ADVERTISEMENT

ADVERTISEMENT

ਐੱਫ਼ਬੀਆਈ ਨੇ ਗੋਲਡੀ ਬਰਾੜ ਨੂੰ ਐਲਾਨਿਆ ‘ਮੋਸਟ ਵਾਂਟੇਡ’

ਲਾਰੈਂਸ ਬਿਸ਼ਨੋਈ ਗੈਂਗ ਦੇ ਉੱਤਰੀ ਅਮਰੀਕਾ ਸੰਚਾਲਕ ਹੋਣ ਦਾ ਦਾਅਵਾ; 50 ਹਜ਼ਾਰ ਡਾਲਰ ਦੇ ਇਨਾਮ ਦਾ ਕੀਤਾ ਐਲਾਨ

 ਐਫ.ਬੀ.ਆਈ. ਨੇ ਸਤਿੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਲਈ ਇਨਾਮ ਦਾ ਐਲਾਨ ਕੀਤਾ ਹੈ। ਐਫ.ਬੀ.ਆਈ. ਨੇ ਸਤਿੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਲਈ ਇਨਾਮ ਦਾ ਐਲਾਨ ਕੀਤਾ ਹੈ। / X/@FBILosAngeles

ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ਼ਬੀਆਈ (FBI) ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ‘ਮੋਸਟ ਵਾਂਟੇਡ’ ਐਲਾਨ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਵਿੱਚ ਮਦਦਗਾਰ ਜਾਣਕਾਰੀ ਦੇਣ ਵਾਲੇ ਲਈ 50 ਹਜ਼ਾਰ ਅਮਰੀਕੀ ਡਾਲਰ (ਕਰੀਬ 47 ਲੱਖ ਰੁਪਏ) ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ।

 

ਐੱਫ਼ਬੀਆਈ ਮੁਤਾਬਕ ਗੋਲਡੀ ਬਰਾੜ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਸੰਗਠਿਤ ਅਪਰਾਧਿਕ ਗਰੁੱਪ ਦਾ ਉੱਤਰੀ ਅਮਰੀਕਾ ਵਿੱਚ ਮੁੱਖ ਸੰਚਾਲਕ ਹੈ। ਏਜੰਸੀ ਨੇ ਦੱਸਿਆ ਕਿ ਉਸ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ 'ਆਪਰੇਸ਼ਨ ਹਾਰਡ ਬਾਲ' ਤਹਿਤ ਚੱਲ ਰਹੀ ਹੈ।

 

ਐੱਫ਼ਬੀਆਈ ਨੇ ਸਮਾਜਿਕ ਮਾਧਿਅਮ ਐਕਸ 'ਤੇ ਜਾਰੀ ਬਿਆਨ ਵਿੱਚ ਕਿਹਾ ਕਿ ਸਤਿੰਦਰਜੀਤ ਸਿੰਘ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਤੱਕ ਦਾ ਇਨਾਮ ਦਿੱਤਾ ਜਾਵੇਗਾ। ਏਜੰਸੀ ਦਾ ਦਾਅਵਾ ਹੈ ਕਿ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਇਸੇ ਕਾਰਨ ਉਸ ਨੂੰ ਇਸ ਵਿਸ਼ੇਸ਼ ਮੁਹਿੰਮ ਤਹਿਤ ਨਿਸ਼ਾਨਾ ਬਣਾਇਆ ਗਿਆ ਹੈ।

 

ਐੱਫ਼ਬੀਆਈ ਅਨੁਸਾਰ ਇਹ ਗਰੁੱਪ ਦੱਖਣੀ ਕੈਲੀਫ਼ੋਰਨੀਆ ਸਮੇਤ ਅਮਰੀਕਾ ਅਤੇ ਕੈਨੇਡਾ ਵਿੱਚ ਕਈ ਹਿੰਸਕ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਇਨ੍ਹਾਂ ਵਿੱਚ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਦੀਆਂ ਹੱਤਿਆਵਾਂ, ਗੋਲੀਬਾਰੀ, ਅਗਵਾ, ਫਿਰੌਤੀ ਵਸੂਲੀ, ਕੁੱਟਮਾਰ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਰਗੇ ਗੰਭੀਰ ਦੋਸ਼ ਸ਼ਾਮਲ ਹਨ।

 

ਜਾਂਚ ਏਜੰਸੀ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਕਥਿਤ ਤੌਰ 'ਤੇ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਉੱਤਰੀ ਅਮਰੀਕਾ ਵਿੱਚ ਇਸ ਗਰੁੱਪ ਦੀਆਂ ਸਰਗਰਮੀਆਂ ਦੀ ਅਗਵਾਈ ਕਰਦਾ ਹੈ। ਉਸ ਦੇ ਸਬੰਧ ਕੈਲੀਫ਼ੋਰਨੀਆ ਦੇ ਸੈਕਰਾਮੈਂਟੋ ਅਤੇ ਫ੍ਰੈਜ਼ਨੋ ਤੋਂ ਇਲਾਵਾ ਕੈਨੇਡਾ, ਭਾਰਤ ਅਤੇ ਮੈਕਸੀਕੋ ਨਾਲ ਵੀ ਦੱਸੇ ਗਏ ਹਨ।

 

ਐੱਫ਼ਬੀਆਈ ਦੀ ਇਹ ਕਾਰਵਾਈ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਅਮਰੀਕੀ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ 'ਤੇ 18 ਜੂਨ 2023 ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਹਨ। ਅਮਰੀਕੀ ਅਦਾਲਤ ਵਿੱਚ ਦਾਖ਼ਲ ਦਸਤਾਵੇਜ਼ਾਂ ਅਨੁਸਾਰ ਦੋਵਾਂ 'ਤੇ ਵਿਦੇਸ਼ ਅਤੇ ਜੇਲ੍ਹ ਵਿੱਚ ਬੈਠ ਕੇ ਕਤਲ ਦੀ ਯੋਜਨਾ ਬਣਾਉਣ ਅਤੇ ਹਮਲਾਵਰਾਂ ਨੂੰ ਹਦਾਇਤਾਂ ਦੇਣ ਦੇ ਦੋਸ਼ ਹਨ।

 

ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਦੋਵਾਂ ਦੇ ਨਿਰਦੇਸ਼ਾਂ 'ਤੇ ਦੋ ਹਮਲਾਵਰਾਂ ਨੇ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਇਸ ਮਾਮਲੇ ਦੀ ਜਾਂਚ ਅਮਰੀਕਾ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਵੱਖ-ਵੱਖ ਪੱਧਰਾਂ 'ਤੇ ਕਰ ਰਹੀਆਂ ਹਨ। ਹਾਲਾਂਕਿ, ਇਨ੍ਹਾਂ ਦੋਸ਼ਾਂ ਬਾਰੇ ਗੋਲਡੀ ਬਰਾੜ ਜਾਂ ਲਾਰੈਂਸ ਬਿਸ਼ਨੋਈ ਵੱਲੋਂ ਅਜੇ ਤੱਕ ਕੋਈ ਜਨਤਕ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

 

ਐੱਫ਼ਬੀਆਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਗੋਲਡੀ ਬਰਾੜ ਦੇ ਟਿਕਾਣੇ ਜਾਂ ਉਸ ਦੀਆਂ ਗਤੀਵਿਧੀਆਂ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਏਜੰਸੀ ਨਾਲ ਸੰਪਰਕ ਕਰਨ। ਏਜੰਸੀ ਦਾ ਕਹਿਣਾ ਹੈ ਕਿ ਇਸ ਇਨਾਮੀ ਐਲਾਨ ਦਾ ਉਦੇਸ਼ ਮੁਲਜ਼ਮ ਦੀ ਜਲਦੀ ਗ੍ਰਿਫ਼ਤਾਰੀ ਯਕੀਨੀ ਬਣਾਉਣਾ ਅਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਕਰਨਾ ਹੈ।

Comments

Leave A Comment

Required fields are marked (*).

Related

Talk to us?