ADVERTISEMENTs

ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਲੈਕੇ ਪੁਰਾਣੇ ਸਾਥੀ ਨੇ ਕੀਤੇ ਵੱਡੇ ਖ਼ੁਲਾਸੇ

ਗੁਰਪ੍ਰੀਤ ਨੇ ਕਿਹਾ, "ਖ਼ਾਲਸਾ ਜ਼ਮੀਨ ਦੇ ਟੁਕੜਿਆਂ ਲਈ ਨਹੀਂ ਲੜਦਾ। ਖ਼ਾਲਸਾ ਵਿਸ਼ਵ ਸ਼ਾਂਤੀ, ਅਖੰਡਤਾ ਅਤੇ ਖੁਸ਼ਹਾਲੀ ਲਈ ਲੜਦਾ ਹੈ।"

ਗੁਰਪ੍ਰੀਤ ਸਿੰਘ ਨਿਹੰਗ / courtesy photo

ਲਗਭਗ ਦੋ ਦਹਾਕਿਆਂ ਤੱਕ ਗੁਰਪ੍ਰੀਤ ਸਿੰਘ ਨਿਹੰਗ ਅਮਰੀਕਾ-ਅਧਾਰਿਤ ਸਿੱਖ ਸੰਸਥਾ, ਸਿੱਖਸ ਫਾਰ ਜਸਟਿਸ (SFJ) ਦੇ ਜਨਤਕ ਚਿਹਰੇ ਗੁਰਪਤਵੰਤ ਸਿੰਘ ਪੰਨੂ ਨਾਲ ਰਹੇ। ਅੱਜ, ਉਹ ਪੰਨੂ ਦੇ ਸਭ ਤੋਂ ਤਿੱਖੇ ਆਲੋਚਕਾਂ ਵਿੱਚੋਂ ਇੱਕ ਹਨ। ਇੱਕ ਖ਼ਾਸ ਤੇ ਵਿਸਥਾਰਪੂਰਨ ਇੰਟਰਵਿਊ ਵਿੱਚ ਨਿਹੰਗ ਨੇ ਸੰਸਥਾ ਦੀ ਸ਼ੁਰੂਆਤ, ਉਸ ਦੇ ਅੰਦਰੂਨੀ ਕੰਮਕਾਜ ਅਤੇ ਉਹਨਾਂ ਕਮੀਆਂ ਬਾਰੇ ਦੱਸਿਆ ਜਿਨ੍ਹਾਂ ਕਾਰਣ ਉਹ ਗਰੁੱਪ ਤੋਂ ਵੱਖ ਹੋ ਗਏ। 

ਗੁਰਪ੍ਰੀਤ ਨੇ 2006-07 ਵਿੱਚ SFJ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ ਜਦੋਂ ਪੰਨੂ ਅਤੇ ਉਸ ਦੇ ਸਾਥੀ ਕੈਲੀਫੋਰਨੀਆ ਵਿੱਚ ਸਿੱਖ ਪਰਵਾਸੀਆਂ ਨੂੰ ਇਕੱਠਾ ਕਰ ਰਹੇ ਸਨ। ਉਹਨਾਂ ਕਿਹਾ ਕਿ 2006-2007 ਵਿੱਚ ਪੰਨੂ ਅਤੇ ਕੁਝ ਹੋਰ ਸਾਥੀਆਂ ਨੂੰ ਸਿੱਖਸ ਫਾਰ ਜਸਟਿਸ ਦਾ ਵਿਚਾਰ ਆਇਆ। ਸ਼ੁਰੂਆਤੀ ਯੋਜਨਾ ਸੀ ਕਿ ਸਿੱਖਾਂ ਲਈ ਇਨਸਾਫ਼ ਦੀ ਲੜਾਈ ਲੜਨੀ ਹੈ ਅਤੇ ਭਾਰਤ ਵਿੱਚ ਹੋਏ ਸਿਖਾਂ ਕਤਲੇਆਮ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਵਾਉਣੀ ਹੈ।

ਗੁਰਪ੍ਰੀਤ ਸਿੰਘ ਅਨੁਸਾਰ, ਉਸਦੇ ਪਿਤਾ ਜੋ ਇੱਕ ਧਰਮ ਨਿਰਪੱਖ ਸਿੱਖ ਸਨ ਅਤੇ ਚੰਗੀ ਜ਼ਿੰਦਗੀ ਦੀ ਖੋਜ ਵਿੱਚ ਅਮਰੀਕਾ ਗਏ ਸਨ, ਇਸ ਨਵੀਂ ਪਹਿਲ ਦੇ ਸਮਰਥਨ ਲਈ ਅੱਗੇ ਆਏ। ਜਦੋਂ ਸਿੱਖਾਂ ਦੇ ਹੱਕ ਲਈ ਉਹਨਾਂ ਨਾਲ ਸੰਪਰਕ ਕੀਤਾ ਗਿਆ, ਉਹ ਖੜੇ ਰਹੇ। ਪੰਨੂ ਮੇਰੇ ਪਿਤਾ ਕੋਲੋ ਪੈਸਿਆਂ ਦੇ ਦਾਨ ਦੀ ਮਦਦ ਕਰਦਾ ਸੀ ਅਤੇ ਮੇਰੇ ਪਿਤਾ ਨੇ ਮਦਦ ਕੀਤੀ।

ਗੁਰਪ੍ਰੀਤ ਨੇ ਯਾਦ ਕੀਤਾ - ਸ਼ੁਰੂਆਤੀ ਮੀਟਿੰਗਾਂ ਵਿੱਚ ਚੰਗੀ-ਖਾਸੀ ਭੀੜ ਹੁੰਦੀ ਸੀ। ਸਾਰੇ ਸਿੱਖ ਨੇਤਾ, ਗੁਰਦੁਆਰਾ ਪ੍ਰਬੰਧਕ ਤੇ ਹੋਰ ਵੀ ਉੱਥੇ ਮੌਜੂਦ ਹੁੰਦੇ ਸਨ ਅਤੇ ਸਾਰੇ ਸਮਰਥਨ ਕਰਦੇ ਸਨ। ਉਸ ਸਮੇਂ ਪੰਨੂ ਆਪਣੇ ਆਪ ਨੂੰ ਸੇਵਾਦਾਰ ਵਾਂਗ ਪੇਸ਼ ਕਰਦਾ ਸੀ, ਉਸ ਵੇਲੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅੱਗੇ ਜਾ ਕੇ ਇੰਨੇ ਵੱਡੇ ਮਤਭੇਦ ਹੋਣਗੇ।

SFJ ਦੇ ਸ਼ੁਰੂਆਤੀ ਸਾਲ ਭਾਰਤੀ ਲੀਡਰਾਂ ਵਿਰੁੱਧ ਹਾਈ-ਪ੍ਰੋਫ਼ਾਈਲ ਕਾਨੂੰਨੀ ਕਾਰਵਾਈਆਂ ਨਾਲ ਭਰੇ ਰਹੇ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਵਰਗੇ ਭਾਰਤੀ ਨੇਤਾਵਾਂ ਦੇ ਖਿਲਾਫ ਵਿਦੇਸ਼ਾਂ ਵਿੱਚ ਦਰਜ ਮਾਮਲੇ ਵੀ ਸ਼ਾਮਲ ਸਨ। ਪਰ ਗੁਰਪ੍ਰੀਤ ਦੇ ਮੁਤਾਬਕ, ਇਨ੍ਹਾਂ ਦਰਜ ਮੁਕੱਦਮਿਆਂ ਦੇ ਨਤੀਜਿਆਂ ਬਾਰੇ ਕਦੇ ਵੀ ਕਮਿਊਨਿਟੀ ਨੂੰ ਨਹੀਂ ਦੱਸਿਆ ਗਿਆ। ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਝਟਕਾ 2015 ਵਿੱਚ ਲੱਗਾ, ਜਦੋਂ SFJ ਨੇ ਸਿੱਖਾਂ ਦੇ ਹੱਕਾਂ ਲਈ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕਰਨ ਲਈ ਸਿੱਖ ਭਾਈਚਾਰੇ ਦੇ ਪੇਪਰਾਂ 'ਤੇ ਦਸਤਖ਼ਤ ਇਕੱਠੇ ਕੀਤੇ। ਉਸ ਨੇ ਦੋਸ਼ ਲਾਇਆ ਕਿ ਲੱਖਾਂ ਦਸਤਖ਼ਤ, ਇੱਥੋਂ ਤੱਕ ਕਿ ਅੰਗੂਠੇ ਦੇ ਨਿਸ਼ਾਨ ਵੀ ਇਕੱਠੇ ਕੀਤੇ ਗਏ ਸਨ। ਉਹਨਾਂ ਨੂੰ ਸਵਿਟਜ਼ਰਲੈਂਡ ਜਮਾ ਕਰਵਾਉਣਾ ਸੀ, ਪਰ ਉਨ੍ਹਾਂ ਪੇਪਰਾਂ ਨੂੰ ਉਥੋਂ ਦੇ ਹੋਟਲ ਵਿੱਚ ਹੀ ਪਿਆ ਰਹਿਣ ਦਿੱਤਾ ਗਿਆ । ਉਸ ਵੇਲੇ ਕਿਹਾ ਗਿਆ ਸੀ ਕਿ ਪੇਪਰਾਂ ਜਮ੍ਹਾਂ ਕਰਵਾ ਦਿੱਤੇ ਹਨ।

ਅਜਿਹੀਆਂ ਘਟਨਾਵਾਂ ਕਾਰਨ ਕਾਰਕੁਨਾਂ ਦੇ ਅੰਦਰ ਸ਼ੱਕ ਪੈਦਾ ਹੋਣ ਲੱਗਾ। ਸਾਥੀ ਕਹਿੰਦੇ ਸਨ, "ਅਸੀਂ ਰੇਤ ਦੇ ਕਿਲੇ ਨਹੀਂ ਬਣਾ ਸਕਦੇ... ਸਾਨੂੰ ਜਵਾਬ ਚਾਹੀਦਾ ਹੈ। ਪਰ ਪੰਨੂ ਕਿਸੇ ਨੂੰ ਜਵਾਬ ਨਹੀਂ ਦਿੰਦਾ ਸੀ।" 

ਗੁਰਪ੍ਰੀਤ ਨੇ ਹਾਲ ਹੀ ਵਿੱਚ ਅਲੱਗ ਹੋਣ ਦਾ ਫੈਸਲਾ ਕੀਤਾ, ਜਿਸਨੂੰ ਉਹ ਸਾਲਾਂ ਤੋਂ ਵੱਧ ਰਹੇ ਤਣਾਅ ਦੇ ਰੂਪ ਵਿੱਚ ਦਰਸਾਉਂਦੇ ਹਨ। ਉਹ ਕਹਿੰਦੇ ਹਨ, “ਹੌਲੀ-ਹੌਲੀ ਇਹ ਤਣਾਅ ਸ਼ੁਰੂ ਹੋਇਆ, ਫਿਰ ਉਹ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਲੱਗੇ।“ SFJ ਵਿੱਚ ਗੁਰਪ੍ਰੀਤ ਨੇ ਮੀਡੀਆ ਸਲਾਹਕਾਰ ਵਜੋਂ ਸਪੱਸ਼ਟ ਭੂਮਿਕਾ ਨਿਭਾਈ। ਉਹ ਭਾਸ਼ਣ ਦਿੰਦੇ, ਵੀਡੀਓ ਬਣਾਉਂਦੇ ਅਤੇ ਮੁੱਦੇ ਨੂੰ ਰਾਜਨੀਤਕ ਤੇ ਧਾਰਮਿਕ ਦੋਵੇਂ ਤੌਰ ’ਤੇ ਪੇਸ਼ ਕਰਦੇ। ਗੁਰਪ੍ਰੀਤ ਲਈ ਇਹ ਵੰਡ ਵਿਚਾਰਧਾਰਕ ਸੀ। ਉਨ੍ਹਾਂ ਕਿਹਾ ਕਿ ਪੰਨੂੰ ਨੇ ਮੈਨੂੰ ਸਵਾਲ ਕੀਤਾ, "ਤੂੰ ਖ਼ਾਲਿਸਤਾਨ ਚਾਹੁੰਦਾ ਹੈਂ ਜਾਂ ਸਿੱਖ?" ਅਤੇ ਮੈਂ ਕਿਹਾ,”ਖ਼ਾਲਿਸਤਾਨ ਨਾਲੋਂ ਸਿੱਖ ਧਰਮ ਨੂੰ ਮੈਂ ਹਜ਼ਾਰ ਗੁਣਾ ਵੱਧ ਮਹੱਤਵ ਦਿੰਦਾ ਹਾਂ। ਮੇਰੇ ਲਈ ਸਿੱਖ ਧਰਮ ਮਹੱਤਵਪੂਰਨ ਹੈ, ਖ਼ਾਲਸਾਈ ਪਰੰਪਰਾਵਾਂ ਤੇ ਕਦਰਾਂ-ਕੀਮਤਾਂ ਮਹੱਤਵਪੂਰਨ ਹਨ।“

ਜਦੋਂ ਗੁਰਪ੍ਰੀਤ ਸਿੰਘ ਨੂੰ ਪੰਨੂ ਦਾ ਨਿੱਜੀ ਰੂਪ ਵਿੱਚ ਵਰਣਨ ਕਰਨ ਲਈ ਕਿਹਾ ਗਿਆ, ਤਾਂ ਉਹਨਾਂ ਦੇ ਸ਼ਬਦ ਸਪੱਸ਼ਟ ਸਨ। ਉਹਨਾਂ ਕਿਹਾ ਕਿ ਪੰਨੂ ਦਾ ਸੁਭਾਉ ਹੰਕਾਰ ਵਾਲਾ ਹੈ। ਉਹ ਬਾਹਰੋਂ ਕਹਿੰਦਾ ਹੈ ਕਿ "ਮੈਂ ਤੁਹਾਡਾ ਨੇਤਾ ਨਹੀਂ ਹਾਂ", ਪਰ ਅੰਦਰੋਂ ਨੇਤਾ ਬਣਨਾ ਚਾਹੁੰਦਾ ਹੈ।“

ਗੁਰਪ੍ਰੀਤ ਸਿੰਘ ਅਨੁਸਾਰ, SFJ ਨੂੰ ਮਹੀਨਾਵਾਰ ਭੁਗਤਾਨ ਯੋਜਨਾਵਾਂ ਰਾਹੀਂ ਪਰਵਾਸੀ ਸਿੱਖਾਂ ਵੱਲੋਂ ਪੈਸਾ ਮਿਲਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉੁਹਨਾਂ ਨੇ ਇਹ ਵੀ ਕਿਹਾ, “ਅਸੀਂ ਸੁਣਿਆ ਹੈ ਕਿ ਉਸਨੂੰ ਪਾਕਿਸਤਾਨ ਤੋਂ ਪੈਸਾ ਮਿਲਦਾ ਹੈ... ਇਹ ਹੋ ਵੀ ਸਕਦਾ ਹੈ... ਸੰਭਵ ਹੈ ਕਿ ਉਹ ਦੋਵਾਂ ਏਜੰਸੀਆਂ ਨਾਲ ਖੇਡ ਰਿਹਾ ਹੈ।“

ਸਿੰਘ ਨੇ ਦੋਸ਼ ਲਾਇਆ, “ਪੰਨੂੰ ਦੇ ਕਹਿਣ 'ਤੇ ਭਾਰਤ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਨੌਜਵਾਨਾਂ ਨੂੰ ਆਰਥਿਕ ਇਨਾਮ ਜਾਂ ਬਾਹਰ ਕੱਢਣ ਲਈ ਸੁਰੱਖਿਅਤ ਰਸਤੇ ਦੇ ਵਾਅਦੇ ਅਕਸਰ ਅਧੂਰੇ ਰਹਿ ਜਾਂਦੇ ਹਨ। ਇੱਕ ਵਾਰ ਕੰਧਾਂ 'ਤੇ ਪੇਂਟਿੰਗ ਅਤੇ ਨਾਅਰੇ ਲਾਉਣ ਵਰਗੇ ਕੰਮ ਹੋ ਜਾਣ ਤੋਂ ਬਾਅਦ... ਜਦੋਂ ਉਹ ਲੋਕ ਨੇਪਾਲ ਪਹੁੰਚ ਜਾਂਦੇ ਤਾਂ ਹੈਰਾਨਗੀ ਹੁੰਦੀ ਕਿ ਉਨ੍ਹਾਂ ਦਾ ਇੰਤਜਾਰ ਨੇਪਾਲ ਵਿੱਚ ਪੰਜਾਬ ਪੁਲਿਸ ਕਰ ਰਹੀ ਹੁੰਦੀ। ਪਰ ਪੰਨੂ ਨੇ ਕਦੇ ਵੀ ਅਜਿਹੇ ਨੌਜਵਾਨਾਂ ਦੀ ਨਾ ਜੁੰਮੇਵਾਰੀ ਲਈ ਤੇ ਨਾ ਹੀ ਕੇਸ ਲੜੇ ।" 

ਗੁਰਪ੍ਰੀਤ ਸਿੰਘ ਨੇ ਕੈਨੇਡੀਅਨ ਸਿੱਖ ਨੇਤਾ ਹਰਦੀਪ ਸਿੰਘ ਨਿੱਝਰ ਦੀ 2023 ਵਿੱਚ ਹੋਈ ਹੱਤਿਆ ਬਾਰੇ ਗੱਲ ਕੀਤੀ ਜਿਸ ਦੀ ਵਿਸ਼ਵ ਪੱਧਰ ’ਤੇ ਚਰਚਾ ਹੋਈ ਸੀ। ਸਿੰਘ ਨੇ ਖੁਲਾਸਾ ਕਰਦਿਆਂ ਨਿੱਝਰ ਦੇ ਵਿਚਾਰਾਂ ਦੀ ਤੁਲਨਾ ਪੰਨੂ ਨਾਲ ਕੀਤੀ ਅਤੇ ਕਿਹਾ, " ਨਿੱਝਰ ਸਿੱਖ ਧਰਮ ਦੇ ਨੇੜੇ ਸਨ... ਉਹ ਸੱਚੇ ਖ਼ਾਲਸੇ ਸਨ। ਦੂਜੇ ਪਾਸੇ, ਪੰਨੂ ਕਹਿੰਦਾ ਸੀ ਕਿ ਜੇ ਕੋਈ ਚੋਰ ਵੀ ਸਾਨੂੰ ਖ਼ਾਲਿਸਤਾਨ ਦਵਾ ਦੇਵੇ, ਤਾਂ ਅਸੀਂ ਲੈ ਲਵਾਂਗੇ। ਜਿਸ ਬਾਰੇ ਮੈਨੂੰ ਹਮੇਸ਼ਾਂ ਸਖਤ ਇਤਰਾਜ ਰਿਹਾ।“

ਸਿੰਘ ਦਾ ਸਭ ਤੋਂ ਵੱਡਾ ਖੁਲਾਸਾ SFJ ਦੀ ਸਿੱਖ ਰੈਫਰੈਂਡਮ ਮੁਹਿੰਮ ਬਾਰੇ ਸੀ। ਉਹਨਾਂ ਕਿਹਾ, "ਰੈਫਰੈਂਡਮ ਦੋ ਤਰ੍ਹਾਂ ਦੇ ਹੁੰਦੇ ਹਨ— ਲਾਜ਼ਮੀ ਅਤੇ ਗੈਰ-ਲਾਜ਼ਮੀ। SFJ ਜੋ ਕਰ ਰਹੀ ਹੈ ਉਹ ਗੈਰ-ਲਾਜ਼ਮੀ ਹੈ। ਇਸ ਪ੍ਰਕਿਰਿਆ ਵਿੱਚ ਕੋਈ ਭਰੋਸੇਯੋਗਤਾ ਨਹੀਂ।"

ਪੰਨੂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਬਾਵਜੂਦ, ਗੁਰਪ੍ਰੀਤ ਨੇ ਜ਼ੋਰ ਦੇਕੇ ਕਿਹਾ ਕਿ SFJ ਵੱਲੋਂ ਸਿੱਖਾਂ ਵਿੱਚ ਰੈਫਰੈਂਡਮ ਦੇ ਸਮਰਥਨ ..ਵਧਾ-ਚੜ੍ਹਾ ਕੇ ਦੱਸਿਆ ਗਿਆ ਹੈ। ਸਿੱਖ ਪੰਨੂ ਨੂੰ ਮੰਨਦੇ ਹੀ ਨਹੀਂ... ਉਹ ਉਸਨੂੰ 'ਪੋਨੀਟੇਲ ਵਾਲਾ' ਕਹਿੰਦੇ ਹਨ। ਇਹ ਸਭ ਤੋਂ ਘਟੀਆ ਟਿੱਪਣੀ ਹੈ ਜੋ ਕਿਸੇ 'ਤੇ ਹੋ ਸਕਦੀ ਹੈ।"

ਛੇ ਮਹੀਨੇ ਪਹਿਲਾਂ SFJ ਛੱਡਣ ਤੋਂ ਬਾਅਦ, ਗੁਰਪ੍ਰੀਤ ਸਿੰਘ ਕਹਿੰਦਾ ਹੈ ਕਿ ਹੁਣ ਉਨ੍ਹਾਂ ਦਾ ਮਿਸ਼ਨ ਸਿੱਖ ਪਛਾਣ ਦੀਆਂ ਅਧਿਆਤਮਕ ਨੀਂਹਾਂ ਨੂੰ ਮੁੜ ਸੁਰਜੀਤ ਕਰਨਾ ਹੈ। "ਅਸੀਂ ਲੋਕਾਂ ਨੂੰ ਆਪਣੀਆਂ ਕਮਜ਼ੋਰੀਆਂ ਤੋਂ ਅਗਾਹ ਕਰ ਰਹੇ ਹਾਂ... ਅਤੇ ਖ਼ਾਲਸੇ ਦਾ ਸੱਚਾ ਸੰਦੇਸ਼ ਪਹੁੰਚਾ ਰਹੇ ਹਾਂ। ਖ਼ਾਲਸਾ ਜ਼ਮੀਨ ਦੇ ਟੁਕੜਿਆਂ ਲਈ ਨਹੀਂ ਲੜਦਾ। ਖ਼ਾਲਸਾ ਵਿਸ਼ਵ ਸ਼ਾਂਤੀ, ਅਖੰਡਤਾ ਅਤੇ ਖੁਸ਼ਹਾਲੀ ਲਈ ਲੜਦਾ ਹੈ।"

ਉਹਨਾਂ ਨੇ ਪਰਵਾਸੀ ਭਾਈਚਾਰੇ ਨੂੰ ਸਿੱਧੀ ਅਪੀਲ ਕੀਤੀ, "ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕਿ ਉਹ ਅਸਲ ਖ਼ਾਲਸੇ ਬਣ ਜਾਣ। ਜਦੋਂ ਅਸੀਂ ਪਵਿੱਤਰ ਹੋ ਜਾਵਾਂਗੇ... ਜਦੋਂ ਅਸੀਂ ਖ਼ਾਲਸੇ ਬਣ ਜਾਵਾਂਗੇ, ਤਾਂ ਸਾਡੀਆਂ ਵੱਡੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।"

ਇਹ ਇੰਟਰਵਿਊ ਐਸਐਫਜੇ ਬਾਰੇ ਵਿਰਲਾ ਅੰਦਰੂਨੀ ਨਜ਼ਰੀਆ ਪੇਸ਼ ਕਰਦੀ ਹੈ ਜਿਸਨੇ ਵੱਖ-ਵੱਖ ਦੇਸ਼ਾਂ ਵਿੱਚ ਸਮਰਥਨ ਅਤੇ ਵਿਰੋਧ ਦੋਵੇਂ ਵੇਖੇ ਹਨ। ਗੁਰਪ੍ਰੀਤ ਸਿੰਘ ਦੀ ਇਹ ਇੰਟਰਵਿੳ ਪ੍ਰੋੜਤਾ ਕਰਦੀ ਹੈ ਕਿ ਐਸਐਫਜੇ ਦੇ ਕੁਝ ਪੁਰਾਣੇ ਮੈਂਬਰ ਸੰਸਥਾ ਨਾਲੋ ਵੱਖ ਕਿਉਂ ਹੋਰ ਰਹੇ ਹਨ ਅਤੇ ਰਾਜਨੀਤਕ ਸਰਗਰਮੀ ਅਤੇ ਧਾਰਮਿਕ ਕਦਰਾਂ-ਕੀਮਤਾਂ ਵਿਚਾਲੇ ਤਣਾਅ ਕਿਵੇਂ ਵਧ ਰਿਹਾ ਹੈ।

ਗੁਰਪ੍ਰੀਤ ਸਿੰਘ ਨਿਹੰਗ ਕਹਿੰਦੇ ਹਨ, “ਮੇਰੇ ਵਿੱਚ ਸੱਚ ਬੋਲਣ ਦੀ ਹਿੰਮਤ ਕਾਰਨ ਮੇਰੇ ਲਈ ਅੱਗੇ ਦਾ ਰਸਤਾ ਰੈਫਰੈਂਡਮ ਜਾਂ ਭੜਕਾਊ ਨਾਅਰੇ ਨਹੀਂ, ਸਗੋਂ ਸਿੱਖ ਗੁਰੂਆਂ ਦੇ ਸਿਧਾਂਤਾਂ ਵੱਲ ਵਾਪਸੀ ਦਾ ਹੈ।“

Comments

Related

ADVERTISEMENT

 

 

 

ADVERTISEMENT

 

 

E Paper

 

 

 

Video