ADVERTISEMENT

ADVERTISEMENT

ਟਰੰਪ ਦੇ ਟੈਰਿਫ ਤੋਂ ਨਾਰਾਜ਼ ਭਾਰਤ ਨੇ ਅਮਰੀਕਾ ਨਾਲ ਰੱਖਿਆ ਸੌਦੇ 'ਤੇ ਲਾਈ ਬ੍ਰੇਕ: ਰਿਪੋਰਟ

ਰਾਇਟਰਜ਼ ਨੇ ਤਿੰਨ ਭਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤ ਨੇ ਅਮਰੀਕਾ ਤੋਂ ਹਥਿਆਰਾਂ ਦੀ ਖਰੀਦ ਰੋਕ ਦਿੱਤੀ ਹੈ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤੀ ਸਾਮਾਨ 'ਤੇ ਭਾਰੀ ਟੈਰਿਫ ਲਗਾਉਣ ਤੋਂ ਬਾਅਦ, ਭਾਰਤ ਨੇ ਅਮਰੀਕਾ ਤੋਂ ਹਥਿਆਰਾਂ ਅਤੇ ਜਹਾਜ਼ਾਂ ਦੀ ਖਰੀਦ ਦੀਆਂ ਨਵੀਆਂ ਯੋਜਨਾਵਾਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਇਹ ਦਾਅਵਾ ਰਾਇਟਰਜ਼ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਤਿੰਨ ਭਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਕੀਤਾ ਗਿਆ ਹੈ। ਇਸ ਨੂੰ ਅਮਰੀਕਾ ਵਿਰੁੱਧ ਭਾਰਤ ਦਾ ਪਹਿਲਾ ਠੋਸ ਕਦਮ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਵਿਗੜ ਗਏ ਹਨ। 

ਹਾਲਾਂਕਿ, ਇਸ ਰਿਪੋਰਟ ਦੇ ਪ੍ਰਕਾਸ਼ਨ ਤੋਂ ਬਾਅਦ, ਭਾਰਤ ਸਰਕਾਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਇਸਨੂੰ ਝੂਠਾ ਅਤੇ ਮਨਘੜਤ ਦੱਸਿਆ ਅਤੇ ਕਿਹਾ ਕਿ ਰੱਖਿਆ ਖਰੀਦ ਪ੍ਰਕਿਰਿਆ ਪਹਿਲਾਂ ਤੋਂ ਨਿਰਧਾਰਤ ਢਾਂਚੇ ਦੇ ਅਨੁਸਾਰ ਅੱਗੇ ਵਧ ਰਹੀ ਹੈ। ਪਰ ਰਾਇਟਰਜ਼ ਦੇ ਅਨੁਸਾਰ, ਟੈਰਿਫ ਵਿਵਾਦ ਕਾਰਨ ਸਟ੍ਰਾਈਕਰ ਲੜਾਕੂ ਵਾਹਨ ਅਤੇ ਜੈਵਲਿਨ ਐਂਟੀ-ਟੈਂਕ ਮਿਜ਼ਾਈਲ ਦੀ ਖਰੀਦ 'ਤੇ ਚਰਚਾ ਰੋਕ ਦਿੱਤੀ ਗਈ ਹੈ।

ਰੱਖਿਆ ਮੰਤਰੀ ਦਾ ਅਮਰੀਕਾ ਦੌਰਾ ਰੱਦ

ਦੋ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵਾਸ਼ਿੰਗਟਨ ਦਾ ਯੋਜਨਾਬੱਧ ਦੌਰਾ, ਜਿੱਥੇ ਕੁਝ ਵੱਡੇ ਰੱਖਿਆ ਸੌਦਿਆਂ ਦਾ ਐਲਾਨ ਕੀਤਾ ਜਾਣਾ ਸੀ, ਰੱਦ ਕਰ ਦਿੱਤਾ ਗਿਆ ਹੈ। ਇਸ ਦੌਰੇ ਦੌਰਾਨ ਛੇ ਬੋਇੰਗ P8I ਨਿਗਰਾਨੀ ਜਹਾਜ਼ਾਂ ਅਤੇ ਜਲ ਸੈਨਾ ਲਈ ਸਹਾਇਤਾ ਪ੍ਰਣਾਲੀਆਂ ਲਈ $3.6 ਬਿਲੀਅਨ ਦੇ ਸੌਦੇ ਦਾ ਐਲਾਨ ਕੀਤਾ ਜਾਣਾ ਸੀ।

ਭਾਰਤ ਟਰੰਪ ਦੇ ਟੈਰਿਫਾਂ ਤੋਂ ਨਾਰਾਜ਼ 

6 ਅਗਸਤ ਨੂੰ, ਰਾਸ਼ਟਰਪਤੀ ਟਰੰਪ ਨੇ ਭਾਰਤ ਦੇ ਨਿਰਯਾਤ 'ਤੇ 25% ਵਾਧੂ ਡਿਊਟੀ ਲਗਾਈ, ਜਿਸ ਨਾਲ ਕੁੱਲ ਡਿਊਟੀ ਕਿਸੇ ਵੀ ਅਮਰੀਕੀ ਭਾਈਵਾਲ ਦੇਸ਼ ਲਈ ਸਭ ਤੋਂ ਵੱਧ 50% ਹੋ ਗਈ। ਟਰੰਪ ਨੇ ਕਿਹਾ ਕਿ ਭਾਰਤ ਦੁਆਰਾ ਰੂਸੀ ਤੇਲ ਦੀ ਖਰੀਦ ਰੂਸ ਦੇ ਯੂਕਰੇਨ 'ਤੇ ਹਮਲੇ ਨੂੰ ਫੰਡ ਦਿੰਦੀ ਹੈ, ਇਸੇ ਕਰਕੇ ਟੈਰਿਫ ਲਗਾਏ ਗਏ ਸਨ।

ਅਮਰੀਕਾ ਤੋਂ ਦੂਰ, ਰੂਸ ਵੱਲ ਵੱਲ ਝੁਕਾਅ

ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਫਰਾਂਸ, ਇਜ਼ਰਾਈਲ ਅਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਤੋਂ ਹਥਿਆਰ ਖਰੀਦਣ ਵੱਲ ਵਧਿਆ ਹੈ। ਪਰ ਹੁਣ ਰੂਸ ਨੇ ਇੱਕ ਵਾਰ ਫਿਰ ਭਾਰਤ ਨੂੰ ਨਵੀਂ ਤਕਨਾਲੋਜੀ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ S-500, ਇੱਕ ਅਤਿ-ਆਧੁਨਿਕ ਮਿਜ਼ਾਈਲ ਪ੍ਰਣਾਲੀ ਸ਼ਾਮਲ ਹੈ। ਹਾਲਾਂਕਿ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਤੋਂ ਇਸ ਸਮੇਂ ਕਿਸੇ ਨਵੇਂ ਸੌਦੇ ਦੀ ਲੋੜ ਨਹੀਂ ਹੈ, ਪਰ ਭਾਰਤ ਰੂਸ ਤੋਂ ਪੂਰੀ ਤਰ੍ਹਾਂ ਵੱਖ ਨਹੀਂ ਹੋ ਸਕਦਾ ਕਿਉਂਕਿ ਭਾਰਤੀ ਫੌਜੀ ਪ੍ਰਣਾਲੀ ਵਿੱਚ ਰੂਸੀ ਸਮਰਥਨ ਅਜੇ ਵੀ ਜ਼ਰੂਰੀ ਹੈ।

ਅਮਰੀਕਾ ਅਤੇ ਭਾਰਤ ਵਿਚਕਾਰ ਰੱਖਿਆ ਸਹਿਯੋਗ - ਜਿਵੇਂ ਕਿ ਖੁਫੀਆ ਜਾਣਕਾਰੀ ਸਾਂਝੀ ਕਰਨਾ ਅਤੇ ਸਾਂਝੇ ਫੌਜੀ ਅਭਿਆਸ, ਚੀਨ ਵਿਰੁੱਧ ਰਣਨੀਤਕ ਭਾਈਵਾਲੀ ਦੇ ਹਿੱਸੇ ਵਜੋਂ ਜਾਰੀ ਹਨ, ਪਰ ਰੂਸ-ਯੂਕਰੇਨ ਯੁੱਧ, ਤੇਲ ਵਪਾਰ ਅਤੇ ਟਰੰਪ ਦੀ ਟੈਰਿਫ ਨੀਤੀ ਨੇ ਸਬੰਧਾਂ ਨੂੰ ਖਰਾਬ ਕਰ ਦਿੱਤਾ ਹੈ।

ਟਰੰਪ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਵ੍ਹਾਈਟ ਹਾਊਸ ਬੁਲਾਉਣ ਅਤੇ ਭਾਰਤ-ਪਾਕਿ ਟਕਰਾਅ ਵਿੱਚ ਅਮਰੀਕਾ ਦੀ ਵਿਚੋਲਗੀ ਦੇ ਦਾਅਵੇ ਨੇ ਵੀ ਨਵੀਂ ਦਿੱਲੀ ਨੂੰ ਠੇਸ ਪਹੁੰਚਾਈ ਹੈ।

Comments

Related