ADVERTISEMENTs

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ

ਪਿੰਡਾਂ ਵਿੱਚ ਪਹੁੰਚ ਕੇ ਪੀੜਤਾਂ ਦੀਆਂ ਮੁਸਕਲਾਂ ਸੁਣੀਆਂ ਤੇ ਰਾਹਤ ਸਮੱਗਰੀ ਵੰਡੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਰਾਵੀ ਦਰਿਆ ਨਾਲ ਲਗਦੇ ਹਲਕਾ ਰਮਦਾਸ ਤੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੀਆਂ ਮੁਸਕਲਾਂ ਸੁਣੀਆਂ ਅਤੇ ਮੁੱਢਲੀਆਂ ਲੋੜਾਂ ਲਈ ਆਪ ਪਿੰਡਾਂ ਵਿਚ ਜਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਵੰਡੀ। ਇਨ੍ਹਾਂ ਇਲਾਕਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬਾਨ ਵੱਲੋਂ ਲੰਗਰ ਅਤੇ ਜ਼ਰੂਰੀ ਵਸਤਾਂ ਦੀਆਂ ਸੇਵਾਵਾਂ ਜਿਥੇ ਪਹਿਲਾਂ ਹੀ ਲਗਾਤਾਰ ਜਾਰੀ ਹਨ, ਉਥੇ ਹੀ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਵਿਸ਼ੇਸ਼ ਤੌਰ ’ਤੇ ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ਲਈ ਆਏ ਸਨ ਅਤੇ ਉਨ੍ਹਾਂ ਨੇ ਚੱਲ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। 

ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਤੋਂ ਡੇਰਾ ਬਾਬਾ ਨਾਨਕ ਹਲਕੇ ਲਈ ਅੱਜ ਭੇਜੀ ਰਾਹਤ ਸਮੱਗਰੀ ਵਿੱਚ 150 ਕੁਇੰਟਲ ਆਟਾ, 30 ਕੁਇੰਟਲ ਦਾਲਾਂ, 5000 ਪੇਟੀ ਪਾਣੀ ਅਤੇ ਹੋਰ ਜ਼ਰੂਰੀ ਵਸਤਾਂ ਸ਼ਾਮਲ ਸਨ। ਇਸੇ ਤਰ੍ਹਾਂ ਰਮਦਾਸ ਏਰੀਏ ਵਿੱਚ ਵੀ ਦੋ ਟਰੱਕ ਰਾਹਤ ਸਮੱਗਰੀ ਲੋਕਾਂ ਤੱਕ ਪਹੁੰਚਾਈ ਗਈ।

ਇਸ ਮੌਕੇ ਮੀਡੀਏ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਲੋਕਾਂ ਦਾ ਜਿਥੇ ਵਡਾ ਮਾਲੀ ਨੁਕਸਾਨ ਹੋਇਆ ਹੈ, ਉਥੇ ਹੀ ਰੋਜ਼ਮਰਾ ਦਾ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਮੁਸੀਬਤ ਸਮੇਂ ਲੋਕਾਂ ਦੇ ਨਾਲ ਖੜ੍ਹਨਾਂ ਆਪਣਾ ਫਰਜ਼ ਸਮਝਦੀ ਹੈ ਅਤੇ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਹਿਲਾਂ ਹੀ ਵੱਖ ਵੱਖ ਗੁਰਦੁਆਰਾ ਸਾਹਿਬਾਨ ਅੰਦਰ ਰਿਹਾਇਸ਼, ਲੰਗਰ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਅਤੇ ਹੁਣ ਸ਼੍ਰੋਮਣੀ ਕਮੇਟੀ ਮੁਲਾਜ਼ਮ ਪੀੜਤਾਂ ਤੱਕ ਪਹੁੰਚ ਕੇ ਸੇਵਾਵਾਂ ਨਿਭਾ ਰਹੇ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video