤੇ ਆਸਟ੍ਰੇਲੀਆ ਤੋਂ ਵੱਖਰਾ ਬਣਾਉਂਦੀ ਹੈ। ਜਰਮਨੀ ਵਿੱਚ ਉੱਚ ਸਿੱਖਿਆ ਨੂੰ ਸਰਕਾਰੀ ਸੇਵਾ ਮੰਨਿਆ ਜਾਂਦਾ ਹੈ ਅਤੇ ਇਹ ਨਿਯਮ ਗੈਰ-ਯੂਰਪੀ ਵਿਦਿਆਰਥੀਆਂ ‘ਤੇ ਵੀ ਲਾਗੂ ਹੁੰਦਾ ਹੈ। ਹਾਲਾਂਕਿ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਰਮਨੀ ਵਿੱਚ ਰਹਿਣ ਦਾ ਖ਼ਰਚਾ ਖੁਦ ਚੁੱਕਣਾ ਪਵੇਗਾ, ਪਰ ਉਹ ਵੀ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ।
ਸਾਡੇ ਕੋਲ ਭਾਰਤੀ ਵਿਦਿਆਰਥੀਆਂ ਨਾਲ ਬਹੁਤ ਚੰਗਾ ਅਨੁਭਵ ਹੈ—ਉਹ ਮਹੱਨਤੀ, ਉਦੇਸ਼-ਕੇਂਦ੍ਰਿਤ ਅਤੇ ਸਮਰਪਿਤ ਹੁੰਦੇ ਹਨ। ਇਸੇ ਕਰਕੇ ਜਰਮਨ ਯੂਨੀਵਰਸਿਟੀਆਂ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਪਹਿਲ ਦੇ ਰਹੀਆਂ ਹਨ।
ਇਸ ਤੋਂ ਬਾਅਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕਿਹੜੇ ਖੇਤਰਾਂ ਵਿੱਚ ਤੁਸੀਂ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਰਹੇ ਹੋ?
ਇਸ ਸਵਾਲ ਦਾ ਜਵਾਬ ਦਿੰਦਿਆਂ ਡਾ. ਐਕਰਮੈਨ ਨੇ ਕਿਹਾ ਕਿ ਜਰਮਨੀ ਵਿਸ਼ਵ-ਪੱਧਰੀ ਖੋਜ ਸੰਸਥਾਵਾਂ ਦਾ ਕੇਂਦਰ ਹੈ। ਅਸੀਂ ਖੋਜ ਅਤੇ ਵਿਕਾਸ ‘ਤੇ ਬਹੁਤ ਧਿਆਨ ਦੇ ਰਹੇ ਹਾਂ। ਜਰਮਨੀ ਵਿੱਚ ਪਹਿਲਾਂ ਹੀ ਕਈ ਭਾਰਤੀ ਕੰਮ ਕਰ ਰਹੇ ਹਨ, ਪਰ ਅਸੀਂ ਹੋਰ ਤੇਜ਼-ਤਰਾਰ ਅਤੇ ਪ੍ਰਤਿਭਾਸ਼ੀਲ ਭਾਰਤੀ ਖੋਜਕਰਤਿਆਂ ਨੂੰ ਲਿਆਉਣਾ ਚਾਹੁੰਦੇ ਹਾਂ। ਜਰਮਨ ਵਿਚ ਜ਼ਿਆਦਾਤਰ ਮਾਸਟਰਜ਼ ਦੇ ਕੋਰਸ ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹਾਏ ਜਾਂਦੇ ਹਨ, ਇਸ ਲਈ ਭਾਰਤੀ ਵਿਦਿਆਰਥੀਆਂ ਨੂੰ ਭਾਸ਼ਾ ਦੀ ਚਿੰਤਾ ਨਹੀਂ ਕਰਨੀ ਪੈਂਦੀ। ਗ੍ਰੈਜੂਏਟ ਹੋਣ ਤੋਂ ਬਾਅਦ, ਵਿਦਿਆਰਥੀਆਂ ਕੋਲ ਨੌਕਰੀ ਲੱਭਣ ਲਈ 18 ਮਹੀਨੇ ਹੁੰਦੇ ਹਨ—ਇਹ ਹੋਰਾਂ ਦੇਸ਼ਾਂ ਨਾਲੋਂ ਕਾਫ਼ੀ ਵੱਧ ਹੈ। STEM ਖੇਤਰਾਂ ਵਿੱਚ ਤਾਂ ਨੌਕਰੀ ਲੱਭਣ ਦੀ ਸੰਭਾਵਨਾ ਹੋਰ ਵੀ ਜ਼ਿਆਦਾ ਹੈ।
ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਜਰਮਨ ਭਾਸ਼ਾ ਸਿੱਖਣਾ ਜ਼ਰੂਰੀ ਹੈ?
ਇਸ ਦੇ ਜਵਾਬ ਵਿਚ ਰਾਜਦੂਤ ਐਕਰਮੈਨ ਨੇ ਕਿਹਾ ਕਿ ਮੇਰੀ ਸਲਾਹ ਬਹੁਤ ਸਪੱਸ਼ਟ ਹੈ, ਜਰਮਨੀ ਜਾਣ ਤੋਂ ਪਹਿਲਾਂ ਕੁਝ ਜਰਮਨ ਸਿੱਖੋ, ਜੇ ਇਹ ਸੰਭਵ ਨਹੀਂ ਹੈ ਤਾਂ ਆਪਣੇ ਕੋਰਸ ਦੌਰਾਨ ਸਿੱਖੋ। ਜਰਮਨੀ ਦੀ ਹਰ ਯੂਨੀਵਰਸਿਟੀ ਮੁਫ਼ਤ ਵਿੱਚ ਜਰਮਨ ਦੀਆਂ ਕਲਾਸਾਂ ਦੀ ਪੇਸ਼ਕਸ਼ ਕਰ ਰਹੀ ਹੈ ਪਰ ਇਹ ਜਰਮਨੀ ਵਿੱਚ ਪੜ੍ਹਾਈ ਦੇ ਇੱਕ ਮੁਸ਼ਕਲ ਅਤੇ ਬਹੁਤ ਢਾਂਚਾਗਤ ਕੋਰਸ ਦੌਰਾਨ ਇੱਕ ਵਾਧੂ ਬੋਝ ਬਣ ਸਕਦਾ ਹੈ। ਬਰਲਿਨ ਵਰਗੇ ਸ਼ਹਿਰਾਂ ਵਿੱਚ ਅੰਗਰੇਜ਼ੀ ਨਾਲ ਕੰਮ ਚੱਲ ਜਾਂਦਾ ਹੈ, ਪਰ ਜਦੋਂ ਤੁਸੀਂ ਛੋਟੇ ਸ਼ਹਿਰਾਂ ਵਿੱਚ ਕੰਮ ਕਰੋਗੇ ਉੱਥੇ ਜਰਮਨ ਭਾਸ਼ਾ ਦੀ ਬਹੁਤ ਲੋੜ ਹੁੰਦੀ ਹੈ।
ਸਵਾਲ ਵਿਚ ਪੁੱਛਿਆ ਗਿਆ ਕਿ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਿੰਨ੍ਹੀ ਹੈ?
ਇਸਦੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ 60,000 ਭਾਰਤੀ ਵਿਦਿਆਰਥੀ ਜਰਮਨੀ ਵਿੱਚ ਹਨ, ਅਤੇ ਇਹ ਗਿਣਤੀ ਹਰ ਸਾਲ 20% ਦੀ ਦਰ ਨਾਲ ਵੱਧ ਰਹੀ ਹੈ। ਕਰੀਬ 70% ਵਿਦਿਆਰਥੀ ਮਾਸਟਰਜ਼ ਕਰਨ ਆਉਂਦੇ ਹਨ, ਜਦ ਕਿ ਕੁਝ ਬੈਚਲਰ ਵੀ ਕਰਨ ਆ ਰਹੇ ਹਨ—ਹਾਲਾਂਕਿ ਬੈਚਲਰ ਪੱਧਰ ‘ਤੇ ਅੰਗਰੇਜ਼ੀ ਵਿੱਚ ਪੜ੍ਹਾਈ ਦੇ ਮੌਕੇ ਘੱਟ ਹਨ।
ਡਾ. ਐਕਰਮੈਨ ਤੋਂ ਪੁੱਛਿਆ ਗਿਆ ਕਿ ਸਟੂਡੈਂਟ ਵੀਜ਼ਾ ਪ੍ਰੋਸੈਸਿੰਗ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਰਾਜਦੂਤ ਨੇ ਕਿਹਾ ਛੋਟੇ ਸਮੇਂ ਵਾਲੇ ਸ਼ੈਂਗੇਨ ਵੀਜ਼ਾ (Schengen visa) ਦੇ ਮੁਕਾਬਲੇ, ਸਟੂਡੈਂਟ ਵੀਜ਼ਾ ਪ੍ਰੋਸੈਸਿੰਗ 2–3 ਮਹੀਨੇ ਲੈਂਦੀ ਹੈ। ਹਰ ਵਿਦਿਆਰਥੀ ਨੂੰ ਅਕਾਦਮਿਕ ਮੁਲਾਂਕਣ ਕੇਂਦਰ (APS) ਤੋਂ ਪ੍ਰਮਾਣਿਕਤਾ ਲੈਣੀ ਪੈਂਦੀ ਹੈ ਤਾਂ ਜੋ ਧੋਖੇਬਾਜ਼ੀਆਂ ਰੋਕੀਆਂ ਜਾ ਸਕਣ।
ਇਕ ਹੋਰ ਸਵਾਲ ਕੀਤਾ ਗਿਆ ਕੀ ਤੁਸੀਂ ਭਾਰਤੀ ਪ੍ਰੋਫੈਸ਼ਨਲਜ਼ ਨੂੰ ਵੀ ਆਕਰਸ਼ਿਤ ਕਰ ਰਹੇ ਹੋ?
ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਹਾਂ, ਅਸੀਂ ਉਸ 'ਤੇ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ। ਜਰਮਨੀ ਵਿੱਚ ਗ੍ਰੈਜੂਏਸ਼ਨ ਜਾਂ ਪੜ੍ਹਾਈ ਕਰਨਾ ਜਰਮਨੀ ਆਉਣ ਦਾ ਇੱਕੋ ਇੱਕ ਰਸਤਾ ਨਹੀਂ ਹੈ। ਸਾਡੇ ਕੋਲ ਇੱਕ ਬਹੁਤ ਹੀ ਆਧੁਨਿਕ ਇਮੀਗ੍ਰੇਸ਼ਨ ਕਾਨੂੰਨ ਹੈ। ਬਲੂ ਕਾਰਡ, ਇੱਕ ਯੂਰਪੀ ਪ੍ਰੋਗਰਾਮ ਜੋ ਉੱਚ ਯੋਗਤਾ ਪ੍ਰਾਪਤ ਗ਼ੈਰ-ਯੂਰਪੀ ਨਾਗਰਿਕਾਂ ਨੂੰ, ਜਿਨ੍ਹਾਂ ਕੋਲ ਜਰਮਨੀ ਵਿੱਚ ਨੌਕਰੀ ਹੈ, ਰੁਜ਼ਗਾਰ ਇਕਰਾਰਨਾਮਾ ਵੀਜ਼ਾ ਦਿੰਦਾ ਹੈ। ਸਾਡੇ ਕੋਲ ਮੌਕਾ ਕਾਰਡ (Opportunity Card/Chancenkarte) ਵੀ ਹੈ, ਇਸ ਵਿਚ ਵਿਅਕਤੀ ਬਿਨਾਂ ਨੌਕਰੀ ਦੀ ਪੇਸ਼ਕਸ਼ ਤੋਂ ਵੀ 1 ਸਾਲ ਲਈ ਜਰਮਨੀ ਵਿੱਚ ਨੌਕਰੀ ਲੱਭ ਸਕਦੇ ਹਨ ਜੇ ਉਹ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਪਰ ਮੈਂ ਜ਼ੋਰਦਾਰ ਸਿਫਾਰਸ਼ ਕਰਾਂਗਾ ਕਿ ਜਿਹੜੇ ਲੋਕ ਮੌਕਾ ਕਾਰਡ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹਨ, ਉਹ ਜਰਮਨੀ ਜਾਣ ਤੋਂ ਪਹਿਲਾਂ ਹੀ ਨੌਕਰੀ ਲੱਭਣੀ ਸ਼ੁਰੂ ਕਰ ਦੇਣ ਅਤੇ ਉਨ੍ਹਾਂ ਕੋਲ ਜਾਣ ਤੋਂ ਪਹਿਲਾਂ ਹੀ ਦੋ ਜਾਂ ਤਿੰਨ ਪੇਸ਼ਕਸ਼ਾਂ ਹੋ ਸਕਦੀਆਂ ਹਨ। ਇਸ ਲਈ, ਮੈਂ ਸੋਚਦਾ ਹਾਂ ਕਿ ਸਾਡੇ ਕੋਲ ਹੁਨਰਮੰਦ ਭਾਰਤੀਆਂ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਜੋ ਜਰਮਨੀ ਜਾਣਾ ਅਤੇ ਉੱਥੇ ਕੰਮ ਕਰਨਾ ਚਾਹੁੰਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login