ADVERTISEMENT

ADVERTISEMENT

ਭਾਰਤੀ ਈ-ਵੀਜ਼ਾ ਪੋਰਟਲ ਵਿੱਚ ਖਰਾਬੀਆਂ ਦਾ ਅਮਰੀਕੀ ਇਨਵੈਸਟਰ ਨੇ ਉਡਾਇਆ ਮਜ਼ਾਕ

ਰੇਮੰਡ ਰੱਸਲ ਨੇ ਐਕਸ 'ਤੇ ਪੋਸਟ ਕੀਤਾ ਕਿ ਈ-ਵੀਜ਼ਾ ਵੈੱਬਸਾਈਟ "ਹਾਸੇਯੋਗ ਤੇ ਸ਼ਰਮਨਾਕ ਢੰਗ ਨਾਲ ਖਰਾਬ” ਹੈ

ਈ-ਵੀਜ਼ਾ ਪੋਰਟਲ / X/@raymondopolis

ਇੱਕ ਅਮਰੀਕੀ ਇਨਵੈਸਟਰ ਨੇ ਭਾਰਤ ਦੇ ਈ-ਵੀਜ਼ਾ ਪੋਰਟਲ ਦੀ ਆਲੋਚਨਾ ਕਰਦੇ ਹੋਏ, ਐਪਲੀਕੇਸ਼ਨ ਸਿਸਟਮ ਨੂੰ ਖਰਾਬੀਆਂ ਨਾਲ ਭਰਿਆ ਅਤੇ ਪ੍ਰਕਿਰਿਆ ਦੇ ਵਿਚਕਾਰ ਕ੍ਰੈਸ਼ ਹੋਣ ਵਾਲਾ ਦੱਸਿਆ। ਰੇਮੰਡ ਰੱਸਲ, ਜੋ ਭਾਰਤ ਲਈ ਬਿਜ਼ਨਸ ਵੀਜ਼ਾ ਲਈ ਅਰਜ਼ੀ ਦੇ ਰਹੇ ਸਨ, ਉਨ੍ਹਾਂ ਨੇ ਐਕਸ ‘ਤੇ ਲਿਖਿਆ ਕਿ ਈ-ਵੀਜ਼ਾ ਵੈੱਬਸਾਈਟ ਹਾਸੋਹੀਣੇ ਤੇ ਸ਼ਰਮਨਾਕ ਢੰਗ ਨਾਲ ਖਰਾਬ ਹੈ। ਉਨ੍ਹਾਂ ਕਿਹਾ ਕਿ ਪੋਰਟਲ ਅਜਿਹਾ ਲੱਗਦਾ ਹੈ ਜਿਵੇਂ 2003 ਵਿੱਚ ਬਣਾਇਆ ਹੋਇਆ ਹੋਵੇ, ਇਹ ਉਮੀਦਵਾਰਾਂ ਦੀ ਸਾਰੀ ਪ੍ਰੋਗ੍ਰੈਸ ਬਿਨਾਂ ਸੇਵ ਕੀਤੇ ਲੌਗਆਉਟ ਕਰ ਦਿੰਦਾ ਹੈ ਅਤੇ ਅਕਸਰ ਪਹਿਲੀ ਕੋਸ਼ਿਸ਼ ਵਿੱਚ ਭੁਗਤਾਨ ਪ੍ਰਕਿਰਿਆ ਵਿੱਚ ਅਸਫਲ ਰਹਿੰਦਾ ਹੈ।

ਆਪਣੀ ਅਰਜ਼ੀ ਦੌਰਾਨ, ਉਨ੍ਹਾਂ ਨੂੰ ਇੱਕ ਅਜੀਬ ਖਰਾਬੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਇੱਕ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ ਲਿਖਿਆ, "ਕਾਰੋਬਾਰੀ ਵੀਜ਼ਾ ਅਰਜ਼ੀ ਦੇ ਅੱਧ ਵਿਚਕਾਰ, ਇਹ ਹਰ ਭਾਰਤੀ ਰਾਜ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਦੀ ਸੂਚੀ ਪ੍ਰਦਰਸ਼ਿਤ ਕਰਦਾ ਹੈ??" ਉਨ੍ਹਾਂ ਅੱਗੇ ਕਿਹਾ, “ਭਾਈਓ, ਮੈਂ ਤਾਂ ਸਿਰਫ਼ ਤੁਹਾਡੇ ਦੇਸ਼ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ!”

ਰਸਲ ਨੇ ਇਹ ਵੀ ਨੋਟ ਕੀਤਾ ਕਿ ਫਾਰਮ ਲਈ ਬਿਨੈਕਾਰਾਂ ਨੂੰ ਪਿਛਲੇ 10 ਸਾਲਾਂ ਵਿੱਚ ਯਾਤਰਾ ਕੀਤੇ ਸਾਰੇ ਦੇਸ਼ਾਂ ਦੀ ਸੂਚੀ ਦੇਣ ਦੀ ਲੋੜ ਸੀ, ਪਰ 20 ਤੋਂ ਵੱਧ ਐਂਟਰੀਆਂ ਦੀ ਇਜਾਜ਼ਤ ਨਹੀਂ ਸੀ। ਉਸਦੀ ਪੋਸਟ ਨੂੰ 24 ਘੰਟਿਆਂ ਦੇ ਅੰਦਰ ਲਗਭਗ ਇੱਕ ਮਿਲੀਅਨ ਵਿਊਜ਼ ਮਿਲੇ।

ਟਿੱਪਣੀਆਂ ਵਿਚ ਭਾਰਤੀ ਯੂਜ਼ਰਾਂ ਨੇ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਅਤੇ ਦਲੀਲ ਦਿੱਤੀ ਕਿ ਰੱਸਲ ਦੀਆਂ ਇਹ ਮੁਸ਼ਕਲਾਂ ਉਹਨਾਂ ਸਮੱਸਿਆਵਾਂ ਦੇ ਮੁਕਾਬਲੇ ਬਹੁਤ ਘੱਟ ਹਨ, ਜਿਹਨਾਂ ਦਾ ਸਾਹਮਣਾ ਭਾਰਤੀ ਨਾਗਰਿਕ ਅਮਰੀਕਾ, ਬਰਤਾਨੀਆ ਜਾਂ ਸ਼ੈਨੇਗਨ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਕਰਦੇ ਹਨ।

ਇੱਕ ਯੂਜ਼ਰ ਨੇ ਲਿਖਿਆ: “ਨਹੀਂ, ਇਹ ਠੀਕ ਨਹੀਂ ਹੋਣਾ ਚਾਹੀਦਾ। ਇਸ ਨਾਲ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਭਾਰਤੀਆਂ ਲਈ ਵੀਜ਼ਾ ਪ੍ਰਕਿਰਿਆ ਕਿੰਨੀ ਨਿਰਾਸ਼ਾਜਨਕ ਹੁੰਦੀ ਹੈ। ਇਹ ਤਾਂ ਅਮਰੀਕੀ/ਯੂਕੇ/ਸ਼ੈਨੇਗਨ ਵੀਜ਼ਾ ਲਈ ਭਾਰਤੀਆਂ ਦੇ ਦੁੱਖ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਹੈ।”

ਕਈਆਂ ਨੇ ਅਮਰੀਕੀ ਸਿਸਟਮ ਦੀ ਲੰਬੀ ਉਡੀਕ, ਵਧੇਰੇ ਕਾਗਜ਼ੀ ਕਾਰਵਾਈ ਅਤੇ ਬਾਰ-ਬਾਰ ਪ੍ਰਸ਼ਾਸਨਿਕ ਜਾਂਚਾਂ ਦਾ ਜ਼ਿਕਰ ਕੀਤਾ। ਇੱਕ ਹੋਰ ਯੂਜ਼ਰ ਨੇ ਕਿਹਾ, “ਤੁਹਾਨੂੰ ਸ਼ਾਇਦ ਪਤਾ ਨਹੀਂ, ਪਰ ਯੂ.ਐਸ. ਦਾ ਬਿਜ਼ਨਸ ਵੀਜ਼ਾ ਸਿਸਟਮ ਇਸ ਤੋਂ ਵੀ ਜ਼ਿਆਦਾ ਪੁਰਾਣਾ ਤੇ ਥਕਾਉਣ ਵਾਲਾ ਹੈ।“

ਤੀਜੇ ਯੂਜ਼ਰ ਨੇ ਅੱਗੇ ਕਿਹਾ, "ਅਸਲ ਦਰਦ ਨੂੰ ਸਮਝਣ ਲਈ ਭਾਰਤੀ ਬਣ ਕੇ ਅਮਰੀਕੀ ਵੀਜ਼ਾ ਲਈ ਅਰਜ਼ੀ ਦੇਣ ਦੀ ਕੋਸ਼ਿਸ਼ ਕਰੋ।" ਕੁਝ ਲੋਕਾਂ ਨੇ ਦੋਵਾਂ ਦੇਸ਼ਾਂ ਦੀਆਂ ਡਿਜ਼ਿਟਲ ਪ੍ਰਕਿਰਿਆਵਾਂ ਦਾ ਤੁਲਨਾਤਮਕ ਜ਼ਿਕਰ ਕੀਤਾ। ਇੱਕ ਯੂਜ਼ਰ ਨੇ ਲਿਖਿਆ, “ਭਾਰਤ ਦੇ ਈ-ਵੀਜ਼ਾ ਲਈ ਦਾਖ਼ਲੇ ਦਾ ਮੇਰਾ ਅਨੁਭਵ ਯੂ.ਐਸ. ਪਾਸਪੋਰਟ ਰੀਨਿਊ ਕਰਨ ਦੀ ਪ੍ਰਕਿਰਿਆ ਨਾਲੋਂ ਕਿਤੇ ਵਧੀਆ ਰਿਹਾ ਹੈ। ਕਦੇ USPS ਦੇ ਤਿੱਖੇ ਮਿਜਾਜ਼ ਵਾਲੇ ਕਰਮਚਾਰੀਆਂ ਨਾਲ ਨਜਿੱਠਿਆ ਹੈ?”

ਕਈ ਭਾਰਤੀ ਯੂਜ਼ਰ ਵੀ ਰੱਸਲ ਦੀਆਂ ਗੱਲਾਂ ਨਾਲ ਸਹਿਮਤ ਨਜ਼ਰ ਆਏ ਅਤੇ ਸਰਕਾਰੀ ਵੈਬਸਾਈਟਾਂ ਦੀ ਘੱਟ ਗੁਣਵੱਤਾ ਬਾਰੇ ਲੰਬੇ ਸਮੇਂ ਤੋਂ ਚੱਲ ਰਹੀਆਂ ਸ਼ਿਕਾਇਤਾਂ ਨੂੰ ਦੁਹਰਾਇਆ। ਇੱਕ ਯੂਜ਼ਰ ਨੇ ਲਿਖਿਆ, “ਮੈਂ ਕਦੇ ਵੀ ਉੱਚ ਗੁਣਵੱਤਾ ਵਾਲੀ ਭਾਰਤੀ ਵੈੱਬਸਾਈਟ ਨਹੀਂ ਵੇਖੀ।“ ਦੂਜੇ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਕੋਈ ਗੈਰ-ਭਾਰਤੀ ਇਹ ਦੱਸ ਰਿਹਾ ਹੈ ਕਿ ਕੇਂਦਰ ਸਰਕਾਰ ਦੀਆਂ ਵੈੱਬਸਾਈਟਾਂ ਕਿੰਨੀਆਂ ਖ਼ਰਾਬ ਹਨ।“

ਟਰੈਵਲ ਫੋਰਮਾਂ ਅਤੇ ਬਾਹਰੀ ਵੀਜ਼ਾ-ਜਾਣਕਾਰੀ ਪਲੇਟਫ਼ਾਰਮਾਂ ਨੇ ਵੀ ਈ-ਵੀਜ਼ਾ ਪੋਰਟਲ ‘ਤੇ ਲਗਾਤਾਰ ਤਕਨੀਕੀ ਗਲਤੀਆਂ ਦਰਜ ਕੀਤੀਆਂ ਹਨ।

Comments

Related