ADVERTISEMENT

ADVERTISEMENT

ਲਾਪਤਾ ਭਾਰਤੀ ਵਿਦਿਆਰਥਣ ਦੀ ਭਾਲ ਲਈ FBI ਵੱਲੋਂ 10,000 ਡਾਲਰ ਇਨਾਮ ਦਾ ਐਲਾਨ

ਉਸਨੂੰ ਆਖਰੀ ਵਾਰ 29 ਅਪ੍ਰੈਲ 2019 ਦੀ ਸ਼ਾਮ ਨੂੰ ਜਰਸੀ ਸਿਟੀ ਵਿੱਚ ਆਪਣੇ ਅਪਾਰਟਮੈਂਟ ਤੋਂ ਨਿਕਲਦੇ ਦੇਖਿਆ ਗਿਆ ਸੀ

 ਮਯੂਸ਼ੀ ਭਗਤ  ਮਯੂਸ਼ੀ ਭਗਤ / FBI

ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ 13 ਅਪ੍ਰੈਲ ਨੂੰ ਇੱਕ ਲਾਪਤਾ ਭਾਰਤੀ ਮੂਲ ਦੀ ਵਿਦਿਆਰਥਣ ਦੇ ਮਾਮਲੇ ਵਿੱਚ 10,000 ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। FBI ਨੇ ਕਿਹਾ ਹੈ ਕਿ ਇਹ ਇਨਾਮ ਉਸ ਦੀ ਲੋਕੇਸ਼ਨ ਜਾਂ ਬਰਾਮਦਗੀ ਬਾਰੇ ਜਾਣਕਾਰੀ ਦੇਣ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ, ਗ੍ਰਿਫਤਾਰੀ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਲਈ ਦਿੱਤਾ ਜਾਵੇਗਾ।

ਲਾਪਤਾ ਹੋਈ ਲੜਕੀ, ਮਯੂਸ਼ੀ ਭਗਤ, ਨੂੰ ਆਖਰੀ ਵਾਰ 29 ਅਪ੍ਰੈਲ 2019 ਦੀ ਸ਼ਾਮ ਨੂੰ ਜਰਸੀ ਸਿਟੀ ਵਿੱਚ ਆਪਣੇ ਅਪਾਰਟਮੈਂਟ ਤੋਂ ਨਿਕਲਦੇ ਦੇਖਿਆ ਗਿਆ ਸੀ। ਉਸਦੇ ਪਰਿਵਾਰ ਨੇ 1 ਮਈ 2019 ਨੂੰ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ ਅਤੇ ਉਦੋਂ ਤੋਂ ਉਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਹੈ। ਮਯੂਸ਼ੀ 2016 ਵਿੱਚ F-1 ਸਟੂਡੈਂਟ ਵੀਜ਼ਾ 'ਤੇ ਅਮਰੀਕਾ ਗਈ ਸੀ। ਉਸਨੇ ਸ਼ੁਰੂ ਵਿੱਚ ਨਿਊ ਹੈਂਪਸ਼ਾਇਰ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ, ਪਰ ਬਾਅਦ ਵਿੱਚ ਉਹ ਨਿਊਯਾਰਕ ਸਿਟੀ ਦੇ 'ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ' ਵਿੱਚ ਚਲੀ ਗਈ ਸੀ।

FBI ਦੁਆਰਾ ਜਾਰੀ ਕੀਤੇ ਗਏ ਵੇਰਵਿਆਂ ਅਨੁਸਾਰ ਮਯੂਸ਼ੀ ਦਾ ਜਨਮ 12 ਜੁਲਾਈ, 1994 ਨੂੰ ਹੋਇਆ ਅਤੇ ਉਸਦਾ ਕੱਦ 5 ਫੁੱਟ 10 ਇੰਚ ਹੈ। ਉਹ ਦਿਖਣ ਵਿਚ ਦਰਮਿਆਨੇ ਸਰੀਰਕ ਬਣਤਰ ਵਾਲੀ, ਕਾਲੇ ਵਾਲ ਅਤੇ ਭੂਰੀਆਂ ਅੱਖਾਂ ਵਾਲੀ ਹੈ ਜਿਸਦਾ ਭਾਰ ਲਗਭਗ 150-160 ਪੌਂਡ ਹੈ। ਉਹ ਅੰਗਰੇਜ਼ੀ, ਹਿੰਦੀ ਅਤੇ ਉਰਦੂ ਬੋਲਦੀ ਹੈ। ਨਿਊ ਜਰਸੀ ਦੇ ਸਾਊਥ ਪਲੇਨਫੀਲਡ ਇਲਾਕੇ ਵਿੱਚ ਉਸਦੇ ਜਾਣਕਾਰ ਹਨ। ਆਖਰੀ ਵਾਰ ਉਸਨੂੰ ਰੰਗਦਾਰ ਪਜਾਮਾ ਪੈਂਟ ਅਤੇ ਕਾਲੀ ਟੀ-ਸ਼ਰਟ ਦੇ ਕੱਪੜਿਆਂ ਵਿਚ ਦੇਖਿਆ ਗਿਆ ਸੀ। 

ਜਾਂਚਕਰਤਾਵਾਂ ਨੇ ਉਸਦੇ ਲਾਪਤਾ ਹੋਣ ਦੇ ਹਾਲਾਤਾਂ ਨੂੰ "ਸ਼ੱਕੀ" ਦੱਸਿਆ ਹੈ। ਸੰਘੀ ਅਤੇ ਸਥਾਨਕ ਏਜੰਸੀਆਂ ਵੱਲੋਂ ਇਸ ਮਾਮਲੇ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। FBI ਨੇ ਮਯੂਸ਼ੀ ਨੂੰ 2022 ਵਿੱਚ ਆਪਣੀ 'ਲਾਪਤਾ ਵਿਅਕਤੀਆਂ ਦੀ ਸੂਚੀ' ਵਿੱਚ ਸ਼ਾਮਲ ਕੀਤਾ ਸੀ ਅਤੇ ਸਮੇਂ-ਸਮੇਂ 'ਤੇ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਜਾਂਦੀ ਰਹੀ ਹੈ। ਹਾਲਾਂਕਿ, ਹੁਣ ਤੱਕ ਇਸ ਮਾਮਲੇ ਵਿੱਚ ਕੋਈ ਪੁਖਤਾ ਸਫ਼ਲਤਾ ਹਾਸਲ ਨਹੀਂ ਹੋਈ ਹੈ।

ਉਸਦੇ ਲਾਪਤਾ ਹੋਣ ਦੇ ਲਗਭਗ ਸੱਤ ਸਾਲਾਂ ਬਾਅਦ ਵੀ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਕਿਸੇ ਵੀ ਜਾਣਕਾਰੀ ਵਾਲੇ ਵਿਅਕਤੀ ਨੂੰ ਤੁਰੰਤ FBI ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Comments

Leave A Comment

Required fields are marked (*).

Related

Talk to us?