ADVERTISEMENT

ADVERTISEMENT

ਸਿੱਖਿਆ ਕ੍ਰਾਂਤੀ, ਵਿਗਿਆਨ ਅਤੇ ਸਮਾਜਿਕ ਸੰਘਰਸ਼ ਨੂੰ ਸਮਰਪਿਤ ਨਾਂਅ- ਸੋਨਮ ਵਾਂਗਚੁਕ

ਲੱਦਾਖ ਦੇ ਪਹਾੜਾਂ ਤੋਂ ਦੇਸ਼-ਪੱਧਰੀ ਸਿੱਖਿਆ ਅੰਦੋਲਨ ਤੱਕ ਦਾ ਪ੍ਰੇਰਣਾਦਾਇਕ ਸਫ਼ਰ

 ਸੋਨਮ ਵਾਂਗਚੁਕ ਸੋਨਮ ਵਾਂਗਚੁਕ / Photo Courtesy

ਸੋਨਮ ਵਾਂਗਚੁਕ ਅੱਜ ਦੇ ਦੌਰ ਵਿੱਚ ਸਿਰਫ਼ ਲੱਦਾਖ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਇੱਕ ਅਜਿਹੇ ਪ੍ਰਤੀਕ ਵਜੋਂ ਉਭਰਿਆ ਹੈ ਜਿਸ ਨੇ ਹੱਕ, ਸੱਚ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਆਪਣੀ ਆਵਾਜ਼ ਨੂੰ ਕਦੇ ਵੀ ਬੁਲੰਦ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਵਰਤਮਾਨ ਸਮੇਂ ਵਿੱਚ ਉਹ ਵਿਦਿਆਰਥੀਆਂ ਦੇ ਹਿੱਤਾਂ, ਦੇਸ਼ ਭਰ ਵਿੱਚ ਪ੍ਰੀਖਿਆ ਪ੍ਰਣਾਲੀ ਦੀਆਂ ਕਮੀਆਂ ਅਤੇ ਪੇਪਰ ਲੀਕ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਇੱਕ ਲੰਮੀ ਭੁੱਖ ਹੜਤਾਲ ਅਤੇ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ। ਨਵੀਂ ਦਿੱਲੀ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਅੰਦੋਲਨ ਨੂੰ ਮਜ਼ਬੂਤੀ ਦਿੰਦਿਆਂ ਉਨ੍ਹਾਂ ਨੇ ਦਿਨ-ਰਾਤ ਸੰਘਰਸ਼ ਕੀਤਾ ਹੈ। ਇਸ ਦੌਰਾਨ ਪ੍ਰਸ਼ਾਸਨਿਕ ਕਾਰਵਾਈਆਂ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਏ ਜਾਣ ਦੇ ਬਾਵਜੂਦ ਉਨ੍ਹਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਦੇਸ਼ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਅਡੋਲ ਖੜੇ ਹਨ। ਇਹ ਵਰਤਮਾਨ ਸੰਘਰਸ਼ ਸਿਰਫ਼ ਇੱਕ ਪ੍ਰੀਖਿਆ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੂਰੀ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਦੀ ਮੰਗ ਕਰਦਾ ਹੈ ਜਿਸ ਨੂੰ ਪੂਰੀ ਦੁਨੀਆ ਵਿੱਚ ਭਰਵਾਂ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਦੀ ਇਹ ਭੁੱਖ ਹੜਤਾਲ ਇਸ ਗੱਲ ਦਾ ਸਬੂਤ ਹੈ ਕਿ ਉਹ ਨਾ ਕੇਵਲ ਲੱਦਾਖ ਦੇ ਪਹਾੜਾਂ ਤੱਕ ਸੀਮਤ ਹਨ, ਸਗੋਂ ਦੇਸ਼ ਦੇ ਹਰ ਵਿਦਿਆਰਥੀ ਦੇ ਦਰਦ ਨੂੰ ਆਪਣਾ ਦਰਦ ਮੰਨਦੇ ਹਨ।

 

ਸੋਨਮ ਵਾਂਗਚੁਕ ਦਾ ਜਨਮ 1 ਸਤੰਬਰ 1966 ਨੂੰ ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਅਲਚੀ ਨੇੜੇ ਇੱਕ ਛੋਟੇ ਜਿਹੇ ਪਿੰਡ ਉਲੇਟੋਕਪੋ ਵਿੱਚ ਹੋਇਆ। ਉਨ੍ਹਾਂ ਦਾ ਬਚਪਨ ਕਾਫ਼ੀ ਸੰਘਰਸ਼ਪੂਰਨ ਰਿਹਾ ਕਿਉਂਕਿ ਉਨ੍ਹਾਂ ਦੇ ਇਲਾਕੇ ਵਿੱਚ ਪੜ੍ਹਾਈ ਦੇ ਮੌਕੇ ਬਹੁਤ ਸੀਮਤ ਸਨ ਅਤੇ 9 ਸਾਲ ਦੀ ਉਮਰ ਤੱਕ ਉਨ੍ਹਾਂ ਦਾ ਕਿਸੇ ਰਵਾਇਤੀ ਸਕੂਲ ਵਿੱਚ ਦਾਖ਼ਲਾ ਵੀ ਨਹੀਂ ਹੋ ਸਕਿਆ ਸੀ। ਇਸ ਦੌਰਾਨ ਉਨ੍ਹਾਂ ਦੀ ਮਾਂ ਨੇ ਹੀ ਉਨ੍ਹਾਂ ਨੂੰ ਘਰ ਵਿੱਚ ਮਾਂ-ਬੋਲੀ ਲੱਦਾਖੀ ਵਿੱਚ ਮੁੱਢਲੀ ਸਿੱਖਿਆ ਦਿੱਤੀ ਅਤੇ ਕੁਦਰਤ ਦੇ ਨੇੜੇ ਰਹਿ ਕੇ ਸਿੱਖਣ ਦੀ ਪ੍ਰੇਰਨਾ ਦਿੱਤੀ। ਬਾਅਦ ਵਿੱਚ ਜਦੋਂ ਉਹ ਸਕੂਲ ਗਏ ਤਾਂ ਭਾਸ਼ਾ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਸ੍ਰੀਨਗਰ ਦੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਗਰੀ ਪ੍ਰਾਪਤ ਕੀਤੀ। ਪੜ੍ਹਾਈ ਦੇ ਦੌਰਾਨ ਹੀ ਆਪਣੇ ਖਰਚੇ ਚੁੱਕਣ ਲਈ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉਨ੍ਹਾਂ ਨੇ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕੀਤੀਆਂ। ਇਸ ਸਮੇਂ ਦੌਰਾਨ ਉਨ੍ਹਾਂ ਨੇ ਬਹੁਤ ਨੇੜਿਓਂ ਦੇਖਿਆ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਕਿੰਨਾ ਹੇਠਾਂ ਹੈ, ਕਿਤਾਬਾਂ ਦੀ ਭਾਸ਼ਾ ਬੱਚਿਆਂ ਲਈ ਕਿੰਨੀ ਓਪਰੀ ਹੈ ਅਤੇ ਕਿਵੇਂ ਲੱਦਾਖ ਦੇ ਬੱਚੇ ਮੁੱਖ ਧਾਰਾ ਤੋਂ ਪਛੜ ਰਹੇ ਹਨ। ਇਸੇ ਦੁੱਖ ਅਤੇ ਚਿੰਤਾ ਨੇ ਉਨ੍ਹਾਂ ਨੂੰ ਆਪਣੀ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਆਪਣੀ ਪੂਰੀ ਜ਼ਿੰਦਗੀ ਸਿੱਖਿਆ ਸੁਧਾਰਾਂ ਵੱਲ ਮੋੜਨ ਲਈ ਪ੍ਰੇਰਿਤ ਕੀਤਾ।


ਸਾਲ 1988 ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਤਰੁੰਤ ਬਾਅਦ ਸੋਨਮ ਵਾਂਗਚੁਕ ਨੇ ਆਪਣੇ ਕੁਝ ਸਮਾਜ ਸੇਵੀ ਸਾਥੀਆਂ ਨਾਲ ਮਿਲ ਕੇ ਸਟੂਡੈਂਟਸ ਐਜੂਕੇਸ਼ਨ ਐਂਡ ਕਲਚਰਲ ਮੂਵਮੈਂਟ ਆਫ਼ ਲੱਦਾਖ ਯਾਨੀ ‘ਸੇਕਮੋਲ’ ਦੀ ਨੀਂਹ ਰੱਖੀ। ਉਸ ਸਮੇਂ ਲੱਦਾਖ ਦੇ ਸਰਕਾਰੀ ਸਕੂਲਾਂ ਵਿੱਚ ਦਸਵੀਂ ਜਮਾਤ ਦਾ ਨਤੀਜਾ ਬਹੁਤ ਹੀ ਨਿਰਾਸ਼ਾਜਨਕ ਸੀ ਅਤੇ ਲਗਭਗ 95 ਫ਼ੀਸਦੀ ਵਿਦਿਆਰਥੀ ਫ਼ੇਲ੍ਹ ਹੋ ਜਾਂਦੇ ਸਨ, ਯਾਨੀ ਸਿਰਫ਼ 5 ਫ਼ੀਸਦੀ ਵਿਦਿਆਰਥੀ ਹੀ ਪਾਸ ਹੁੰਦੇ ਸਨ। ਇਸ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਨੇ 1994 ਵਿੱਚ ਲੱਦਾਖ ਪ੍ਰਸ਼ਾਸਨ ਨਾਲ ਮਿਲ ਕੇ ‘ਆਪ੍ਰੇਸ਼ਨ ਨਿਊ ਹੋਪ’ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਵਿੱਚ ਸਰਕਾਰ, ਪਿੰਡਾਂ ਦੀਆਂ ਪੰਚਾਇਤਾਂ, ਅਧਿਆਪਕਾਂ ਅਤੇ ਆਮ ਲੋਕਾਂ ਨੇ ਰਲ ਕੇ ਸਕੂਲਾਂ ਦੀ ਕਾਇਆ-ਕਲਪ ਕੀਤੀ। ਉਨ੍ਹਾਂ ਨੇ ਪਾਠ-ਪੁਸਤਕਾਂ ਨੂੰ ਸਥਾਨਕ ਸੱਭਿਆਚਾਰ, ਭਾਸ਼ਾ ਅਤੇ ਵਾਤਾਵਰਣ ਮੁਤਾਬਕ ਢਾਲਿਆ ਅਤੇ ਅਧਿਆਪਕਾਂ ਨੂੰ ਆਧੁਨਿਕ ਸਿਖਲਾਈ ਦਿੱਤੀ। ਇਸ ਸੁਧਾਰ ਅੰਦੋਲਨ ਦੇ ਨਤੀਜੇ ਵਜੋਂ ਦੱਸਵੀਂ ਦੇ ਪਾਸ ਹੋਣ ਦੀ ਦਰ 5 ਫ਼ੀਸਦੀ ਤੋਂ ਵਧ ਕੇ 70 ਫ਼ੀਸਦੀ ਤੋਂ ਵਧੇਰੇ ਤੱਕ ਪਹੁੰਚ ਗਈ। 

 

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਫੈਈ ਨਾਂਅ ਦੇ ਪਿੰਡ ਵਿੱਚ ਬਣਾਏ ਗਏ ਸੇਕਮੋਲ ਵਿਕਲਪਕ ਸਕੂਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਸਿਰਫ਼ ਉਨ੍ਹਾਂ ਹੀ ਬੱਚਿਆਂ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ ਜੋ ਆਮ ਸਕੂਲਾਂ ਜਾਂ ਬੋਰਡ ਪ੍ਰੀਖਿਆਵਾਂ ਵਿੱਚ ਫ਼ੇਲ੍ਹ ਹੋ ਜਾਂਦੇ ਹਨ। ਇਹ ਸਕੂਲ ਪੂਰੀ ਤਰ੍ਹਾਂ ਨਾਲ ਸੂਰਜੀ ਊਰਜਾ ਨਾਲ ਚੱਲਦਾ ਹੈ ਅਤੇ ਇੱਥੇ ਕੋਈ ਚੌਕੀਦਾਰ ਜਾਂ ਸੇਵਾਦਾਰ ਨਹੀਂ ਹੈ। ਵਿਦਿਆਰਥੀ ਆਪ ਹੀ ਸਕੂਲ ਦਾ ਪ੍ਰਸ਼ਾਸਨ, ਖੇਤੀਬਾੜੀ, ਖਾਣਾ ਬਣਾਉਣਾ ਅਤੇ ਹੋਰ ਪ੍ਰਬੰਧ ਸੰਭਾਲਦੇ ਹਨ। ਉਨ੍ਹਾਂ ਦੀ ਇਸ ਅਨੋਖੀ ਅਤੇ ਵਿਲੱਖਣ ਪਹੁੰਚ ਨੇ ਫ਼ੇਲ੍ਹ ਮੰਨੇ ਜਾਣ ਵਾਲੇ ਬੱਚਿਆਂ ਅੰਦਰ ਨਵਾਂ ਆਤਮ-ਵਿਸ਼ਵਾਸ ਭਰਿਆ ਅਤੇ ਉਨ੍ਹਾਂ ਨੂੰ ਦੇਸ਼-ਦੁਨੀਆ ਵਿੱਚ ਸਫ਼ਲ ਉਦਯੋਗਪਤੀ, ਫਿਲਮ ਮੇਕਰ, ਕਲਾਕਾਰ ਅਤੇ ਸਿੱਖਿਆ ਸ਼ਾਸਤਰੀ ਬਣਾ ਦਿੱਤਾ।

 

ਸਿੱਖਿਆ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਤੋਂ ਬਾਅਦ ਸੋਨਮ ਵਾਂਗਚੁਕ ਨੇ ਲੱਦਾਖ ਵਰਗੇ ਠੰਢੇ ਮਾਰੂਥਲ ਇਲਾਕੇ ਵਿੱਚ ਪਾਣੀ ਦੀ ਗੰਭੀਰ ਕਿੱਲਤ ਨੂੰ ਦੂਰ ਕਰਨ ਲਈ ਇੱਕ ਮਹਾਨ ਅਤੇ ਇਤਿਹਾਸਕ ਖੋਜ ਕੀਤੀ। ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਕਾਰਨ ਲੱਦਾਖ ਵਿੱਚ ਕੁਦਰਤੀ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਸਨ ਅਤੇ ਬਸੰਤ ਰੁੱਤ ਵਿੱਚ ਜਦੋਂ ਕਿਸਾਨਾਂ ਨੂੰ ਫ਼ਸਲਾਂ ਦੀ ਬੀਜਾਂਦ ਲਈ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਸੀ, ਤਾਂ ਨਦੀਆਂ ਵਿੱਚ ਪਾਣੀ ਨਹੀਂ ਹੁੰਦਾ ਸੀ। ਇਸ ਵੱਡੀ ਸਮੱਸਿਆ ਦਾ ਦੇਸੀ ਅਤੇ ਵਿਗਿਆਨਕ ਹੱਲ ਕੱਢਦਿਆਂ ਉਨ੍ਹਾਂ ਨੇ ਸਾਲ 2013 ਵਿੱਚ ‘ਆਈਸ ਸਤੂਪਾ’ ਯਾਨੀ ਬਨਾਵਟੀ ਗਲੇਸ਼ੀਅਰ ਬਣਾਉਣ ਦੀ ਤਕਨੀਕ ਵਿਕਸਤ ਕੀਤੀ।
ਇਸ ਤਕਨੀਕ ਵਿੱਚ ਸਰਦੀਆਂ ਦੇ ਮਹੀਨਿਆਂ ਵਿੱਚ, ਜਦੋਂ ਪਹਾੜਾਂ ਦਾ ਪਾਣੀ ਬਿਨਾਂ ਵਰਤੋਂ ਦੇ ਵਿਅਰਥ ਵਹਿੰਦਾ ਹੈ, ਉਸ ਨੂੰ ਪਾਈਪਾਂ ਰਾਹੀਂ ਹੇਠਾਂ ਲਿਆ ਕੇ ਉਚਾਈ ਤੋਂ ਛੱਡਿਆ ਜਾਂਦਾ ਹੈ। ਓਥੇ ਰਾਤ ਦੀ ਕੜਾਕੇ ਦੀ ਠੰਢ ਵਿੱਚ ਇਹ ਪਾਣੀ ਫੁਹਾਰੇ ਵਾਂਗ ਜੰਮ ਜਾਂਦਾ ਹੈ ਅਤੇ ਛੋਟੇ ਪਹਾੜ ਜਾਂ ‘ਸਤੂਪਾ’ ਦਾ ਆਕਾਰ ਲੈ ਲੈਂਦਾ ਹੈ। ਇਸ ਦਾ ਆਕਾਰ ਸ਼ੰਕੂ ਵਰਗਾ ਹੁੰਦਾ ਹੈ ਤਾਂ ਜੋ ਇਸ 'ਤੇ ਧੁੱਪ ਦਾ ਘੱਟ ਤੋਂ ਘੱਟ ਅਸਰ ਪਵੇ। ਮੌਸਮ ਬਦਲਣ ਅਤੇ ਗਰਮੀਆਂ ਸ਼ੁਰੂ ਹੋਣ 'ਤੇ, ਜਦੋਂ ਖੇਤੀਬਾੜੀ ਲਈ ਪਾਣੀ ਦੀ ਸਖ਼ਤ ਲੋੜ ਹੁੰਦੀ ਹੈ, ਤਾਂ ਇਹ ਬਨਾਵਟੀ ਗਲੇਸ਼ੀਅਰ ਹੌਲੀ-ਹੌਲੀ ਪਿਘਲ ਕੇ ਕਿਸਾਨਾਂ ਨੂੰ ਲੱਖਾਂ ਲੀਟਰ ਪਾਣੀ ਮੁਹੱਈਆ ਕਰਵਾਉਂਦੇ ਹਨ। ਇਸ ਨਵੀਨਤਾਕਾਰੀ ਤਕਨੀਕ ਨੇ ਨਾ ਸਿਰਫ਼ ਸਥਾਨਕ ਲੋਕਾਂ ਦੀ ਜੀਵਨ ਸ਼ੈਲੀ ਬਦਲੀ ਅਤੇ ਹਜ਼ਾਰਾਂ ਏਕੜ ਬੰਜਰ ਜ਼ਮੀਨ ਨੂੰ ਹਰੀ-ਭਰੀ ਬਣਾਇਆ, ਬਲਕਿ ਪੂਰੀ ਦੁਨੀਆ ਦੇ ਵਾਤਾਵਰਣ ਪ੍ਰੇਮੀਆਂ ਅਤੇ ਵਿਗਿਆਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਅੱਜ ਸਵਿਟਜ਼ਰਲੈਂਡ ਅਤੇ ਹੋਰ ਪਹਾੜੀ ਦੇਸ਼ ਵੀ ਇਸ ਤਕਨੀਕ ਨੂੰ ਅਪਣਾ ਰਹੇ ਹਨ।

 

ਸੋਨਮ ਵਾਂਗਚੁਕ ਦੀ ਜ਼ਿੰਦਗੀ, ਉਨ੍ਹਾਂ ਦੇ ਅਨੋਖੇ ਵਿਚਾਰਾਂ ਅਤੇ ਕਾਮਯਾਬ ਪ੍ਰਯੋਗਾਂ ਨੇ ਬਾਲੀਵੁੱਡ ਦੀ ਫ਼ਿਲਮ ਇੰਡਸਟਰੀ ਨੂੰ ਵੀ ਡੂੰਘਾ ਪ੍ਰਭਾਵਿਤ ਕੀਤਾ। ਲੰਮੇ ਸਮੇਂ ਤੱਕ ਅਜਿਹਾ ਮੰਨਿਆ ਜਾਂਦਾ ਰਿਹਾ ਕਿ ਸਾਲ 2009 ਵਿੱਚ ਆਈ ਸੁਪਰਹਿੱਟ ਬਾਲੀਵੁੱਡ ਫ਼ਿਲਮ ‘ਥ੍ਰੀ ਇਡੀਅਟਸ’ ਵਿੱਚ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਵੱਲੋਂ ਨਿਭਾਏ ਗਏ ਕਿਰਦਾਰ ‘ਫੰਸੁਖ ਵਾਂਗਡੂ’ ਦੀ ਪ੍ਰੇਰਣਾ ਸੋਨਮ ਵਾਂਗਚੁਕ ਦੀ ਅਸਲ ਜ਼ਿੰਦਗੀ ਤੋਂ ਹੀ ਲਈ ਗਈ ਸੀ ਅਤੇ ਫ਼ਿਲਮ ਵਿੱਚ ਦਿਖਾਇਆ ਗਿਆ ਲੱਦਾਖ ਦਾ ਅਨੋਖਾ ਸਕੂਲ ਅਸਲ ਵਿੱਚ ਸੇਕਮੋਲ ਸਕੂਲ ਤੋਂ ਹੀ ਪ੍ਰੇਰਿਤ ਸੀ। ਇਸ ਫ਼ਿਲਮ ਨੇ ਸੋਨਮ ਵਾਂਗਚੁਕ ਦੇ ਸਿੱਖਿਆ ਸਬੰਧੀ ਵਿਚਾਰਾਂ ਨੂੰ ਦੇਸ਼ ਦੇ ਕੋਨੇ-ਕੋਨੇ ਅਤੇ ਘਰ-ਘਰ ਤੱਕ ਪਹੁੰਚਾਇਆ ਹਾਲਾਂਕਿ ਪਿਛਲੇ ਦਿਨੀਂ ਆਮਿਰ ਖਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਜਿਸ ਤੋਂ ਬਾਅਦ ਉਨਾਂ ਦੇ ਇਸ ਬਿਆਨ ਨੇ ਇੱਕ ਨਵੀਂ ਚਰਚਾ ਵੀ ਛੇੜ ਦਿੱਤੀ ਹੈ। ਇਸ ਦੇ ਬਾਵਜੂਦ ਵਾਂਗਚੁਕ ਦੀਆਂ ਕਾਢਾਂ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਰਵਾਇਤੀ ਰੱਟਾ ਮਾਰਨ ਦੀ ਸਿੱਖਿਆ ਪ੍ਰਣਾਲੀ ਦੀ ਬਜਾਏ ਵਿਵਹਾਰਕ ਗਿਆਨ, ਕੁਝ ਨਵਾਂ ਸੋਚਣ ਅਤੇ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ।


ਸੋਨਮ ਵਾਂਗਚੁਕ ਨੇ ਆਪਣੀ ਇੰਜੀਨੀਅਰਿੰਗ ਸੂਝਬੂਝ ਨਾਲ ਮਿੱਟੀ, ਗਾਰੇ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਅਜਿਹੇ ਘਰ ਅਤੇ ਇਮਾਰਤਾਂ ਤਿਆਰ ਕੀਤੀਆਂ ਜੋ ਬਾਹਰ ਮਾਈਨਸ 15-20 ਡਿਗਰੀ ਦੀ ਹੱਡ ਚੀਰਵੀਂ ਠੰਢ ਵਿੱਚ ਵੀ ਅੰਦਰੋਂ 15 ਤੋਂ 20 ਡਿਗਰੀ ਗਰਮ ਰਹਿੰਦੀਆਂ ਹਨ। ਉਨ੍ਹਾਂ ਨੇ ਭਾਰਤੀ ਸੈਨਾ ਦੇ ਜਵਾਨਾਂ ਲਈ ਸੂਰਜੀ ਊਰਜਾ ਨਾਲ ਗਰਮ ਰਹਿਣ ਵਾਲੇ ਵਿਸ਼ੇਸ਼ ਤੰਬੂ ਵੀ ਡਿਜ਼ਾਈਨ ਕੀਤੇ, ਜੋ ਲੱਦਾਖ ਖੇਤਰ ਦੀਆਂ ਬਰਫ਼ੀਲੀਆਂ ਸਰਹੱਦਾਂ 'ਤੇ ਤਾਇਨਾਤ ਜਵਾਨਾਂ ਲਈ ਵਰਦਾਨ ਸਾਬਤ ਹੋਏ ਹਨ।


ਸੋਨਮ ਵਾਂਗਚੁਕ ਨੂੰ ਉਨ੍ਹਾਂ ਦੇ ਸਮਾਜਿਕ ਸੁਧਾਰਾਂ, ਵਿਗਿਆਨਕ ਕਾਢਾਂ, ਸਿੱਖਿਆ ਖੇਤਰ ਵਿੱਚ ਇਨਕਲਾਬੀ ਬਦਲਾਅ ਅਤੇ ਵਾਤਾਵਰਣ ਸੰਭਾਲ ਲਈ ਦੇਸ਼-ਵਿਦੇਸ਼ ਵਿੱਚ ਕਈ ਵੱਕਾਰੀ ਅਤੇ ਉੱਚ ਪੱਧਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਲ 2016 ਵਿੱਚ ਉਨ੍ਹਾਂ ਨੂੰ ਆਈਸ ਸਤੂਪਾ ਦੀ ਖੋਜ ਲਈ ‘ਰੋਲੇਕਸ ਅਵਾਰਡ ਫਾਰ ਐਂਟਰਪ੍ਰਾਈਜ਼’ ਨਾਲ ਨਿਵਾਜਿਆ ਗਿਆ। ਸਾਲ 2017 ਵਿੱਚ ਉਹਨਾਂ ਨੂੰ 'ਗਲੋਬਲ ਅਵਾਰਡ ਫਾਰ ਸਟੇਨੇਬਲ ਆਰਕੀਟੈਕਚਰ’ ਅਤੇ ‘ਸੋਸ਼ਲ ਐਂਟਰਪ੍ਰੀਨਿਅਰ ਆਫ਼ ਦਿ ਈਅਰ ਅਵਾਰਡ’ ਵੀ ਮਿਲਿਆ ਸੀ। ਸਾਲ 2018 ਵਿੱਚ ਉਨ੍ਹਾਂ ਦੀਆਂ ਅਦੁੱਤੀ ਸੇਵਾਵਾਂ ਲਈ ਉਨ੍ਹਾਂ ਨੂੰ ਏਸ਼ੀਆ ਦੇ ਨੋਬੇਲ ਪੁਰਸਕਾਰ ਵਜੋਂ ਜਾਣੇ ਜਾਂਦੇ ਵੱਕਾਰੀ ‘ਰਮਨ ਮੈਗਸੇਸੇ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਉਨ੍ਹਾਂ ਦੇ ਨਿਸਵਾਰਥ ਸਮਾਜਿਕ ਯੋਗਦਾਨ ਦਾ ਸਭ ਤੋਂ ਵੱਡਾ ਪ੍ਰਮਾਣ ਹੈ। ਹਿਮਾਚਲ ਪ੍ਰਦੇਸ਼ ਦੀ ਆਈ.ਆਈ.ਟੀ ਮੰਡੀ ਵੱਲੋਂ ਵੀ ਉਨ੍ਹਾਂ ਨੂੰ ਹਿਮਾਲੀਅਨ ਖੇਤਰ ਦਾ ਉੱਘਾ ਤਕਨਾਲੋਜਿਸਟ ਘੋਸ਼ਿਤ ਕੀਤਾ ਗਿਆ। ਆਪਣੇ ਸੁਪਨਿਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਨ੍ਹਾਂ ਨੇ ਲੱਦਾਖ ਵਿੱਚ ‘ਹਿਮਾਲੀਅਨ ਇੰਸਟੀਚਿਊਟ ਆਫ਼ ਆਲਟਰਨੇਟਿਵਜ਼, ਲੱਦਾਖ’ ਦੀ ਸਥਾਪਨਾ ਕੀਤੀ, ਜਿੱਥੇ ਵਿਦਿਆਰਥੀਆਂ ਨੂੰ ਵਿਵਹਾਰਕ ਗਿਆਨ, ਵਾਤਾਵਰਣ ਸੰਭਾਲ ਅਤੇ ਉਦਯੋਗਿਕ ਹੁਨਰ ਦੀ ਸਿਖਲਾਈ ਦਿੱਤੀ ਜਾਂਦੀ ਹੈ।

 

ਸਿੱਖਿਆ ਅਤੇ ਇਨੋਵੇਸ਼ਨ ਦੇ ਨਾਲ-ਨਾਲ ਸੋਨਮ ਵਾਂਗਚੁਕ ਲੱਦਾਖ ਦੇ ਰਾਜਨੀਤਿਕ, ਸੱਭਿਆਚਾਰਕ ਅਤੇ ਵਾਤਾਵਰਣਕ ਹੱਕਾਂ ਲਈ ਵੀ ਸਭ ਤੋਂ ਅੱਗੇ ਹੋ ਕੇ ਲੜ ਰਹੇ ਹਨ। ਸਾਲ 2019 ਵਿੱਚ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਵੱਖ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ, ਉੱਥੋਂ ਦੇ ਨਾਜ਼ੁਕ ਵਾਤਾਵਰਣ ਅਤੇ ਸਥਾਨਕ ਲੋਕਾਂ ਦੀਆਂ ਨੌਕਰੀਆਂ 'ਤੇ ਖ਼ਤਰਾ ਮੰਡਰਾਉਣ ਲੱਗਾ। ਸੋਨਮ ਵਾਂਗਚੁਕ ਨੇ ਲੱਦਾਖ ਨੂੰ ਭਾਰਤੀ ਸੰਵਿਧਾਨ ਦੀ ‘ਛੇਵੀਂ ਸੂਚੀ’ ਵਿੱਚ ਸ਼ਾਮਲ ਕਰਨ ਅਤੇ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਵੱਡਾ ਅੰਦੋਲਨ ਛੇੜਿਆ। ਦਰਅਸਲ, ਉਨ੍ਹਾਂ ਦਾ ਮੰਨਣਾ ਹੈ ਕਿ ਵੱਡੀਆਂ ਉਦਯੋਗਿਕ ਕੰਪਨੀਆਂ ਦੇ ਆਉਣ ਨਾਲ ਲੱਦਾਖ ਦੇ ਹਿਮਾਲੀਅਨ ਗਲੇਸ਼ੀਅਰ ਅਤੇ ਭੂਗੋਲਿਕ ਸੰਤੁਲਨ ਤਬਾਹ ਹੋ ਜਾਵੇਗਾ।ਆਪਣੀਆਂ ਇਹਨਾਂ ਮੰਗਾਂ ਨੂੰ ਲੈ ਕੇ ਉਨ੍ਹਾਂ ਨੇ ਲੇਹ ਵਿੱਚ ਮਾਈਨਸ 20 ਡਿਗਰੀ ਤਾਪਮਾਨ ਵਿੱਚ 21 ਦਿਨਾਂ ਦੀ ਜਲਵਾਯੂ ਭੁੱਖ ਹੜਤਾਲ ਵੀ ਕੀਤੀ, ਜਿਸ ਨੇ ਦੇਸ਼ ਅਤੇ ਦੁਨੀਆ ਦਾ ਧਿਆਨ ਲੱਦਾਖ ਦੀ ਗੰਭੀਰ ਸਥਿਤੀ ਵੱਲ ਖਿੱਚਿਆ। ਉਹ ਹਮੇਸ਼ਾ ਅਹਿੰਸਕ ਅਤੇ ਮਹਾਤਮਾ ਗਾਂਧੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਆਪਣੇ ਅਧਿਕਾਰਾਂ ਦੀ ਲੜਾਈ ਲੜਦੇ ਹਨ।

 

ਸੋਨਮ ਵਾਂਗਚੁਕ ਦਾ ਪੂਰਾ ਜੀਵਨ ਇਸ ਗੱਲ ਦੀ ਪ੍ਰਤੱਖ ਮਿਸਾਲ ਹੈ ਕਿ ਜੇਕਰ ਨੀਅਤ ਸਾਫ਼ ਹੋਵੇ, ਇਰਾਦਾ ਪੱਕਾ ਹੋਵੇ ਅਤੇ ਸਮਾਜ ਭਲਾਈ ਦਾ ਜਜ਼ਬਾ ਹੋਵੇ, ਤਾਂ ਇੱਕ ਸਾਧਾਰਨ ਇਨਸਾਨ ਵੀ ਮੁਸ਼ਕਿਲ ਹਾਲਾਤ ਦੇ ਬਾਵਜੂਦ ਇਨਕਲਾਬੀ ਤਬਦੀਲੀਆਂ ਲਿਆ ਸਕਦਾ ਹੈ। ਮੁੱਢਲੇ ਜੀਵਨ ਦੇ ਅਣਗਿਣਤ ਸੰਘਰਸ਼ਾਂ ਤੋਂ ਲੈ ਕੇ ਅੱਜ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਹੱਕਾਂ ਲਈ ਹਸਪਤਾਲਾਂ ਅਤੇ ਸੜਕਾਂ 'ਤੇ ਡਟਣ ਤੱਕ, ਉਨ੍ਹਾਂ ਦਾ ਹਰ ਕਦਮ ਪ੍ਰੇਰਣਾਦਾਇਕ ਹੈ। ਉਨ੍ਹਾਂ ਦੀਆਂ ਬਣਾਈਆਂ ਸਿੱਖਿਆ ਪ੍ਰਣਾਲੀਆਂ, ਪਾਣੀ ਦੀ ਸਮੱਸਿਆ ਦਾ ਹੱਲ ਕਰਨ ਵਾਲੇ ਆਈਸ ਸਤੂਪਾ, ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ‘ਚ ਦਰਜ ਹਨ। ਅੱਜ ਜਦੋਂ ਉਹ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਬਚਾਉਣ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਹੋਏ ਹਨ, ਤਾਂ ਉਨ੍ਹਾਂ ਦਾ ਜੀਵਨ ਹਰ ਭਾਰਤੀ ਨੂੰ ਇਹ ਸਿਖਾਉਂਦਾ ਹੈ ਕਿ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਹੋਣ, ਹੌਸਲੇ, ਇਮਾਨਦਾਰੀ ਅਤੇ ਸੱਚਾਈ ਦਾ ਰਾਹ ਦੂਜਿਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣਦਾ ਹੈ।

ਸੁਖਪਾਲ ਸਿੰਘ ਧਨੋਆ
ਮੁੱਖ ਸੰਪਾਦਕ

Comments

Leave A Comment

Required fields are marked (*).

Related

Talk to us?