ADVERTISEMENT

ADVERTISEMENT

ਬਸੰਤ ਪੰਚਮੀ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦਾ ਵਿਆਹ ਪੁਰਬ

ਬਸੰਤ ਪੰਚਮੀ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦਾ ਵਿਆਹ ਪੁਰਬ / Staff Reporter

‘ਸਾਹਿਬੇ- ਏ-ਕਮਾਲ’ ਅੰਮ੍ਰਿਤ ਦੇ ਦਾਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀਤੋ ਜੀ ਨਾਲ ਬਸੰਤ ਪੰਚਮੀ ਦੇ ਦਿਨ 1677ਈ: ਨੂੰ ਆਨੰਦ ਕਾਰਜ ਰਚਾਇਆ। ਜਿਸ ਅਸਥਾਨ ‘ਤੇ ਖਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦੇ ਵਿਆਹ ਦੀਆਂ ਰਸਮਾਂ ਹੋਈਆਂ, ਉਸ ਅਸਥਾਨ ਨੂੰ ਸਿੱਖ ਜਗਤ ਗੁਰੂ ਕੇ ਲਾਹੌਰ ਦੇ ਨਾਂਅ ਨਾਲ ਜਾਣਦਾ ਹੈ। ਗੁਰੂ ਕਾ ਲਾਹੌਰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਦੇ ਕਰੀਬ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਬਸੰਤਗੜ੍ਹ ਨੇੜੇ ਸਥਿਤ ਹੈ।

ਸੁੰਦਰ ਪਹਾੜੀਆਂ ’ਚ ਸ਼ੁਸ਼ੋਭਿਤ ਇਸ ਗੁਰਦੁਆਰਾ ਗੁਰੂ ਕਾ ਲਾਹੌਰ ਸਾਹਿਬ ਦੀ ਇਮਾਰਤ ਬਹੁਤ ਉੱਚੀ ਹੈ ਅਤੇ ਇਸ ਦੀਆਂ ਪੌੜੀਆਂ ਦੀ ਕਾਫ਼ੀ ਚੜ੍ਹਾਈ ਚੜ ਕੇ ਪ੍ਰਕਾਸ਼ ਅਸਥਾਨ ’ਤੇ ਪਹੁੰਚ ਹੁੰਦਾ ਹੈ। ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਅਸਥਾਨ ’ਤੇ ਲਾਹੌਰ ਨਿਵਾਸੀ ਭਾਈ ਹਰਜਸ ਦੀ ਸਪੁੱਤਰੀ ਮਾਤਾ ਜੀਤੋ  ਜੀ ਦਾ ਅਨੰਦ ਕਾਰਜ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ ਸੀ।

ਜਦੋਂ ਹਰਜਸ ਜੀ ਨੇ ਆਪਣੀ ਪੁੱਤਰੀ ਜੀਤੋ ਜੀ ਦੀ ਮੰਗਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤੀ ਤਾਂ ਇੱਛਾ ਜਾਹਰ ਕੀਤੀ ਕਿ ਗੁਰੂ ਸਾਹਿਬ ਜੰਝ ਲੈ ਕੇ ਲਾਹੌਰ ਆਉਣ। ਸਮੇਂ ਦੀ ਨਜਾਕਤ ਸਮਝਦਿਆਂ ਗੁਰੂ ਜੀ ਨੇ ਲਾਹੌਰ ਜਾਣ ਠੀਕ ਨਾ ਸਮਝਿਆ ਅਤੇ ਸਿੱਖਾਂ ਨੂੰ ਹੁਕਮ ਦੇ ਕੇ ਪਿੰਡ ਬਸੰਤਗੜ ਨੇੜੇ ਹੀ ਸ਼ਹਿਰ “ਗੁਰੂ ਕਾ ਲਾਹੌਰ” ਰੱਚ ਦਿੱਤਾ। ਭਾਈ ਹਰਜਸ, ਉਨ੍ਹਾਂ ਦੇ ਪਰਿਵਾਰ ਅਤੇ ਸਬੰਧੀਆਂ ਨੇ ਇਸੇ ਥਾਂ ਆਪਣਾ ਨਿਵਾਸ ਕੀਤਾ। ਇਸ ਨਗਰ ਦਾ ਨਾਮ ਸਤਿਗੁਰੂ ਜੀ ਨੇ ਆਪ “ਗੁਰੂ ਕਾ ਲਾਹੌਰ” ਰੱਖਿਆ। ਇਸ ਅਸਥਾਨ ‘ਤੇ ਸਤਿਗੁਰਾਂ ਦੇ ਵਿਆਹ ਦਾ ਪੁਰਬ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।

ਗੁਰੂ ਕਾ ਲਾਹੌਰ ’ਚ ਨੇੜੇ-ਨੇੜੇ ਤਿੰਨ ਗੁਰਦੁਆਰਾ ਸਾਹਿਬ ਹਨ। ਪਹਿਲਾ ਉਹ ਥਾਂ ਜਿੱਥੇ ਅਨੰਦਕਾਰਜ ਸੰਪੂਰਣ ਹੋਇਆ। ਦੂਜਾ ਗੁਰਦੁਆਰਾ ਪੌੜ ਸਾਹਿਬ ਹੈ ਜਿੱਥੇ ਕਲਗੀਧਰ ਪਾਤਸ਼ਾਹ ਜੀ ਦੇ ਘੋੜੇ ਨੇ ਆਪਣਾ ਪੌੜ ਧਰਤੀ ’ਤੇ ਮਾਰਿਆ ਤੇ ਪਾਣੀ ਦਾ ਚਸ਼ਮਾ ਫੁੱਟ ਪਿਆ। ਤੀਜਾ ਗੁਰਦੁਆਰਾ ਤ੍ਰਵੈਣੀ ਸਾਹਿਬ ਗੁਰਦੁਆਰਾ ਪੌੜ ਸਾਹਿਬ ਦੇ ਕੋਲ ਹੀ ਹੈ।

 

ਬਸੰਤ ਪੰਚਮੀ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦਾ ਵਿਆਹ ਪੁਰਬ / Staff Reporter

ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀਤੋ ਜੀ ਦੇ ਅਨੰਦਕਾਰਜ ਵਿਆਹ ਪੁਰਬ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜੋੜ ਮੇਲੇ ਦੇ ਪਹਿਲੇ ਦਿਨ ਗੁਰਦੁਆਰਾ ਗੁਰੂ ਕੇ ਮਹਿਲ (ਭੋਰਾ ਸਾਹਿਬ) ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ ਅਤੇ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਕਰਦਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਦੇ ਬਜ਼ਾਰਾਂ ਵਿਚ ਦੀ ਹੁੰਦਾ ਹੋਇਆ ਗੁਰਦੁਆਰਾ ਸਿਹਰਾ ਸਾਹਿਬ ਵਿਖੇ ਰੁਕਿਆ ਜਿੱਥੇ ਸਜੇ ਦੀਵਾਨ ਵਿਚ ਰਾਗੀ-ਢਾਡੀਆਂ ਵਲੋਂ ਸੰਗਤ ਨੂੰ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ ਗਿਆ ਉਪਰੰਤ ਨਗਰ ਕੀਰਤਨ ਗੁਰਦੁਆਰਾ ਤ੍ਰਿਵੈਣੀ ਸਾਹਿਬ, ਗੁਰਦੁਆਰਾ ਪੌੜ ਸਾਹਿਬ ਤੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਸਮਾਪਤ ਹੋਇਆ।

Comments

Related