ADVERTISEMENTs

ਬ੍ਰੈਂਪਟਨ ਦੇ ਮੇਅਰ ਨੂੰ ਮੌਤ ਦੀਆਂ ਧਮਕੀਆਂ ਦੇਣ ਵਾਲਾ 29 ਸਾਲਾ ਨੌਜਵਾਨ ਗ੍ਰਿਫ਼ਤਾਰ

ਕਨਵਰਜੋਤ ਸਿੰਘ ਮਨੋਰੀਆ ਨੂੰ 15 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ 'ਤੇ ਮੌਤ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਗਿਆ।

ਮਨੋਰੀਆ ਬਰੈਂਪਟਨ ਸਥਿਤ ਓਂਟਾਰੀਓ ਕੋਰਟ ਆਫ ਜਸਟਿਸ 'ਚ ਜਮਾਨਤ ਸੁਣਵਾਈ ਦੀ ਉਡੀਕ ਕਰ ਰਿਹਾ ਹੈ / ਪੀਲ ਰੀਜਨਲ ਪੁਲਿਸ ਵੈੱਬਸਾਈਟ

ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਪੀਲ ਰੀਜਨਲ ਪੁਲਿਸ ਨੇ 29 ਸਾਲਾ ਕਨਵਰਜੋਤ ਸਿੰਘ ਮਨੋਰੀਆ (Kanwarjyot Singh Manoria) ਨੂੰ ਬ੍ਰੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਹੈ। ਮਨੋਰੀਆ 'ਤੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ (Patrick Brown) ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਹੈ।

ਜੂਨ 2025 ਦੇ ਅੰਤ ਵਿੱਚ, ਪੀਲ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮੇਅਰ ਅਤੇ ਉਹਨਾਂ ਦੇ ਪਰਿਵਾਰ ਨੂੰ ਧਮਕੀਆਂ ਮਿਲ ਰਹੀਆਂ ਹਨ। ਸਾਵਧਾਨੀ ਵਜੋਂ, ਜਾਂਚ ਚੱਲਣ ਤੱਕ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੁਰੱਖਿਆ ਪ੍ਰਬੰਧਾਂ ਨੂੰ ਵਧਾ ਦਿੱਤਾ ਗਿਆ ਸੀ।

ਧਮਕੀਆਂ ਈਮੇਲ ਰਾਹੀਂ ਭੇਜੀਆਂ ਗਈਆਂ ਸਨ। ਸ਼ੁਰੂਆਤੀ ਜਾਂਚ ਵਿੱਚ ਇਹ ਈਮੇਲ ਸਵੀਡਨ ਤੋਂ ਆਈਆਂ ਲੱਗਦੀਆਂ ਸਨ, ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਕਨੇਡਾ ਤੋਂ ਹੀ ਭੇਜੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਈਮੇਲ ਸਿਰਫ਼ ਸਵੀਡਨ ਰਾਹੀਂ ਰੂਟ ਕੀਤੀਆਂ ਗਈਆਂ ਸਨ, ਤਾਂ ਜੋ ਭੇਜਣ ਵਾਲੇ ਦੀ ਪਛਾਣ ਲੁਕਾਈ ਜਾ ਸਕੇ। 

15 ਜੁਲਾਈ ਨੂੰ ਮਨੋਰੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਵਾਰੰਟ ਲੈ ਕੇ ਉਸ ਕੋਲੋਂ ਇਲੈਕਟ੍ਰਾਨਿਕ ਡਿਵਾਈਸ ਜ਼ਬਤ ਕੀਤੇ ਗਏ। ਮਨੋਰੀਆ ਉੱਤੇ "ਮੌਤ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ" ਦਾ ਕਾਨੂੰਨੀ ਦੋਸ਼ ਲਾਇਆ ਗਿਆ ਹੈ।

ਪੀਲ ਰੀਜਨਲ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ "ਮਨੋਰੀਆ ਨੂੰ ਬਰੈਂਪਟਨ ਸਥਿਤ ਓਂਟਾਰੀਓ ਕੋਰਟ ਆਫ ਜਸਟਿਸ ਵਿੱਚ ਜ਼ਮਾਨਤ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ।" ਪੁਲਿਸ ਨੇ ਅੱਗੇ ਕਿਹਾ, "ਇਸ ਸਮੇਂ ਜਾਂਚ ਕਰ ਰਹੇ ਅਧਿਕਾਰੀ ਮੰਨਦੇ ਹਨ ਕਿ ਇਹ ਵਿਅਕਤੀ ਇਕੱਲਿਆਂ ਹੀ ਕੰਮ ਕਰ ਰਿਹਾ ਸੀ ਅਤੇ ਹੁਣ ਮੇਅਰ, ਉਹਨਾਂ ਦੇ ਪਰਿਵਾਰ ਜਾਂ ਕਮਿਊਨਟੀ ਲਈ ਕੋਈ ਸਰਗਰਮ ਖ਼ਤਰਾ ਨਹੀਂ ਹੈ।"

ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਦਿੰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਨੇ ਗ੍ਰਿਫ਼ਤਾਰੀ ਸਬੰਧੀ ਇਕ ਖ਼ਬਰ ਸਾਂਝੀ ਕੀਤੀ ਅਤੇ ਕਿਹਾ, "ਮੇਰਾ ਪਰਿਵਾਰ ਅਤੇ ਮੈਂ ਪੀਲ ਰੀਜਨਲ ਪੁਲਿਸ ਅਤੇ 22ਵੀਂ ਡਿਵਿਜ਼ਨ ਦੇ ਕਰੀਮਿਨਲ ਇਨਵੈਸਟਿਗੇਸ਼ਨ ਬਿਊਰੋ ਦੇ ਅਫਸਰਾਂ ਦੀ ਮਿਹਨਤ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਨਾ ਚਾਹੁੰਦੇ ਹਾਂ। ਸਾਨੂੰ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਉਨ੍ਹਾਂ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਕਥਿਤ ਤੌਰ 'ਤੇ ਸਾਡੇ ਵਿਰੁੱਧ ਧਮਕੀਆਂ ਦਿੱਤੀਆਂ ਸਨ।"

ਉਨ੍ਹਾਂ ਅੱਗੇ ਕਿਹਾ, "ਹਿੰਸਾ ਅਤੇ ਹਿੰਸਾ ਦੀਆਂ ਧਮਕੀਆਂ ਦੀ ਲੋਕਤੰਤਰ ਵਿੱਚ ਕੋਈ ਥਾਂ ਨਹੀਂ। ਮੈਂ ਬਰੈਂਪਟਨ ਦੇ ਨਾਗਰਿਕਾਂ ਦੀ ਸੇਵਾ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ, ਅਤੇ ਇਹ ਧਮਕੀਆਂ ਮੈਨੂੰ ਆਪਣਾ ਕੰਮ ਕਰਨ ਤੋਂ ਨਹੀਂ ਰੋਕ ਸਕਦੀਆਂ, ਜਿਸ ਲਈ ਉਨ੍ਹਾਂ ਨੇ ਮੈਨੂੰ ਚੁਣਿਆ ਹੈ।"



Comments

Related

ADVERTISEMENT

 

 

 

ADVERTISEMENT

 

 

E Paper

 

 

 

Video