ADVERTISEMENT

ADVERTISEMENT

ਮੈਦਾਨ ਤੋਂ ਪਹਿਲਾਂ ਅਦਾਲਤ 'ਚ ਗੱਡੇ ਝੰਡੇ: ਵਿਨੇਸ਼ ਫੋਗਾਟ ਦੀ ਵੱਡੀ ਜਿੱਤ, WFI ਨੂੰ ਝਟਕਾ

ਸੁਪਰੀਮ ਕੋਰਟ ਤੋਂ ਮਿਲੀ ਵੱਡੀ ਕਾਨੂੰਨੀ ਜਿੱਤ ਨੇ ਵਿਨੇਸ਼ ਦੇ 2026 ਏਸ਼ੀਆਈ ਖੇਡਾਂ ਵਿੱਚ ਜਾਣ ਦੇ ਰਾਹ ਸਾਫ਼ ਕਰ ਦਿੱਤੇ ਹਨ

 ਪਹਿਲਵਾਨ ਵਿਨੇਸ਼ ਫੋਗਾਟ  ਪਹਿਲਵਾਨ ਵਿਨੇਸ਼ ਫੋਗਾਟ / staff reporter

ਦੇਸ਼ ਦੀ ਸ਼ੇਰਨੀ ਅਤੇ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਅਖਾੜੇ ਵਿੱਚ ਹੀ ਨਹੀਂ, ਸਗੋਂ ਹੱਕ ਦੀ ਲੜਾਈ ਵਿੱਚ ਵੀ ਪਿੱਛੇ ਹਟਣ ਵਾਲੀ ਨਹੀਂ ਹੈ। ਸੁਪਰੀਮ ਕੋਰਟ ਤੋਂ ਮਿਲੀ ਵੱਡੀ ਕਾਨੂੰਨੀ ਜਿੱਤ ਨੇ ਵਿਨੇਸ਼ ਨੂੰ 2026 ਦੀਆਂ ਏਸ਼ੀਆਈ ਖੇਡਾਂ ਦੇ ਸਿਲੈਕਸ਼ਨ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਰਤੀ ਕੁਸ਼ਤੀ ਮਹਾਸੰਘ (WFI) ਨੇ ਵਿਨੇਸ਼ ਦੇ ਰਸਤੇ ਵਿੱਚ ਕਾਨੂੰਨੀ ਅੜਿੱਕਾ ਡਾਹੁਣ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ 'ਤੇ ਮੋਹਰ ਲਗਾ ਕੇ WFI ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਹੁਣ ਵਿਨੇਸ਼ ਦੇਸ਼ ਲਈ ਮੈਡਲ ਜਿੱਤਣ ਦੇ ਇਰਾਦੇ ਨਾਲ ਸਿਲੈਕਸ਼ਨ ਟਰਾਇਲਾਂ ਵਿੱਚ ਦੰਗਲ ਲੜੇਗੀ। 

ਭਾਰਤੀ ਕੁਸ਼ਤੀ ਮਹਾਸੰਘ ਨੇ ਸੁਪਰੀਮ ਕੋਰਟ ਵਿੱਚ ਇੱਕ ਸਪੈਸ਼ਲ ਲੀਵ ਪਟੀਸ਼ਨ (SLP) ਦਾਇਰ ਕਰਕੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ 'ਗੈਰ-ਕਾਨੂੰਨੀ' ਦੱਸਿਆ ਸੀ। ਮਹਾਸੰਘ ਦੀ ਦਲੀਲ ਸੀ ਕਿ ਵਿਨੇਸ਼ ਦੇ ਪੱਖ ਵਿੱਚ ਫੈਸਲਾ ਸੁਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਵਿਸਥਾਰਪੂਰਵਕ ਜਵਾਬ ਦੇਣ ਦਾ ਉਚਿਤ ਮੌਕਾ ਨਹੀਂ ਦਿੱਤਾ ਗਿਆ। ਹਾਲਾਂਕਿ, ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ 'ਤੇ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਲਈ ਤੈਅ ਕੀਤੀ ਹੈ।

ਮਹਾਸੰਘ ਨੇ ਅਦਾਲਤ ਵਿੱਚ ਸੰਕੇਤ ਦਿੱਤਾ ਸੀ ਕਿ ਖਿਡਾਰੀਆਂ ਦੀ ਸੂਚੀ ਪਹਿਲਾਂ ਹੀ ਜਾਪਾਨ ਭੇਜੀ ਜਾ ਚੁੱਕੀ ਹੈ, ਜਿਸ ਕਾਰਨ ਲੌਜਿਸਟਿਕਸ ਸਬੰਧੀ ਦਿੱਕਤਾਂ ਆ ਸਕਦੀਆਂ ਹਨ। ਇਸ ਤੋਂ ਇਲਾਵਾ, ਮਹਾਸੰਘ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਵਿਨੇਸ਼ ਟਰਾਇਲਾਂ ਰਾਹੀਂ ਕੁਆਲੀਫਾਈ ਕਰ ਲੈਂਦੀ ਹੈ, ਤਾਂ ਵੀ ਉਸ ਨੂੰ ਸਿਰਫ 50 ਕਿਲੋ ਭਾਰ ਵਰਗ ਵਿੱਚ ਹੀ ਮੁਕਾਬਲਾ ਕਰਨਾ ਪਵੇਗਾ। ਏਸ਼ੀਆਈ ਖੇਡਾਂ ਲਈ ਇਹ ਚੋਣ ਟਰਾਇਲ 30 ਅਤੇ 31 ਮਈ ਨੂੰ ਨਵੀਂ ਦਿੱਲੀ ਵਿੱਚ ਕਰਵਾਏ ਜਾਣੇ ਹਨ।

ਵਿਨੇਸ਼ ਫੋਗਾਟ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਰਹੀ ਹੈ। ਉਸਨੇ 2023 ਵਿੱਚ ਕੁਸ਼ਤੀ ਸੰਘ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਹੋਏ ਪ੍ਰਦਰਸ਼ਨਾਂ ਵਿੱਚ ਸਰਗਰਮ ਹਿੱਸਾ ਲਿਆ ਸੀ। ਪੈਰਿਸ ਓਲੰਪਿਕ 2024 ਵਿੱਚ ਫਾਈਨਲ ਵਾਲੇ ਦਿਨ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਉਸਦੀ ਖੇਡ ਦੇ ਮੈਦਾਨ ਵਿੱਚ ਵਾਪਸੀ ਦੀਆਂ ਉਮੀਦਾਂ ਮੁੜ ਜਾਗ ਗਈਆਂ ਹਨ।

Comments

Leave A Comment

Required fields are marked (*).

Related

Talk to us?