ਸ਼੍ਰੀ ਅਕਾਲ ਤਖ਼ਤ ਸਾਹਿਬ / Wikipedia
ਸਿੱਖ ਕੌਮ ਦੇ ਸਭ ਤੋਂ ਮੁਕੱਦਸ ਅਸਥਾਨ, ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਹੀ ਹਰੇਕ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਨਤਮਸਤਕ ਹੁੰਦਾ ਹੈ ਅਤੇ ਸਿੱਖ ਧਾਰਮਿਕ ਪ੍ਰਭੂਸੱਤਾ ਦਾ ਮੁੱਖ ਕੇਂਦਰ ਅਤੇ ਸਿੱਖ ਰਾਜਨੀਤਿਕ ਇਕੱਠਾਂ ਲਈ ਇਹ ਇੱਕ ਕੇਂਦਰੀ ਸਥਾਨ ਵੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਦਰਅਸਲ ਦੋ ਸ਼ਬਦਾਂ ਦਾ ਸੁਮੇਲ ਹੈ। ‘ਅਕਾਲ’ ਭਾਵ ਪਰਮਾਤਮਾ ਜਿਸ ਉਪਰ ਕਾਲ ਭਾਵ ਸਮੇਂ ਦਾ ਅਸਰ ਨਹੀਂ ਅਤੇ ‘ਤਖ਼ਤ’ ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਸ਼ਾਹੀ ਤਖ਼ਤ ਜਾਂ ਰਾਜ ਸਿੰਘਾਸਣ। ਇਸ ਤਰਾਂ ਅਕਾਲ ਤਖ਼ਤ ਦਾ ਭਾਵ, ਉਹ ਤਖ਼ਤ ਜੋ ਸਦਾ ਕਾਇਮ ਰਹਿਣ ਵਾਲਾ ਹੈ। ਦੂਜੇ ਸ਼ਬਦਾਂ ’ਚ ‘ਤਖ਼ਤ’ ਸ਼ਬਦ ਦਾ ਅਰਥ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਨ ਵੀ ਹੈ ਜਿੱਥੋਂ ਵੱਡੇ ਅਤੇ ਅਹਿਮ ਫੈਸਲੇ ਲਏ ਜਾਂਦੇ ਹਨ।
ਇਸ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੱਦੀ ਨਸ਼ੀਨੀ 26 ਹਾੜ ਸੁਦੀ 10, 1663 ਬਿਕਰਮੀ ਜਾਂ 24 ਜੂਨ 1606 ਨੂੰ ਹੋਈ ਸੀ। 6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਤੇ ਦੂਜੀ ਖੱਬੇ ਪਾਸੇ। ਉਨਾਂ ਫ਼ੁਰਮਾਇਆ ਕਿ ਉਨਾਂ ਨੇ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ। ਜਿਨਾਂ ਵਿਚੋਂ ਇੱਕ ‘ਮੀਰੀ’ ਦੀ ਪ੍ਰਤੀਕ ਹੈ ਤੇ ਦੂਜੀ ‘ਪੀਰੀ’ ਦੀ। ਇਸ ਉਪਰੰਤ 15 ਜੂਨ 1606 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦਾ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਅਤੇ ਸੰਗਤਾਂ ਦੇ ਨਾਂਅ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਟਾ ਵਿੱਚ ਲਿਆਉਣ ਤੋਂ ਇਲਾਵਾ ਸ਼ਸਤਰ ਅਤੇ ਘੋੜੇ ਆਦਿ ਭੇਂਟ ਕਰਨ ਦੇ ਬਚਨ ਕੀਤੇ। ਇਸ ਤਖ਼ਤ ਉੱਪਰ ਜੋ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂਅ ‘ਅਕਾਲ ਬੁੰਗਾ’ ਰੱਖਿਆ ਗਿਆ। ਭਾਈ ਗੁਰਦਾਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਧਾਰਮਿਕ ਕਾਰਜ (ਜਥੇਦਾਰ) ਥਾਪਿਆ ਗਿਆ। ਇਸ ਇਮਾਰਤ ਦੇ ਦਰਸ਼ਨੀ ਡਿਉੜੀ ਵਾਲੇ ਪਾਸੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼ਾਮ ਵੇਲੇ ਆਪਣਾ ਸਿੰਘਾਸਨ ਲਗਾਉਂਦੇ ਸਨ ਅਤੇ ਖੁੱਲੇ ਮੈਦਾਨ ਵਿੱਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਸਨ, ਨਾਲੇ ਸ਼ਸਤ੍ਰਾਂ ਦਾ ਅਭਿਆਸ ਕੀਤਾ ਜਾਂਦਾ ਸੀ।
ਸਿੱਖ ਕੌਮ ਦੇ ਇਤਿਹਾਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਇੱਕ ਸਿਧਾਂਤ ਅਤੇ ਇੱਕ ਸੰਕਲਪ ਦੇ ਰੂਪ ਵਿੱਚ ਹੋਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਸਮਝਣ ਤੋਂ ਪਹਿਲਾਂ ਅਕਾਲ ਪੁਰਖ ਦੇ ਸਰੂਪ, ਉਸ ਦੀ ਸ਼ਕਤੀ ਅਤੇ ਉਸ ਦੀ ਰਚਨਾ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅਕਾਲ ਪੁਰਖ ਇੱਕ ਨਿਰਲੇਪ, ਨਿਰਾਕਾਰ, ਨਿਰਭਉ ਅਤੇ ਨਿਰਵੈਰ ਸਰਬ ਵਿਆਪੀ ਸਰਬਕਾਲੀ ਹਸਤੀ ਹੈ। ਗੁਰੂ ਸਾਹਿਬ ਦਾ ਸਮੇਂ ਭਾਰਤ ਦੇ ਸਮੁੱਚੇ ਖੇਤਰ ਵਿੱਚ ਸੱਚ, ਧਰਮ ਤੇ ਨਿਆ ਦੀ ਥਾਂ ਜਬਰ, ਜ਼ੁਲਮ ਅਤੇ ਜ਼ੋਰ ਦਾ ਰਾਜ ਸੀ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਰਗੇ ਸ਼ਾਂਤੀ ਦੇ ਪੁੰਜ, ਇੱਕ ਸਰਬ ਸਾਂਝੇ ਧਰਮ ਦੇ ਰਹਿਬਰ ਅਤੇ ਜਗਤ ਜਲੰਦੇ ਦਾ ਭਲਾ ਮੰਗਣ ਵਾਲੇ ਪਰਉਪਕਾਰੀ ਮਹਾਂਪੁਰਖ ਨੂੰ ਬਿਨਾਂ ਕਿਸੇ ਠੋਸ ਵਜਾ, ਬਿਨਾਂ ਕਿਸੇ ਸੁਣਵਾਈ ਦੇ ਲਾਹੌਰ ਵਿੱਚ ਕਸ਼ਟ ਅਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅਜਿਹੇ ਜ਼ਾਲਮ ਰਾਜ ਵਿੱਚ ਆਮ ਮਨੁੱਖ ਨੂੰ ਇਨਸਾਫ ਮਿਲਣਾ ਤਾਂ ਹੋਰ ਵੀ ਬਹੁਤ ਦੂਰ ਦੀ ਗੱਲ ਸੀ। ਗੁਰੂ ਸਾਹਿਬ ਅਕਾਲ ਪੁਰਖ ਦੇ ਤਖਤ ਨਾਲ ਜੁੜੇ ਹੋਏ ਸਨ ਅਤੇ ਇਸ ਲਈ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਉਸ ਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਾਂਤ ਅਤੇ ਅਡੋਲ ਰਹਿੰਦਿਆਂ ਆਪਣਾ ਆਪ ਕੁਰਬਾਨ ਕਰ ਦਿੱਤਾ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ (ਪੀਰੀ) ਅਤੇ ਸਿਪਾਹੀ (ਰਾਜਸੀ ਤਾਕਤ, ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਅਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨਾਂ ਤੋਂ ਪਹਿਲਾਂ ਦੋਹਾਂ ਸੰਕਲਪਾਂ ਨੂੰ ਇਕੱਠਿਆਂ ਕਰਨ ਦਾ ਵਿਸ਼ਵ ਇਤਿਹਾਸ ‘ਚ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਹੁੰਦੀ ਰਹੀ ਸੀ ਕਿਉਂਕਿ ਆਮ ਧਾਰਨਾ ਇਹੀ ਮੰਨੀ ਜਾਂਦੀ ਸੀ ਕਿ ਸਿਮਰਨ ਅਤੇ ਤਲਵਾਰ ਇਕੱਠਿਆਂ ਨਹੀਂ ਹੋ ਸਕਦੇ। ਗੁਰੂ ਸਾਹਿਬ ਨੇ ਇਹ ਵੀ ਫ਼ੁਰਮਾਇਆ ਸੀ ਕਿ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ, ਅੱਗੋਂ ਤੋਂ ਧਰਮ ਅਤੇ ਰਾਜਨੀਤੀ ਇੱਕ ਹੋਣਗੇ ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਵਿੱਚ ਜਿੱਥੇ ਰੂਹਾਨੀ ਕੀਰਤਨ ਹੁੰਦਾ ਹੈ, ਉਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੂਰਮਿਆਂ ਵਿੱਚ ਜੋਸ਼ ਭਰਨ ਲਈ ਢਾਡੀਆਂ ਵੱਲੋਂ ਢੱਡ ਸਾਰੰਗੀ ਨਾਲ ਵਾਰਾਂ ਗਾਉਣ ਦੀ ਪਰੰਪਰਾ ਸ਼ੁਰੂ ਕੀਤੀ। ਇਸੇ ਲਈ ਉਨਾਂ ਨੂੰ ਢਾਡੀ ਕਲਾ ਦਾ ਬਾਨੀ ਮੰਨਿਆ ਜਾਂਦਾ ਹੈ। ਕੱੁਝ ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਨੇ ਤਾਉਸ ਨਾਂਅ ਦਾ ਇੱਕ ਵਿਲੱਖਣ ਸਾਜ਼ ਵੀ ਈਜਾਦ ਕਰਵਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਂਅ ਅਬਦੁੱਲਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਵੀ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਢਾਡੀ ਵਾਰਾਂ ਦੇ ਗਾਇਨ ਦੀ ਓਹ ਪਰੰਪਰਾ ਅੱਜ ਵੀ ਓਸੇ ਤਰਾਂ ਬਾਦਸਤੂਰ ਚੱਲ ਰਹੀ ਹੈ ਅਤੇ ਗੁਰੂ ਸਾਹਿਬ ਦੇ ਨਾਂਅ ਨੂੰ ਸਮਰਪਿਤ ਹੋ ਕੇ ਚੱਲ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login